ਨਵੀਂ ਦਿੱਲੀ – ਭਾਰਤੀ ਚੋਣ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ ਮਤਦਾਨ 20 ਮਈ ਨੂੰ ਹੋਵੇਗਾ। ਇਸ ਦੌਰਾਨ ਅੱਠ ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਇਸ ਦੇ ਨਾਲ ਹੀ ਉੜੀਸਾ ਵਿਧਾਨ ਸਭਾ ਦੀਆਂ 35 ਸੀਟਾਂ ’ਤੇ ਵੀ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਕਿਹਾ , ‘‘ਪੰਜਵੇਂ ਗੇੜ ਵਿੱਚ, ਘੱਟੋ-ਘੱਟ 8.95 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਵੋਟਰਾਂ ਲਈ ਲਗਪਗ 94,732 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਲੋਕ ਸਭਾ ਚੋਣਾਂ ਦੇ ਆਖ਼ਰੀ ਤੇ ਸੱਤਵੇਂ ਗੇੜ ਲਈ ਮਤਦਾਨ ਪਹਿਲੀ ਜੂਨ ਨੂੰ ਹੋਵੇਗਾ, ਜਦਕਿ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ।’’ਪੰਜਵੇਂ ਗੇੜ ਦੀ ਵੋਟਿੰਗ ਦੌਰਾਨ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਅਤੇ ਸਮਿ੍ਰਤੀ ਇਰਾਨੀ ਸਮੇਤ ਜਿੱਥੇ ਪੰਜ ਕੇਂਦਰੀ ਮੰਤਰੀਆਂ ਦੀ ਕਿਸਮਤ ਦਾਅ ’ਤੇ ਲੱਗੀ ਹੋਈ ਹੈ, ਉਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਵੀ ਪ੍ਰੀਖਿਆ ਹੋਵੇਗੀ। ਯੂਪੀ ਵਿੱਚ ਪੰਜਵੇਂ ਗੇੜ ਦੌਰਾਨ 14 ਲੋਕ ਸਭਾ ਸੀਟਾਂ ਅਤੇ ਇੱਕ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਲਈ ਸੋਮਵਾਰ ਨੂੰ ਮਤਦਾਨ ਹੋਵੇਗਾ। ਇਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ-ਲਖਨਊ, ਕੇਂਦਰੀ ਮੰਤਰੀ ਸਮਿ੍ਰਤੀ ਇਰਾਨੀ-ਅਮੇਠੀ, ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ-ਮੋਹਨਲਾਲਗੰਜ, ਕੇਂਦਰੀ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ-ਜਲੌਨ, ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜੋਤੀ-ਫਤਿਹਪੁਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਜਦੋਂਕਿ ਰਾਹੁਲ ਗਾਂਧੀ ਰਾਏਬਰੇਲੀ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
