ਸਾਡੇ ਰਾਜਨੀਤਕ ਨੇਤਾਵਾਂ ਦਾ ਹਾਲ ਵਕਤੋਂ ਖੁੰਝੀ ਡੂੰਮਣੀ ਵਾਲਾ ਹੋ ਗਿਆ। ਜਦੋਂ ਸਮਾਂ ਸੀ ਉਦੋਂ ਸੰਭਾਲਿਆ ਨਹੀਂ। ਹੁਣ ਕੋਈ ਕਿਧਰੇ ਨੂੰ ਭੱਜਦਾ ਕੋਈ ਕਿਧਰ ਨੂੰ। ਕੋਈ ਆਪਣੀ ਹੀ ਪਾਰਟੀ ਦੀ ਉੱਚੀ ਕੁਰਸੀ ਹਥਿਆਉਣ ਲਈ ਸੌ-ਸੌ ਪਾਪੜ ਵੇਲਦੈ। ਕੋਈ ਆਪਣੀ ਪਾਰਟੀ ਛੱਡ ਦੂਜੀ ਪਾਰਟੀ ਦੀ ਕੁਰਸੀ ਵੱਲ ਨੂੰ ਭੱਜਦੈ, ਕੋਈ ਦੂਜੀ ਵੀ ਛੱਡ ਤੀਜੀ ਪਾਰਟੀ ਵੱਲ ਨੂੰ ਭੱਜਦੈ। ਹਾਲਤ ਉਦੋਂ ਖ਼ਰਾਬ ਹੁੰਦੀ ਹੈ ਜਦੋਂ ਨਾ ਪਹਿਲੀ ਪਾਰਟੀ ਨਾ ਦੂਜੀ ਵਿੱਚ ਕੁੱਝ ਬਣਦੈ ….ਨਾ ਖੁਦਾ ਹੀ ਮਿਲਾ ਨਾ ਵਿਸਾਲ ਏ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ। ਜਾਂ ਪੰਜਾਬੀ ਵਾਲਾ ਅਖਾਣ ਵਰਤੀਏ… ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਇਹ ਸਿਰਫ਼ ਅਖਾਣ ਹੀ ਵਰਤਿਆ, ਸਾਡੇ ਵਰਗੇ ਆਮ ਲੋਕਾਂ ਦੀ ਐਨੀ ਹਿੰਮਤ ਕਿੱਥੇ ਕਿ ਨੇਤਾਵਾਂ ਦੀ ਤੁਲਨਾ ਕਿਸੇ ਹੋਰ ਪ੍ਰਾਣੀ ਨਾਲ ਕਰੀਏ। ਅਸੀਂ ਨੇਤਾ ਨਰਾਜ਼ ਥੋੜ੍ਹੀ ਕਰਨੇ ਨੇ। ਨਾਲੇ ਬੇਜ਼ੁਬਾਨ ਵਫ਼ਾਦਾਰ ਪ੍ਰਾਣੀ ਨਰਾਜ਼ ਹੋਊ ਕਿ ਲੋਕ ਬਿਨਾਂ ਸੋਚੇ ਸਮਝੇ ਹੀ ਮੇਰੀ ਤੁਲਨਾ ਕੀਹਦੇ ਨਾਲ ਕਰੀ ਜਾਂਦੇ ਨੇ।
ਊਂ ਇੱਕ ਗੱਲ ਐ ਜਦੋਂ ਜਨਤਾ ਨੇ ਤਾਕਤ ਦਿੱਤੀ ਸਿਰ ‘ਤੇ ਬਿਠਾਇਆ ਸੀ ਜੇ ਉਦੋਂ ਮੌਕਾ ਸੰਭਾਲਿਆ ਹੁੰਦਾ ਹੁਣ ਆਹ ਦਿਨ ਨਾ ਦੇਖਣੇ ਪੈਂਦੇ। ਇੱਕ ਦੂਜੇ ਦੇ ਔਗੁਣਾਂ ਨੂੰ ਫਰੋਲ ਫਰੋਲ ਪਾਪਾਂ ਦੇ ਭਾਗੀ ਨਾ ਬਣਨਾ ਪੈਂਦਾ। ਸਚਾਈ ਤੇ ਇਮਾਨਦਾਰੀ ਨਾਲ ਆਪਣੀ ਤਾਕਤ ਦਾ ਇਸਤੇਮਾਲ ਕੀਤਾ ਹੁੰਦਾ ਲੋਕਾਂ ਨੇ ਤਾਂ ਸਿਰ ਤੇ ਬਿਠਾਈ ਰੱਖਣਾ ਸੀ। ਪਰ ਇਹਨਾਂ ਤਾਂ ਤਾਕਤ ਬਖ਼ਸ਼ਣ ਵਾਲਿਆਂ ਦੇ ਸਿਰ ‘ਤੇ ਬੈਠ ਉਹਨਾਂ ਦੇ ਹੀ ਅੱਖੀਂ ਘੱਟਾ ਪਾ ਦਿੱਤਾ। ਉਹਨਾਂ ਦੇ ਅੱਖਾਂ, ਕੰਨ, ਮੂੰਹ ਸਭ ਬੰਦ ਕਰ ਦਿੱਤੇ। ਉਹਨਾਂ ਦੀਆਂ ਰੋਟੀਆਂ ਖੋਹਣ ਜਾ ਪਏ। ਐਨੀ ਅਕ੍ਰਿਤਘਣਤਾ ਚੰਗੀ ਨਹੀਂ ਹੁੰਦੀ ….ਲੈ ਡੁੱਬਦੀ ਐ।
ਕਈ ਵਾਰ ਖੜਾਕ ਕਿਤੇ ਹੋਰ ਹੁੰਦਾ ਤੇ ਮਹਿਸੂਸ ਕਿਤੇ ਹੋਰ ਹੁੰਦੈ। ਇਸ ਤਰ੍ਹਾਂ ਅਗਲੇ ਸਾਡੇ ਜੜ੍ਹੀਂ ਦਾਤੀ ਚਲਾ ਰਹੇ ਸੀ ਸਾਨੂੰ ਲੱਗਦਾ ਸੀ ਕਿਸੇ ਹੋਰ ਦੀਆਂ ਜੜ੍ਹਾਂ ਵੱਢ ਰਿਹਾ ਕੋਈ ਆਪਾਂ ਕੀ ਲੈਣੈ। ਜਦੋਂ ਪਤਾ ਲੱਗਿਆ ਕਿ ਦਾਤੀ ਤਾਂ ਅੰਨਦਾਤੇ ਦੇ ਜੜ੍ਹੀਂ ਚੱਲ ਰਹੀ ਹੈ ਅੰਨਦਾਤੇ ਦੇ ਜੜ੍ਹੀਂ ਦਾਤੀ ਚੱਲਣ ਦਾ ਮਤਲਬ ਉਹਨਾਂ ਸਾਰਿਆਂ ਦੇ ਜੜ੍ਹੀਂ ਜਿਹੜੇ ਅੰਨਦਾਤੇ ਨਾਲ ਜੁੜੇ ਹੋਏ ਨੇ। ਅੰਨਦਾਤੇ ਨਾਲ ਉਹ ਸਾਰੇ ਜੁੜੇ ਹੋਏ ਨੇ ਜਿਹਨਾਂ ਦੇ ਢਿੱਡ ਲੱਗਿਆ ਹੋਇਆ। ਹੁਣ ਇਹ ਤਾਂ ਮੁਕਰਿਆ ਨਹੀਂ ਜਾ ਸਕਦਾ ਕਿ ਸਾਡੇ ਤਾਂ ਢਿੱਡ ਹੈ ਨੀ। ਇਹਦਾ ਮਤਲਬ ਸਾਰਿਆਂ ਨੂੰ ਨੁਕਸਾਨ ਹੋਵੇਗਾ। ਜਿਹਨਾਂ ਨੂੰ ਅਸਲੀਅਤ ਸਮਝ ਆ ਗਈ ਇਸ ਹੋਣ ਵਾਲੇ ਨੁਕਸਾਨ ਦੀ ਉਹ ਸਾਰੀਆਂ ਰੁਕਾਵਟਾਂ ਪਾਰ ਕਰਕੇ ਜਾ ਬੈਠੇ ਦਿੱਲੀ ਦੀਆਂ ਬਰੂਹਾਂ ‘ਤੇ ਇਹ ਦੱਸਣ ਕਿ ਜਾਗਦੀਆਂ ਜ਼ਮੀਰਾਂ ਵਾਲੇ ਬੈਠੇ ਆਂ ਅਸੀਂ…. ਐਂ ਕਿਵੇਂ ਤੁਸੀਂ ਸਾਡੇ ਨਾਲ ਧੱਕਾ ਕਰ ਸਕਦੇ ਓ? ਜਿਹਨਾਂ ਦੇ ਦਿਮਾਗਾਂ ਦੀ ਚਾਬੀ ਰਾਜੇ ਵਜ਼ੀਰਾਂ ਨੇ ਆਪਣੇ ਕੋਲ ਸਾਂਭ ਰੱਖੀ ਐ ਉਹ ਤਾਂ ਜੇ ਨੇਤਾ ਜੀ ਡਕਾਰ ਵੀ ਮਾਰਨ ਤਾਂ ਵੀ ਜੈ-ਜੈ ਕਾਰ ਕਰ ਦੇਣਗੇ।
ਇੱਕ ਸੱਚ ਇਹ ਵੀ ਹੈ ਕਿ ਜਿਹੜੇ ਭੋਲੇ-ਭਾਲੇ ਲੋਕ ਨੇਤਾਵਾਂ ਤੇ ਵਪਾਰੀਆਂ ਨਾਲ ਦਿਲੋਂ ਜੁੜਦੇ ਨੇ ਉਹਨਾਂ ਦੇ ਦਿਲ ਦਾ ਤਾਂ ਰੱਬ ਈ ਰਾਖਾ। ਵਪਾਰੀ ਲੁੱਟਣ ਲੱਗਿਆਂ ਦੇਰ ਨਹੀਂ ਲਾਉਂਦੇ ਤੇ ਨੇਤਾ ਜੀ ਟਪੂਸੀਆਂ ਮਾਰਨ ਲੱਗਿਆਂ ਦੇਰ ਨਹੀਂ ਲਾਉਂਦੇ, ਸਮਰਥਕਾਂ ਦੀ ਭੀੜ ਵਿੱਚੋਂ ਹੀ ਨਿਕਲ ਕੇ ਦੂਜੀ ਟਹਿਣੀ ‘ਤੇ ਜਾ ਬੈਠਦੇ ਨੇ। ਸਮਰਥਕ ਵਿਚਾਰਿਆਂ ਨੂੰ ਤਾਂ ਲੋਕ ਦੱਸਦੇ ਨੇ ਕਿ ਭਾਈ ਜਿਹਦੇ ਆਲੇ ਦੁਆਲੇ ਤੁਸੀਂ ਘੁੰਮਦੇ ਸੀ ਉਹ ਤਾਂ…. ਅਹੁ ਗਏ…। ਪਹਿਲਾਂ ਤਾਂ ਸੱਚ ਜਿਹਾ ਨਹੀਂ ਆਉਂਦਾ ਕਿ ਐਂ ਕਿਵੇਂ ਕਰ ਸਕਦੈ ਕੋਈ? …. ਜਿਹੜੀ ਪਾਰਟੀ ਨੂੰ ਕੱਲ੍ਹ ਤੱਕ ਪੱਬਾਂ ਭਾਰ ਹੋ ਕੇ ਗਾਲ੍ਹਾਂ ਕੱਢਦੇ ਸੀ ਅੱਜ ਉਹਦੀ ਸ਼ਾਨ ਵਿੱਚ ਕਸੀਦੇ ਪੜ੍ਹ ਰਹੇ ਨੇ। ਇਹਨਾਂ ਰੋੜੂ ਪ੍ਰਸ਼ਾਦਾਂ ਦੇ ਸ਼ਾਮਲ ਹੋਣ ਸਾਰ ਹੀ ਪਾਰਟੀ ਦੁੱਧ ਧੋਤੀ ਕਿਵੇਂ ਹੋ ਗਈ। ਹੈਰਾਨੀ ਦੀ ਗੱਲ ਤਾਂ ਇਹ ਐ ਕਿ ਕਿੰਨਾ ਤਪ ਤੇਜ਼ ਐ ਇਹਨਾਂ ਦਾ ਜਿਹੜੀ ਪਾਰਟੀ ਵਿੱਚ ਜਾਂਦੇ ਨੇ ਉੱਥੇ ਹੀ ਸਭ ਕੁਝ ਗੰਧਲੇ ਤੋਂ ਨਿਰਮਲ ਹੋ ਜਾਂਦੈ। ਸਮਰਥਕ ਤਾਂ ਵਿਚਾਰੇ ਕਈ ਕਈ ਦਿਨ ਘਰੋਂ ਬਾਹਰ ਨਹੀਂ ਨਿਕਲਦੇ ਭਾਵੇਂ ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਪਰ ਉਹ ਭੋਲੇ ਭਾਲੇ ਆਮ ਲੋਕ ਹੁੰਦੇ ਨੇ ਜਿਹੜੇ ਨੇਤਿਆਂ ਦੀਆਂ ਕਹਿਣੀਆਂ ‘ਤੇ ਭਰੋਸਾ ਕਰ ਲੈਂਦੇ ਨੇ। ਇਹ ਨਹੀਂ ਸਮਝ ਸਕਦੇ ਕਿ ਬਹੁਤੇ ਨੇਤਾਵਾਂ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੁੰਦਾ ਹੈ। ਜਿਮੀਂ ਅਸਮਾਨ ਦਾ ਫ਼ਰਕ। ਜਿਹਨਾਂ ਨੇਤਾਵਾਂ ਪਿੱਛੇ ਆਮ ਲੋਕ ਆਪੋ ਵਿੱਚ ਲੜ ਲੜ ਮਰਦੇ ਨੇ ਉਹਨਾਂ ਦੀਆਂ ਤਾਂ ਆਪਸ ਵਿੱਚ ਰਿਸ਼ਤੇਦਾਰੀਆਂ ਨੇ। ਫਿਰ ਅਸੀਂ ਕਾਹਨੂੰ ਉਹਨਾਂ ਪਿੱਛੇ ਇੱਕ ਦੂਜੇ ਦੇ ਦੁਸ਼ਮਣ ਬਣਦੇ ਆਂ। ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ ‘ ਦੀ ਨੀਤੀ ਅਜੇ ਤੱਕ ਸਾਡੇ ਤੇ ਚਲਾਈ ਜਾਂਦੇ ਨੇ।
ਚੋਣਾਂ ਥੋੜ੍ਹੇ ਕੁ ਮਹੀਨਿਆਂ ਦੀ ਦੂਰੀ ‘ਤੇ ਨੇ। ਯਾਨੀ ਕਿ ਜਮਾਂ ਈ ਨੇੜੇ। ਹੁਣ ਨੇਤਾ ਜੀ ਜੁੱਤੀਆਂ ਲਾਹ ਕੇ ਭੱਜੇ ਫਿਰਦੇ ਨੇ। ਹੁਣ ਇਹ ਤਾਂ ਨਹੀਂ ਪਤਾ ਕਿ ਜੁੱਤੀਆਂ ਹੱਥ ਵਿੱਚ ਫੜ ਕੇ ਭੱਜੇ ਫਿਰਦੇ ਨੇ ਜਾਂ ਨੰਗੇ ਪੈਰੀਂ। ਜੁੱਤੀਆਂ ਹੱਥ ਵਿੱਚ ਫੜ ਕੇ ਦੁਖੀ ਜਨਤਾ ਸਾਹਮਣੇ ਜਾਣਾ ਸ਼ਾਇਦ ਖਤਰੇ ਤੋਂ ਖਾਲੀ ਨਹੀਂ ਹੋਵੇਗਾ। ਚਲੋ ਜਿਵੇਂ ਮਰਜ਼ੀ ਕਰਦੇ ਹੋਣਗੇ ਅਗਲੇ। ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਨੇ ਇਹਨਾਂ ਦੇ ਨੁਕਾਤੀ ਪ੍ਰੋਗਰਾਮ ਬਣਦੇ ਨੇ। ਠਾਹ-ਠਾਹ ਵਾਅਦੇ ਅਤੇ ਲਾਰੇ ਸੁੱਟ ਰਹੇ ਨੇ ਲੋਕਾਂ ਵੱਲ ਨੂੰ। ਲੋਕਾਂ ਨੂੰ ਇਹ ਛੱਪਰ ਪਾੜ ਵਾਅਦੇ ਸਾਂਭਣੇ ਔਖੇ ਹੋਏ ਪਏ ਨੇ। ਛੱਜਾਂ ਨੇ ਤਾਂ ਬੋਲਣਾ ਈ ਐ ਛਾਨਣੀਆਂ ਵੀ ਬੋਲੀ ਜਾਂਦੀਆਂ ਨੇ। ਜਨਤਾ ਵਿਚਾਰੀ ਨੂੰ ਸਮਝ ਨਹੀਂ ਆਉਂਦੀ ਇਹ ਕੀਹਨੇ ਬੀਨ ਵਜਾ ਕੇ ਖੁੱਡਾਂ ਵਿੱਚੋਂ ਕੱਢ ਲਏ ਜਿਹੜੇ ਬਾਹਰ ਮੇਲ੍ਹਦੇ ਫਿਰਦੇ ਨੇ ਤੇ ਜਨਤਾ ਨੂੰ ਆਪਣੇ ਮਕਰ ਜਾਲ ਵਿੱਚ ਉਲਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਇਹਨਾਂ ਦੀਆਂ ਲੂੰਬੜ ਚਾਲਾਂ ਨੂੰ ਸਮਝਣ ਵਾਲੇ ਆਖਦੇ ਨੇ, “ਦੇਖਿਓ ਭਾਈ ਕਿਤੇ ਫਸ ਨਾ ਜਾਇਓ। ਆਪਾਂ ਨੂੰ ਬਰਬਾਦੀ ਦੇ ਅੰਤ ਤੱਕ ਲਿਜਾ ਚੁੱਕੇ ਨੇ। ਜੇ ਹੁਣ ਗਲਤੀ ਕਰ ਲਈ ਫਿਰ ਭੱਜਣ ਵਾਸਤੇ ਕੋਈ ਰਾਹ ਨਹੀਂ ਛੱਡਿਆ ਇਹਨਾਂ ਨੇ।”
ਊਂ ਇੱਕ ਸਿੱਧੀ ਜਿਹੀ ਗੱਲ ਐ ਜੇ ਭਲਾਂ ਇਹ ਜਨਤਾ ਦੀ ਕਸੌਟੀ ‘ਤੇ ਖਰੇ ਉਤਰਨ, ਜਨਤਾ ਦੀ ਭਲਾਈ ਲਈ ਈ ਕੰਮ ਕਰਨ ਫਿਰ ਕਿਹੜਾ ਇਹਨਾਂ ਦਾ ਕੁੱਝ ਵਿਗੜ ਜਾਣਾ ਹੁੰਦਾ। ਜਨਤਾ ਆਪੇ ਕੰਮਾਂ ਨੂੰ ਦੇਖ ਕੇ ਵੋਟਾਂ ਪਾ ਦੇਵੇਗੀ। ਕਾਹਨੂੰ ਗੱਪ ਸੜੱਪ ਮਾਰ ਕੇ ਗਪੌੜ ਸੰਖ ਕਹਾ ਕੇ ਜੱਗ ਹਸਾਈ ਕਰਵਾਉਂਦੇ ਨੇ। ਤਾਈ ਭਾਨੋ ਕਈ ਵਾਰ ਆਖਦੀ ਹੁੰਦੀ ਐ, “ਐਥੇ ਜੈ ਵੱਢੇ ਦਾ ਕੋਈ ਊਈਂ ਮਾੜਾ ਜਾ ਉੱਚਾ ਨੀਵਾਂ ਬੋਲ ਦਵੇ ਮਰਨ ਹੋ ਜਾਂਦੈ ਧਰਤੀ ਬਿਆੜ ਨੀ ਦਿੰਦੀ ਲੁਕਣ ਨੂੰ…. ਇਹ ਪਤਾ ਨੀ ਕਿਹੜੀ ਮਿੱਟੀ ਦੇ ਬਣੇ ਹੋਏ ਨੇ… ਮੋਟੇ ਬਸ਼ਰਮ…।” ਇਸ ਤੋਂ ਅੱਗੇ ਤਾਈ ਦੀ ਬੁੜ-ਬੁੜ ਹੁੰਦੀ ਐ ਜੋ ਸਮਝ ਨਹੀਂ ਆਉਂਦੀ ਹੁੰਦੀ। ਹੁਣ ਤਾਈ ਵਿਚਾਰੀ ਨੂੰ ਕੀ ਪਤਾ ਇਹਨਾਂ ਨੂੰ ਤਾਂ… ਗਾਲ੍ਹਾਂ ਘਿਉ ਦੀਆਂ ਨਾਲ਼ਾਂ….ਬਣ ਕੇ ਸ਼ਕਤੀ ਦਿੰਦੀਆਂ ਨੇ।
ਭਾਵੇਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਪਰ ਜਦੋਂ ਇਹ ਜਨਤਾ ਦਾ ਖੂਨ ਪੀਣੇ ਬਘਿਆੜ ਇਕੱਠੇ ਹੋ ਜਾਣ ਸਾਰੀਆਂ ਉਂਗਲਾਂ ‘ਕੱਠੀਆਂ ਹੋ ਕੇ ਮੁੱਠੀ ਬਣ ਜਾਣ ਤਾਂ ਇਹ ਸਾਰੀਆਂ ਬਰਾਬਰ ਹੋ ਜਾਇਆ ਕਰਦੀਆਂ ਨੇ। ਇਹੀ ਮੁੱਠੀ ਘਸੁੰਨ ਦੇ ਰੂਪ ਵਿੱਚ ਜਨਤਾ ‘ਤੇ ਚਲਾਇਆ ਜਾਂਦੈ। ਜਨਤਾ ਦਾ ਕੱਲਾ-ਕੱਲਾ ਜੀਅ ਰੋਂਦਾ ਰਹਿੰਦੈ। ਜੇ ਕਿਤੇ ਜਨਤਾ ਨੂੰ ਵੀ ਪੰਜੇ ਉਂਗਲਾਂ ਬਰਾਬਰ ਕਰ ਕੇ ਮੁੱਠੀ ਜਾਂ ਘਸੁੰਨ ਬਣਾਉਣਾ ਆ ਜਾਏ ਤਾਂ ਫੇਰ ਲੁਟੇਰਿਆਂ ਦੀ ਲੁੱਟ ਨੂੰ ਨੱਥ ਪਾਈ ਜਾ ਸਕਦੀ ਐ। ਕਿਸਾਨੀ ਸੰਘਰਸ਼ ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਐ। ਜਿਹੜੇ ਮੇਰੇ ਵਰਗੇ ਕੁਝ ਕਰਨ ਜੋਗੇ ਨਹੀਂ ਉਹ ਅਰਜ਼ੋਈਆਂ ਕਰਦੇ ਨੇ ਉੱਪਰ ਵੱਲ ਨੂੰ ਮੂੰਹ ਚੁੱਕ ਕੇ…. “ਬਹੁੜ ਪਉ ਰੱਬ ਜੀ …..