ਲੰਡਨ – ਕਰਜ਼ੇ ਦੇ ਭਾਰੀ ਬੋਝ ਹੇਠ ਦਬੇ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ਸਥਿਤ ਆਲੀਸ਼ਾਨ ਘਰ ਤੋਂ ਬੇਦਖ਼ਲ ਕੀਤੇ ਜਾਣ ਦੇ ਆਦੇਸ਼ ’ਤੇ ਰੋਕ ਲਗਾਉਣ ਦੀ ਅਰਜ਼ੀ ਬਿ੍ਰਟਿਸ਼ ਅਦਾਲਤ ਨੇ ਮੰਗਲਵਾਰ ਨੂੰ ਖ਼ਾਰਜ ਕਰ ਦਿੱਤੀ। ਸਵਿਸ ਬੈਂਕ ਯੂਬੀਐੱਸ ਨਾਲ ਲੰਬੇ ਸਮੇਂ ਤੋਂ ਜਾਰੀ ਕਾਨੂੰਨੀ ਵਿਵਾਦ ’ਚ ਮਾਲਿਆ ਦੇ ਇਸ ਘਰ ਨੂੰ ਖਾਲੀ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਸੀ। ਮਾਲਿਆ ਨੇ ਇਸ ਆਦੇਸ਼ ਦੀ ਪਾਲਣਾ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਲੰਡਨ ਹਾਈ ਕੋਰਟ ਦੇ ਚਾਂਸਰੀ ਡਵੀਜਨ ਦੇ ਜੱਜ ਮੈਥਿਊ ਮਾਰਸ਼ ਨੇ ਆਪਣੇ ਫ਼ੈਸਲੇ ’ਚ ਕਿਹਾ ਕਿ ਮਾਲਿਆ ਪਰਿਵਾਰ ਨੂੰ ਬਕਾਇਆ ਰਾਸ਼ੀ ਦੇ ਭੁਗਤਾਨ ਲਈ ਵਾਧੂ ਸਮਾਂ ਦੇਣ ਦਾ ਕੋਈ ਆਧਾਰ ਨਹੀਂ ਹੈ। ਇਸ ਦਾ ਮਤਲਬ ਹੈ ਕਿ ਮਾਲਿਆ ਨੂੰ ਇਸ ਜਾਇਦਾਦ ਤੋਂ ਬੇਦਖ਼ਲ ਕੀਤਾ ਜਾ ਸਕਦਾ ਹੈ। ਮਾਲਿਆ ਨੇ ਇਸ ਸਵਿਸ ਬੈਂਕ ਨੂੰ 2.04 ਕਰੋੜ ਪੌਂਡ (ਲਗਪਗ 200 ਕਰੋੜ ਰੁਪਏ) ਦਾ ਕਰਜ਼ਾ ਵਾਪਸ ਕਰਨਾ ਹੈ। ਮਾਲਿਆ ਦੇ ਲੰਡਨ ਸਥਿਤ ਇਸ ਘਰ ’ਚ ਉਸ ਦੀ 95 ਸਾਲ ਦੀ ਮਾਂ ਰਹਿੰਦੀ ਹੈ। ਮਾਲਿਆ ਮਾਰਚ 2016 ’ਚ ਬਰਤਾਨੀਆ ਭੱਜ ਗਿਆ ਸੀ। ਉਹ ਭਾਰਤ ’ਚ 9000 ਕਰੋੜ ਰੁਪਏ ਦੇ ਕਰਜ਼ੇ ਦੀ ਹੇਰਾਫੇਰੀ ਤੇ ਮਨੀਲਾਂਡਰਿੰਗ ਦੇ ਮਾਮਲੇ ’ਚ ਲੋੜੀਂਦਾ ਹੈ। ਇਹ ਕਰਜ਼ਾ ਕਿੰਗਫਿਸ਼ਰ ਏਅਰਲਾਈਨਜ਼ ਨੂੰ ਕਈ ਬੈਂਕਾਂ ਨੇ ਦਿੱਤਾ ਸੀ। 65 ਸਾਲ ਮਾਲਿਆ ਬਰਤਾਨੀਆ ’ਚ ਫ਼ਿਲਹਾਲ ਜ਼ਮਾਨਤ ’ਤੇ ਹੈ।
previous post