Punjab

ਵਰਦੇਵ ਮਾਨ ਦੀ ਗ੍ਰਿਫ਼ਤਾਰੀ ‘ਤੇ ਰੋਕ, ਮਿਲੀ ਅੰਤਰਿਮ ਪੇਸ਼ਗੀ ਜ਼ਮਾਨਤ

ਫਿਰੋਜ਼ਪੁਰ – ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਅਤੇ ਅਕਾਲੀ ਬਸਪਾ ਦੇ ਗੁਰੂਹਰਸਹਾਏ ਤੋਂ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਵਿਰੁੱਧ ਦਰਜ ਹੋਏ ਇਰਾਦਾ ਕਤਲ ਦੇ ਮਾਮਲੇ ਵਿਚ ਨੋਨੀ ਮਾਨ ਦੀ ਗ੍ਰਿਫਤਾਰੀ ‘ਤੇ ਰੋਕ ਲਗਾਉਂਦੇ ਹੋਏ ਫ਼ਿਰੋਜ਼ਪੁਰ ਦੀ ਸੈਸ਼ਨ ਕੋਰਟ ਵੱਲੋਂ ਅੰਤਰਿਮ ਪੇਸ਼ਗੀ ਜ਼ਮਾਨਤ ਦਿੱਤੀ ਗਈ ਹੈ । ਨੋਨੀ ਮਾਨ ‘ਤੇ ਦੋਸ਼ ਹੈ ਕਿ ਉਨ੍ਹਾਂ ਬੀਤੇ ਦਿਨੀਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਫੇਰੀ ਦੌਰਾਨ ਕਥਿਤ ਤੌਰ ‘ਤੇ ਕਿਸਾਨਾਂ ਉੱਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰਿੰਗ ਵੀ ਕੀਤੀ ਸੀ। ਇਸ ਸਬੰਧੀ ਥਾਣਾ ਸਿਟੀ ਪੁਲੀਸ ਵੱਲੋਂ ਨੋਨੀ ਮਾਨ ਅਤੇ ਉਨ੍ਹਾਂ ਦੇ ਡਰਾਈਵਰ ਦੇ ਖ਼ਿਲਾਫ਼ ‘ਇਰਾਦਾ ਏ ਕਤਲ’ ਸਮੇਤ ਅੱਧੀ ਦਰਜਨ ਤੋਂ ਵੱਧ ਧਾਰਾਵਾਂ ਦੇ ਨਾਲ ਨਾਲ ਅਸਲਾ ਐਕਟ ਦੀਆਂ ਧਾਰਾਵਾਂ ਵੀ ਲਾਈਆਂ ਗਈਆਂ ਸਨ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਫ਼ਿਰੋਜ਼ਪੁਰ ਫੇਰੀ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਆਗੂ ਹਰਨੇਕ ਮਹਿਮਾ ਉੱਤੇ ਉਨ੍ਹਾਂ ਦੇ ਕੁਝ ਸਾਥੀਆਂ ਵੱਲੋਂ ਵੱਲੋਂ ਵਰਦੇਵ ਸਿੰਘ ‘ਨੋਨੀ’ ਮਾਨ ਅਤੇ ਉਨ੍ਹਾਂ ਦੇ ਡਰਾਇਵਰ ਵਿਰੁੱਧ ਇਰਾਦਾ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਸੀ ਪਰ ਹੁਣ ਉਕਤ ਮਾਮਲੇ ਵਿਚ ਵਰਦੇਵ ਮਾਨ ਨੂੰ ਪੁਲੀਸ ਗ੍ਰਿਫ਼ਤਾਰ ਨਹੀਂ ਕਰ ਸਕੇਗੀ । ਵਰਦੇਵ ਸਿੰਘ ਮਾਨ ਨੇ ਆਪਣੇ ਵਕੀਲ ਜਸਬੀਰ ਸਿੰਘ ਕਾਲੜਾ ਰਾਹੀਂ ਮਾਣਯੋਗ ਸੈਸ਼ਨ ਕੋਰਟ ਵਿਖੇ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ ਜਿਸ ਤੇ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਸਚਿਨ ਸ਼ਰਮਾ ਦੀ ਅਦਾਲਤ ਵੱਲੋਂ ਗ੍ਰਿਫ਼ਤਾਰੀ ‘ਤੇ ਰੋਕ ਲਾਉਂਦਿਆਂ ਉਨ੍ਹਾਂ ਨੂੰ ਅੰਤਰਿਮ ਪੇਸ਼ਗੀ ਜ਼ਮਾਨਤ ਦਿੱਤੀ ਗਈ ਹੈ ,ਜਿਸ ਦੇ ਚੱਲਦਿਆਂ ਪੁਲੀਸ ਹੁਣ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੇਗੀ । ਇਸ ਗੱਲ ਦੀ ਪੁਸ਼ਟੀ ਕਰਦਿਆਂ ਐਡਵੋਕੇਟ ਜਸਬੀਰ ਸਿੰਘ ਕਾਲੜਾ ਨੇ ਦੱਸਿਆ ਕਿ ਉਕਤ ਦਰਜ ਪਰਚੇ ਵਿੱਚੋਂ ਸਿਰਫ਼ ਵਰਦੇਵ ਮਾਨ ਦੀ ਜ਼ਮਾਨਤ ਲਗਾਈ ਗਈ ਸੀ, ਜਿਸ ਵਿਚ ਵਰਦੇਵ ਮਾਨ ਦੀ ਅੰਤ੍ਰਿਮ ਪੇਸ਼ਗੀ ਜ਼ਮਾਨਤ ਹੋ ਚੁੱਕੀ ਹੈ, ਜਿਸ ਦੀ ਅਗਲੀ ਸੁਣਵਾਈ 24 ਨਵੰਬਰ ਨੂੰ ਰੱਖੀ ਗਈ ਹੈ ।

Related posts

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin