ਨਵੀਂ ਦਿੱਲੀ – ਲੋਕ ਸਭਾ ‘ਚ ‘ਚੋਣ ਕਾਨੂੰਨ’ (ਸੋਧ) ਬਿੱਲ, 2021 ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ‘ਚ ਆਧਾਰ ਨੂੰ ਵੋਟਰ ਲਿਸਟ ਨਾਲ ਜੋੜਨ ਦਾ ਪ੍ਰਬੰਧ ਹੈ। ਚੋਣ ਕਾਨੂੰਨ (ਸੋਧ) ਬਿੱਲ 2021 ਵੋਟਰ ਲਿਸਟ ਦੇ ਡੇਟਾ ਨੂੰ ਆਧਾਰ ਨਾਲ ਲਿੰਕ ਕਰਨ ਦੀ ਇਜਾਜ਼ਤ ਦਿੰਦਾ ਹੈ।ਉੱਥੇ ਹੀ ਰਾਜ ਸਭਾ ਦੇ 12 ਮੈਂਬਰਾਂ ਦੇ ਮੁਅੱਤਲ ਹੋਣ ਦੇ ਮੁੱਦੇ ਤੇ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਟੇਨੀ ਦੇ ਤੁਰੰਤ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧ ਸੰਸਦ ਦੇ ਦੋਵਾਂ ਸਦਨਾਂ ਵਿਚ ਜ਼ੋਰਦਾਰ ਹੰਗਾਮਾ ਕਰ ਰਿਹਾ ਹੈ। ਸੰਸਦ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਹੰਗਾਮੇ ਦੌਰਾਨ ਰਾਜ ਸਭਾ ਨੂੰ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੇ ਮੁਅੱਤਲੀ ਦੇ ਮੁੱਦੇ ‘ਤੇ ਚਰਚਾ ਕਰਨ ਲਈ ਬੁਲਾਈ ਗਈ ਸਰਕਾਰ ਦੀ ਮੀਟਿੰਗ ਦਾ ਬਾਈਕਾਟ ਕੀਤਾ ਸੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਾਂਗਰਸ, ਤ੍ਰਿਣਮੂਲ ਕਾਂਗਰਸ, ਸ਼ਿਵ ਸੈਨਾ, ਸੀਪੀਆਈ (ਐਮ) ਅਤੇ ਸੀਪੀਆਈ ਦੀ ਮੀਟਿੰਗ ਬੁਲਾਈ ਸੀ, ਜਿਨ੍ਹਾਂ ਦੇ ਸੰਸਦ ਮੈਂਬਰਾਂ ਨੂੰ ਪਿਛਲੇ ਮਹੀਨੇ ਪੂਰੇ ਸਰਦ ਰੁੱਤ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਵਿਰੋਧੀ ਧਿਰ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਹੈ ਕਿ ਅਸੀਂ ਸੰਸਦ ਦੇ ਦੋਵੇਂ ਸਦਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।
previous post