ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਉਪ-ਚੋਣ ਲਈ ਵੀਰਵਾਰ ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤੱਕ ਹੋਈ ਵੋਟਿੰਗ ਦੀ ਸਮਾਪਤੀ ਦੇ ਨਾਲ, ਚੋਣ ਲੜ ਰਹੇ 14 ਉਮੀਦਵਾਰਾਂ ਦਾ ਰਾਜਨੀਤਿਕ ਭਵਿੱਖ ਈਵੀਐਮ ਵਿੱਚ ਕੈਦ ਹੋ ਗਿਆ ਹੈ। ਇਸ ਉਪ-ਚੋਣ ਵਿੱਚ ਮੁੱਖ-ਮੁਕਾਬਲਾ ‘ਆਪ’ ਦੇ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਭਾਜਪਾ ਦੇ ਜੀਵਨ ਗੁਪਤਾ ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਵਿਚਕਾਰ ਹੈ। ਇਸ ਉਪ ਚੋਣ ਦਾ 23 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਤੁਰੰਤ ਬਾਅਦ ਨਤੀਜਾ ਐਲਾਨਿਆ ਜਾਵੇਗਾ। ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਬੱਸੀ ਦੀ ਮੌਤ ਕਾਰਨ ਖਾਲੀ ਹੋਈ ਸੀ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸ਼ਾਮ 7 ਵਜੇ ਤੱਕ 51.33 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਹੋਈ। ਉਨ੍ਹਾਂ ਦੱਸਿਆ ਕਿ ਪਹਿਲੇ ਦੋ ਘੰਟਿਆਂ (ਸਵੇਰੇ 7 ਵਜੇ ਤੋਂ 9 ਵਜੇ ਤੱਕ) ਵਿੱਚ ਵੋਟਿੰਗ ਪ੍ਰਤੀਸ਼ਤਤਾ 8.5 ਪ੍ਰਤੀਸ਼ਤ ਸੀ, ਸਵੇਰੇ 11 ਵਜੇ ਤੱਕ 21.51 ਪ੍ਰਤੀਸ਼ਤ ਰਹੀ ਅਤੇ ਦੁਪਹਿਰ 1 ਵਜੇ ਤੱਕ 33.42 ਫੀਸਦੀ ਵੋਟਿੰਗ, 3 ਵਜੇ ਤੱਕ 41.04 ਫੀਸਦੀ, ਜਦਕਿ 5 ਵਜੇ ਤੱਕ 49.7 ਫੀਸਦੀ ਅਤੇ ਸ਼ਾਮ 7 ਵਜੇ ਤੱਕ 51.33 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਪੱਛਮੀ ਦੇ ਸੂਝਵਾਨ ਵੋਟਰਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਸੀ ਕਿ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਲਈ ਜਾਣ। ਆਪਣੇ ਇਲਾਕੇ ਦੇ ਵਿਕਾਸ ਅਤੇ ਤਰੱਕੀ ਲਈ ਤੁਸੀਂ ਆਪਣਾ ਬਣਦਾ ਫ਼ਰਜ਼ ਨਿਭਾਇਓ। ਅੱਜ ਦੇ ਦਿਨ ਨੂੰ ਛੁੱਟੀ ਵਾਲਾ ਦਿਨ ਨਾ ਸਮਝਿਓ, ਵੋਟ ਪਾਉਣ ਜ਼ਰੂਰ ਜਾਇਓ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਇਸ ਉਪਚੋਣ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ, ‘ਈਵੀਐੱਮ ਦੀ ਪਹਿਲੇ ਲੈਵਲ ਦੀ ਜਾਂਚ 03.02.25 ਤੋਂ 06.02.2025 ਨੂੰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਕੀਤੀ ਗਈ ਸੀ। ਕਮਿਸ਼ਨਿੰਗ ਦੀ ਪ੍ਰਕਿਰਿਆ 10-06-2025 ਨੂੰ ਉਮੀਦਵਾਰਾਂ/ਉਨ੍ਹਾਂ ਦੇ ਅਧਿਕਾਰਤ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਹਰੇਕ ਪੜਾਅ ‘ਤੇ, ਈਵੀਐਮ ‘ਤੇ ਮੌਕ ਡ੍ਰਿਲ ਕਰਵਾਈ ਗਈ ਅਤੇ ਨਤੀਜਿਆਂ ਦੀ ਜਾਂਚ ਵੀਵੀਪੀਏਟੀ ਸਲਿੱਪਾਂ ਨਾਲ ਕੀਤੀ ਗਈ। ਪੋਲਿੰਗ ਬੂਥਾਂ ਨੂੰ ਈਵੀਐਮ ਦੀ ਵੰਡ ਉਮੀਦਵਾਰਾਂ/ਉਨ੍ਹਾਂ ਦੇ ਅਧਿਕਾਰਤ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ 2 ਪੜਾਵਾਂ ਦੀ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਰਾਹੀਂ ਕੀਤੀ ਗਈ। ਪੋਲਿੰਗ ਬੂਥਾਂ ‘ਤੇ ਤਾਇਨਾਤ ਕੀਤੀਆਂ ਜਾਣ ਵਾਲੀਆਂ ਈਵੀਐੱਮ ਮਸ਼ੀਨਾਂ ਦੀ ਸੂਚੀ ਪਹਿਲਾਂ ਹੀ ਚੋਣ ਲੜ ਰਹੇ ਉਮੀਦਵਾਰਾਂ ਨਾਲ ਸਾਂਝੀ ਕੀਤੀ ਗਈ ਸੀ। ਵੋਟਰ ਸੂਚੀਆਂ ਦੀ ਸੰਖੇਪ ਸੋਧ ਤੋਂ ਲੈ ਕੇ ਵੋਟਿੰਗ ਤੱਕ ਮੁੱਖ ਚੋਣ ਅਧਿਕਾਰੀ ਨਾਲ 2, ਜ਼ਿਲ੍ਹਾ ਚੋਣ ਅਧਿਕਾਰੀ ਨਾਲ 3 ਅਤੇ ਈਆਰਓ/ਆਰਓ ਪੱਧਰ ‘ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੁੱਲ 2 ਮੀਟਿੰਗਾਂ ਕੀਤੀਆਂ ਗਈਆਂ। ਚੋਣ ਕਮਿਸ਼ਨ ਦੇ ਸੋਧੇ ਹੋਏ ਨਿਰਦੇਸ਼ਾਂ ਅਨੁਸਾਰ ਚੋਣ ਕਮਿਸ਼ਨ ਨੇ ਚੋਣ ਦਫ਼ਤਰ ਦੇ ਉਮੀਦਵਾਰਾਂ/ਨੁਮਾਇੰਦਿਆਂ ਨਾਲ ਵੱਖ-ਵੱਖ ਚੱਲ ਰਹੀਆਂ ਚੋਣ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਉਣ ਲਈ ਕਈ 2 ਮੀਟਿੰਗਾਂ ਕੀਤੀਆਂ। ਚੋਣ ਕਮਿਸ਼ਨ ਦੀਆਂ ਸੋਧੀਆਂ ਹਦਾਇਤਾਂ ਅਨੁਸਾਰ ਉਮੀਦਵਾਰਾਂ ਨੂੰ ਪੋਲੰਿਗ ਬੂਥਾਂ ਦੇ ਪ੍ਰਵੇਸ਼ ਦੁਆਰ ਤੋਂ 100 ਮੀਟਰ ਦੀ ਦੂਰੀ ‘ਤੇ ਆਪਣੇ ਬੂਥ ਸਥਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਜੋ ਕਿ ਵੋਟਰਾਂ ਲਈ ਇੱਕ ਵਾਧੂ ਸਹੂਲਤ ਸੀ, ਖਾਸ ਕਰਕੇ ਉਨ੍ਹਾਂ ਲਈ ਜੋ ਆਪਣੀਆਂ ਵੋਟਰ ਜਾਣਕਾਰੀ ਸਲਿੱਪਾਂ ਨਹੀਂ ਲੈ ਕੇ ਗਏ ਸਨ। ਕੁੱਲ 239 ਵੋਟਰਾਂ, ਜਿਨ੍ਹਾਂ ਵਿਚ 85 ਸਾਲ ਦੀ ਉਮਰ ਤੋਂ ਵੱਧ ਦੇ ਵੋਟਰ ਅਤੇ ਦਿਵਿਆਂਗਾ ਨੇ ਘਰ ਤੋਂ ਵੋਟ ਪਾਉਣ ਦੀ ਇੱਛਾ ਜਤਾਈ ਸੀ, ਉਨ੍ਹਾਂ ਨੂੰ ਪੋਸਟਲ ਬੈਲਟ ਰਾਹੀਂ ਇਹ ਸਹੂਲਤ ਦਿੱਤੀ ਗਈ। ਇਹ ਪ੍ਰਕਿਰਿਆ ਉਮੀਦਵਾਰਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਵਿਸ਼ੇਸ਼ ਤੌਰ ‘ਤੇ ਸਮਰਪਿਤ ਟੀਮਾਂ ਦੁਆਰਾ ਪੂਰੀ ਕੀਤੀ ਗਈ। ਚੋਣ ਪ੍ਰਕਿਰਿਆਵਾਂ ‘ਤੇ ਨਜ਼ਰ ਰੱਖਣ ਲਈ, ਚੋਣ ਕਮਿਸ਼ਨ ਨੇ 1 ਜਨਰਲ ਆਬਜ਼ਰਵਰ, 1 ਪੁਲਿਸ ਆਬਜ਼ਰਵਰ ਅਤੇ 1 ਖਰਚਾ ਆਬਜ਼ਰਵਰ ਵੀ ਨਿਯੁਕਤ ਕੀਤੇ ਸਨ। ਇਸ ਹਲਕੇ ਵਿੱਚ ਕੁੱਲ 1,75,469 ਵੋਟਰ ਹਨ ਅਤੇ ਵੋਟਿੰਗ ਲਈ 194 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਇਨ੍ਹਾਂ ਵਿੱਚੋਂ 90088 ਪੁਰਸ਼, 85371 ਔਰਤਾਂ ਅਤੇ 10 ਟਰਾਂਸਜੈਂਡਰ ਵੋਟਰ ਸ਼ਾਮਲ ਹਨ। ਵੋਟਰਾਂ ਦੀ ਸਹੂਲਤ ਲਈ ਮਾਡਲ ਅਤੇ ਹਰੇ ਪੋਲੰਿਗ ਬੂਥ ਬਣਾਏ ਗਏ ਸਨ। ਅਪਾਹਜਾਂ ਅਤੇ ਔਰਤਾਂ ਲਈ ਵੱਖਰੇ ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਵੋਟਿੰਗ ਲਈ ਕੁੱਲ 776 ਪੋਲਿੰਗ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਸ਼ਾਂਤੀਪੂਰਨ ਵੋਟਿੰਗ ਅਤੇ ਸੁਰੱਖਿਆ ਪ੍ਰਬੰਧਾਂ ਲਈ ਇੱਕ ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ। ਕੋਵਿਡ ਦੇ ਮੱਦੇਨਜ਼ਰ, ਪੋਲਿੰਗ ਸਟੇਸ਼ਨਾਂ ‘ਤੇ ਮਾਸਕ ਅਤੇ ਸੈਨੇਟਾਈਜ਼ਰ ਦਾ ਪ੍ਰਬੰਧ ਕੀਤਾ ਗਿਆ ਸੀ।ਨਾਗਰਿਕਾਂ ਤੋਂ ਸੀ-ਵਿਜਿਲ ਐਪ ਰਾਹੀਂ 1512 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ 1342 ਦਾ 100 ਮਿੰਟਾਂ ਦੇ ਸਮੇਂ ਦੇ ਅੰਦਰ ਹੱਲ ਕਰ ਦਿੱਤਾ ਗਿਆ। 23 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਤੁਰੰਤ ਬਾਅਦ ਨਤੀਜਾ ਐਲਾਨਿਆ ਜਾਵੇਗਾ।’
ਲੁਧਿਆਣਾ ਪੱਛਮੀ ਉਪ ਚੋਣ ਦਾ 23 ਜੂਨ ਨੂੰ ਆਉਣ ਵਾਲਾ ਨਤੀਜਾ ‘ਆਪ’ ਦੀ ਰਾਜਨੀਤਿਕ ਦਿਸ਼ਾ ਵੀ ਤੈਅ ਕਰੇਗਾ। ‘ਆਪ’ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਜੇ ਜਿੱਤੇ ਤਾਂ ‘ਆਪ’ ਵਰਕਰਾਂ ਦਾ ਮਨੋਬਲ ਵਧੇਗਾ। ਆਪ ਦੇ ਸੰਜੀਵ ਅਰੋੜਾ ਦੇ ਚੋਣ ਜਿੱਤਣ ਨਾਲ ਰਾਜ ਸਭਾ ਵਿੱਚ ਪੰਜਾਬ ਦੀ ਇੱਕ ਸੀਟ ਖਾਲੀ ਹੋ ਜਾਵੇਗੀ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜਾਂ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਪੰਜਾਬ ਤੋਂ ਸੰਸਦ ਵਿੱਚ ਦਾਖਲ ਹੋ ਸਕਦੇ ਹਨ।
ਇਸ ਦੇ ਨਾਲ ਹੀ ਜੇਕਰ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਜੋ ਇਸ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ, ਜਿੱਤਦੇ ਹਨ, ਤਾਂ ਇਹ ਨਾ ਸਿਰਫ ਉਨ੍ਹਾਂ ਦੇ ਰਾਜਨੀਤਿਕ ਕਰੀਅਰ ਲਈ ਇੱਕ ਬੂਸਟਰ ਖੁਰਾਕ ਸਾਬਤ ਹੋਵੇਗਾ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਨੀਂਹ ਨੂੰ ਵੀ ਮਜ਼ਬੂਤ ਕਰੇਗਾ।
ਰਾਜਨੀਤਿਕ ਮਾਹਿਰਾਂ ਅਨੁਸਾਰ ਉਪ ਚੋਣਾਂ ਹਮੇਸ਼ਾ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਹੁੰਦੀਆਂ ਹਨ ਪਰ 2024 ਵਿੱਚ ਹੋਈ ਉਪ ਚੋਣ ਵਿੱਚ ‘ਆਪ’ ਨੂੰ ਸੱਤਾ ਵਿੱਚ ਰਹਿੰਦੇ ਹੋਏ ਬਰਨਾਲਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਬਰਨਾਲਾ ਉਪ ਚੋਣ ਵਿੱਚ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 2,157 ਵੋਟਾਂ ਨਾਲ ਹਰਾਇਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਵੀ ਸੀਐਮ ਭਗਵੰਤ ਮਾਨ ਦੇ ਗੜ੍ਹ, ਸੰਗਰੂਰ ਲੋਕ ਸਭਾ ਉਪ ਚੋਣ ਵਿੱਚ ਜੇਤੂ ਰਹੇ ਸਨ।