ਇਹ ਰਾਜੇ ਵਜ਼ੀਰ ਨਹੀਂ ਜਾਣਦੇ ਇਹਨਾਂ ਹੱਥੋਂ ਕਿੰਨਾ ਵੱਡਾ ਪਾਪ ਹੋ ਰਿਹਾ…. ਇਹਨਾਂ ਨੂੰ ਆਪਣੇ ਭਰੇ ਭੰਡਾਰਿਆਂ ਵਿੱਚੋਂ ਭੋਰਾ ਸੁਮੱਤ ਬਖ਼ਸ਼ ਦਿਓ…. ਕਿਤੇ ਇਹ ਨਾ ਹੋਵੇ ਕਿ ਇਤਿਹਾਸ ਵਿੱਚ ਇਹਨਾਂ ਦਾ ਰਾਜ ਭਾਗ ਖਤਾ ਕਰਨ ਵਾਲੇ ਲਮਹੇਂ ਵਜੋਂ ਜਾਣਿਆ ਜਾਵੇ… ਸਦੀਆਂ ਤੱਕ ਇਸ ਦੀ ਸਜ਼ਾ ਜਨਤਾ ਨੂੰ ਭੁਗਤਣੀ ਪਵੇ।” ਹੱਥ ਮਸਲ ਕੇ ਅੱਖਾਂ ਨੂੰ ਲਾਈਦੇ ਨੇ ਕਿ ਕੋਈ ਚਮਤਕਾਰ ਹੋ ਜਾਵੇ। ਸਾਨੂੰ ਵੀ ਕੋਈ ਬਾਬੇ ਵਰਿਆਮੇ ਵਾਲੀ ‘ਦਿੱਬ ਦ੍ਰਿਸ਼ਟੀ’ ਮਿਲ ਜਾਵੇ। ਫਿਰ ਇਹਨਾਂ ਨੂੰ ਦੱਸੀਏ ਕਿ ਇਹਨਾਂ ਨੂੰ ਜਨਤਾ ਦਾ ਖੂਨ ਚੂਸਣ ਦੇ ਗੁਨਾਹ ਦੀ ਸਜਾ ਕੀ ਮਿਲੇਗੀ।
ਚਲੋ ਹੁਣ ਆਪਾਂ ਬਹੁਤਾ ਕੀ ਆਖਣੈ। ਸਭ ਕੁਝ ਸਮੇਂ ਨੇ ਦਿਖਾ ਈ ਦੇਣਾ। ਭਾਈ ਵੀਰ ਸਿੰਘ ਦੇ ਆਖਣ ਵਾਂਗ, ‘ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਂਵਦਾ। ‘ਸਮੇਂ ਨੇ ਆਪਣੀ ਤੋਰੇ ਤੁਰਦੇ ਰਹਿਣਾ ਕਿਤੇ ਇਹ ਨਾ ਹੋਵੇ ਜਨਤਾ ਵਿੱਚ ਵਸਦਾ ਰੱਬ ਤਾਕਤ ਦੇ ਹੰਕਾਰੀਆਂ ਨੂੰ ਇਹੋ ਜਿਹਾ ਮੂਧੇ ਮੂੰਹ ਸੁੱਟੇ ਮੁੜ ਕੇ ਤੁਰਨਾ ਤਾਂ ਕੀ ਖਲੋਣ ਜੋਗੇ ਵੀ ਨਾ ਰਹਿਣ। ਵਕਤੋਂ ਖੁੰਝੀ ਡੂੰਮਣੀ ਗਾਵੇ ਆਲ ਪਤਾਲ…. ਵਾਲੀ ਗੱਲ ਨਾ ਹੋ ਜਾਵੇ। ਨਾ ਲੋਕਾਂ ਨੂੰ ਸਮਝ ਲੱਗੇ ਕਿ ਕੀ ਕਮਲ਼ ਮਾਰ ਰਹੇ ਨੇ, ਨਾ ਖੁਦ ਨੂੰ ਸਮਝ ਲੱਗੇ ਕਿ ਅਸੀਂ ਕਿਹੜਾ ਰਾਗ ਅਲਾਪ ਰਹੇ ਆਂ।