ਲੌਂਗੋਵਾਲ – ਇਲਾਕੇ ਦੇ ਲੋਕਾਂ ਨੇ ਪਿਛਲੇ ਦਿਨੀਂ ਚੋਰਾਂ ਅਤੇ ਨਸ਼ੇੜੀਆਂ ਤੋਂ ਤੰਗ ਆ ਕੇ ਲੌਂਗੋਵਾਲ ਥਾਣੇ ਦਾ ਘਿਰਾਓ ਕੀਤਾ ਸੀ, ਜਿਸ ਸਮੇਂ ਪੁਲਿਸ ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਇੱਕ ਹਫਤੇ ਵਿੱਚ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕਰ ਲਿਆ ਜਾਵੇਗਾ ਤੇ ਚੋਰ ਫੜ ਲਏ ਜਾਣਗੇ। ਪਰ ਉਸ ਤੋਂ ਤੀਸਰੇ ਦਿਨ ਹੀ ਦੁਬਾਰਾ ਚੋਰੀਆਂ ਸ਼ੁਰੂ ਹੋ ਗਈਆਂ ਹੁਣ ਤੱਕ ਕਰੀਬ ਸੱਤ ਅੱਠ ਚੋਰੀਆਂ ਹੋ ਚੁੱਕੀਆਂ ਹਨ। ਬੀਤੀ ਰਾਤ ਵੀ ਲੌਂਗੋਵਾਲ ਦੇ ਸ਼ਾਹਪੁਰ ਰੋਡ,ਗੱਟਾਂ ਦੇ ਕੋਠਿਆਂ ਚੋਂ ਅੱਠ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਚੋਰ ਵੱਢ ਕੇ ਲੈ ਗਏ। ਜਿਸ ਸਬੰਧੀ ਅੱਜ ਥਾਣਾ ਲੌਂਗੋਵਾਲ ਨੂੰ ਦਰਖਾਸਤ ਦਿੱਤੀ ਗਈ ਬੀਤੇ ਦਿਨ ਵੀ ਝਾੜੋਂ ਪੱਤੀ ਦੇ ਸ਼ਮਸ਼ਾਨ ਘਾਟ ਵਿੱਚੋਂ ਤਾਰ ਚੋਰੀ ਹੋ ਗਈ ਸੀ ਜਿਸ ਦੀ ਵੀ ਦਰਖਾਸਤ ਦਿੱਤੀ ਗਈ। ਲੇਕਿਨ ਪੁਲਿਸ ਨੂੰ ਕੋਈ ਸਫਲਤਾ ਨਹੀਂ ਮਿਲੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਇਕਾਈ ਦੇ ਮੀਤ ਪ੍ਰਧਾਨ ਰਾਏ ਸਿੰਘ, ਹਰਦੀਪ ਸਿੰਘ ਮਹਿਮੇ ਕਾ ਅਤੇ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ ਕਿਸਾਨ ਆਪੋ ਆਪਣੇ ਖੇਤ ਗਏ ਤਾਂ ਉਹਨਾਂ ਦੇਖਿਆ ਕਿ ਮੋਟਰਾਂ ਤੋਂ ਕੇਬਲ ਤਾਰਾਂ ਗਾਇਬ ਹਨ ਤਾਂ ਕਿਸਾਨ ਇਕੱਠੇ ਹੋ ਕੇ ਅੱਜ ਜਦੋਂ ਥਾਣਾ ਮੁਖੀ ਨੂੰ ਮਿਲਣ ਆਏ ਤਾਂ ਉਹ ਛੁੱਟੀ ਤੇ ਸਨ ਤਾਂ ਮੌਕੇ ਤੇ ਮੌਜੂਦ ਥਾਣੇਦਾਰ ਪਿਰਤਪਾਲ ਸਿੰਘ ਨੇ ਦਰਖਾਸਤ ਲਿਖਾਉਣ ਲਈ ਕਿਹਾ ਅਤੇ ਮੌਕਾ ਦੇਖ ਕੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉੱਚ ਅਧਿਕਾਰੀਆਂ ਨੂੰ ਇਹਨਾਂ ਚੋਰੀਆਂ ਸਬੰਧੀ ਜਾਣੂ ਕਰਾਇਆ ਜਾਵੇਗਾ ਅਤੇ ਮਸਲੇ ਦਾ ਪੱਕਾ ਹੱਲ ਕਰਨ ਦੇ ਲਈ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਵੀ ਵਿੱਢਿਆ ਜਾਵੇਗਾ। ਪੁਲਿਸ ਪ੍ਰਸ਼ਾਸਨ ਨੂੰ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਇਹਨਾਂ ਤਾਰ ਚੋਰਾਂ ਦਾ ਪਤਾ ਨਹੀਂ ਲਗਾਇਆ ਜਾਂਦਾ ਤਾਂ ਦੁਬਾਰਾ ਫੇਰ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ ਤਾਂ ਇਸ ਵਾਰ ਪੱਕੇ ਤੌਰ ਤੇ ਹੱਲ ਕਰਵਾ ਕੇ ਹੀ ਸੰਘਰਸ਼ ਦੀ ਸਮਾਪਤੀ ਕੀਤੀ ਜਾਵੇਗੀ। ਇਸ ਮੌਕੇ ਪੀੜਤ ਕਿਸਾਨ ਰਮਨਦੀਪ ਸਿੰਘ, ਬਿੰਦਰ ਸਿੰਘ, ਹਰਜੀਤ ਸਿੰਘ, ਸੰਦੀਪ ਸਿੰਘ, ਕੁਲਦੀਪ ਸਿੰਘ, ਮਲਕੀਤ ਸਿੰਘ, ਦਰਸ਼ਨ ਸਿੰਘ ਹਾਜ਼ਰ ਸਨ।