ਮੁੰਬਈ – ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਆਖ਼ਿਰਕਾਰ ਮਿਲ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਮੁੰਬਈ ਪੁਲਸ ਨੂੰ ਅਨਮੋਲ ਬਿਸ਼ਨੋਈ ਦੇ ਉਨ੍ਹਾਂ ਦੇ ਦੇਸ਼ ਵਿਚ ਮੌਜੂਦ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਇਸ ਮਗਰੋਂ ਮੁੰਬਈ ਪੁਲਸ ਨੇ ਉਸ ਦੀ ਹਵਾਲਗੀ ਦੀ ਪ੍ਰਕੀਰਿਆ ਸ਼ੁਰੂ ਕਰ ਦਿੱਤੀ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਇਸ ਸਬੰਧੀ ਪਿਛਲੇ ਮਹੀਨੇ ਇਕ ਵਿਸ਼ੇਸ਼ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ 16 ਅਕਤੂਬਰ ਨੂੰ ਮੁੰਬਈ ਪੁਲਸ ਨੇ ਅਦਾਲਤ ਦੇ ਸਾਹਮਣੇ ਪੇਸ਼ ਹੋ ਕੇ ਦੱਸਿਆ ਕਿ ਉਹ ਸਲਮਾਨ ਖ਼ਾਨ ਦੇ ਘਰ ਗੋਲ਼ੀਬਾਰੀ ਮਾਮਲੇ ਸਬੰਧੀ ਅਨਮੋਲ ਦੀ ਹਵਾਲਗੀ ਦੀ ਪਹਿਲ ਕਰਨਾ ਚਾਹੁੰਦੇ ਹਨ। ਲਾਰੈਂਸ ਬਿਸ਼ਨੋਈ ਇਸ ਵੇਲੇ ਜੇਲ੍ਹ ਵਿਚ ਹੈ ਤੇ ਉਸ ਦੀ ਗੈਰ ਹਾਜ਼ਰੀ ਵਿਚ ਅਨਮੋਲ ਬਿਸ਼ਨੋਈ ‘ਤੇ ਹੀ ਸਲਮਾਨ ਖ਼ਾਨ ਦੇ ਘਰ ਫ਼ਾਇਰਿੰਗ ਸਮੇਤ ਕਈ ਹੋਰ ਕਾਂਡ ਕਰਵਾਉਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਉਹ ਸਿੱਧੂ ਮੂਸੇਵਾਲਾ ਕਤਲਕਾਂਡ ਤੇ ਹੋਰ ਮਾਮਲਿਆਂ ਵਿਚ ਵੀ ਮੁਲਜ਼ਮ ਹੈ। ਇੱਥੇ ਦੱਸ ਦਈਏ ਕਿ NIA ਨੇ ਹਾਲ ਹੀ ਵਿਚ ਅਨਮੋਲ ‘ਤੇ 10 ਲੱਖ ਰੁਪਏ ਦੇ ਜੁਰਮਾਨੇ ਦਾ ਐਲਾਨ ਕੀਤਾ ਸੀ। ਫ਼ਿਲਹਾਲ ਇਹ ਸਾਫ਼ ਨਹੀਂ ਹੈ ਕਿ ਅਨਮੋਲ ਬਿਸ਼ਨੋਈ ਅਜੇ ਅਮਰੀਕੀ ਅਧਿਕਾਰੀਆਂ ਦੀ ਹਿਰਾਸਤ ਵਿਚ ਹੈ ਜਾਂ ਨਹੀਂ। ਪਰ ਦੇਸ਼ ਅੰਦਰ ਉਸ ਦੇ ਮੌਜੂਦਾ ਟਿਕਾਣੇ ਦਾ ਪਤਾ ਲਗਾਇਆ ਜਾ ਸਕਦਾ ਹੈ। ਉੱਥੇ ਹੀ ਅਦਾਲਤ ਨੇ ਪੁਲਸ ਨੂੰ ਇਸ ਮਾਮਲੇ ਵਿਚ ਲੋੜੀਂਦੇ ਕਾਗਜ਼ ਤਿਆਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਮਾਮਲੇ ਵਿਚ ਵਿਦੇਸ਼ ਮੰਤਰਾਲਾ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕਰੇਗਾ। ਜੇਕਰ ਹਵਾਲਗੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੂੰ ਅਨਮੋਲ ਦੀ ਹਿਰਾਸਤ ਮਿਲ ਜਾਵੇਗੀ।