ਲੁਧਿਆਣਾ – ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਇਕ ਦਿਨ ਬੀਤ ਜਾਣ ਦੇ ਬਾਅਦ ਵੀ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਅਜੇ ਤਕ ਭੇਤ ਬਣੀ ਹੋਈ ਹੈ। ਬੰਬ ਧਮਾਕੇ ਵਾਲੀ ਥਾਂ ਤੇ ਮੌਜੂਦ ਕੇਂਦਰ ਅਤੇ ਸੂਬੇ ਦੀਆਂ ਏਜੰਸੀਆਂ ਨੇ ਮਲਬੇ ਦੇ ਕੁਝ ਨਮੂਨੇ ਇਕੱਠੇ ਕੀਤੇ। ਸੂਤਰਾਂ ਦਾ ਕਹਿਣਾ ਹੈ ਕਿ ਧਮਾਕੇ ਵਾਲੀ ਥਾਂ ਤੋਂ ਇਕ ਟੁੱਟਿਆ ਹੋਇਆ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮੋਬਾਈਲ ਫੋਨ ਮ੍ਰਿਤਕ ਦਾ ਹੀ ਹੋ ਸਕਦਾ ਹੈ । ਮੁੱਢਲੀ ਜਾਂਚ ਦੇ ਦੌਰਾਨ ਮ੍ਰਿਤਕ ਨੂੰ ਹੀ ਸ਼ੱਕੀ ਮੰਨਿਆ ਜਾ ਰਿਹਾ ਹੈ , ਕਿਉਂਕਿ ਤਫ਼ਤੀਸ਼ ਦੇ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕ ਜਾ ਤਾਂ ਵਿਸਫੋਟਕ ਲੈ ਕੇ ਜਾ ਰਿਹਾ ਸੀ ਜਾਂ ਉਹ ਆਤਮਘਾਤੀ ਹਮਲਾਵਰ ਹੋ ਸਕਦਾ ਹੈ। ਬੀਤੀ ਦੇਰ ਰਾਤ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੇ ਬੋਰਡ ਨੇ ਉਸ ਦਾ ਪੋਸਟਮਾਰਟਮ ਕੀਤਾ।ਲਾਸ਼ ਦੇ ਪੋਸਟ ਮਾਰਟਮ ਤੋਂ ਪਹਿਲੋਂ ਨੈਸ਼ਨਲ ਸਕਿਉਰਿਟੀ ਗਾਰਡਜ਼ (ਐੱਨਐੱਸਜੀ) ਦੀ ਟੀਮ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਲਾਸ਼ ਦਾ ਮੁਆਇਨਾ ਕੀਤਾ । ਜਾਂਚ ਦੇ ਦੌਰਾਨ ਪਤਾ ਇਹ ਵੀ ਲੱਗਾ ਹੈ ਕਿ ਮ੍ਰਿਤਕ ਦੀ ਸੱਜੀ ਬਾਂਹ ਤੇ ਖੰਡੇ ਦਾ ਟੈਟੂ ਬਣਿਆ ਹੋਇਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਅਹਿਮ ਸੁਰਾਗ ਹਾਸਲ ਕਰਨ ਲਈ ਕੁਝ ਟੈਟੂ ਬਣਾਉਣ ਵਾਲਿਆਂ ਨਾਲ ਸੰਪਰਕ ਕਰ ਰਹੀ ਹੈ। ਮ੍ਰਿਤਕ ਦੀ ਸ਼ਨਾਖਤ ਨਾ ਹੋਣ ਕਾਰਨ ਉਸ ਦੀ ਸਹੀ ਉਮਰ ਦਾ ਅੰਦਾਜ਼ਾ ਲਗਾਉਣ ਵਿੱਚ ਦਿੱਕਤ ਆ ਰਹੀ ਹੈ। ਫਿਲਹਾਲ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦੇਣ ਲਈ ਚੁੱਪੀ ਸਾਧੀ ਹੋਈ ਹੈ।