ਮੁਰਾਦਾਬਾਦ – ਆਲ ਇੰਡੀਆ ਮਜਲਸ ਏ ਇਤੇਹਾਦੁਲ ਮੁਸਲਿਮੀਨ ਮੁਰਾਦਾਬਾਦ ਦੇ ਮਹਾਨਗਰ ਦੇ ਮੇਅਰ ਵਕੀ ਰਸ਼ੀਦ ਨੇ ਵਸੀਮ ਰਿਜ਼ਵੀ ਨੂੰ ਜੁੱਤਾ ਮਾਰਨ ਵਾਲੇ ਨੂੰ 11 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਵਿਵਾਦਤ ਬਿਆਨ ਨੂੰ ਲੈ ਕੇ ਵੀਡੀਓ ਵਾਇਰਲ ਹੋਣ ਨਾਲ ਖਲਬਲੀ ਮਚ ਗਈ ਹੈ। ਵਕੀ ਰਸ਼ੀਦ ਨੇ ਕਿਹਾ ਕਿ ਵਸੀਮ ਰਿਜ਼ਵੀ ਸਾਜ਼ਿਸ਼ ਤਹਿਤ ਹਿੰਦੂ-ਮੁਸਲਿਮ ਫਸਾਦ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਮੇਅਰ ਨੇ ਕਿਹਾ ਕਿ ਵਸੀਮ ਰਿਜ਼ਵੀ ਖ਼ਿਲਾਫ਼ ਕਈ ਥਾਵਾਂ ’ਤੇ ਅਪਰਾਧਿਕ ਮਾਮਲੇ ਵੀ ਦਰਜ ਹਨ। ਇਸ ਤੋਂ ਬਚਣ ਲਈ ਵਿਵਾਦਤ ਬਿਆਨਬਾਜ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਸ਼ਖ਼ਸ ਇਸਲਾਮ ਦਾ ਨਹੀਂ ਹੋਇਆ, ਉਹ ਹਿੰਦੂ ਧਰਮ ਦਾ ਕੀ ਹੋਵੇਗਾ। ਮੇਅਰ ਨੇ ਕਿਹਾ ਕਿ ਵਸੀਮ ਦੇ ਪਾਕਿਸਤਾਨੀ ਏਜੰਟ ਹੋਣ ਦਾ ਵੀ ਸ਼ੱਕ ਹੈ, ਅਜਿਹੇ ’ਚ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਹ ਕੋਈ ਨਵੀਂ ਚਾਲ ਹੈ। ਚੋਣਾਂ ਨੂੰ ਹਿੰਦੂ ਬਨਾਮ ਮੁਸਲਿਮ ਬਣਾਉਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਉੱਥੇ ਦੂਜੇ ਪਾਸੇ ਮਾਮਲੇ ’ਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੰਗਠਨਾਂ ’ਚ ਖਲਬਲੀ ਮੱਚ ਗਈ ਹੈ। ਦਰਅਸਲ ਸ਼ਿਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਨੇ ਕੁਝ ਦਿਨ ਪਹਿਲਾਂ ਇਸਲਾਮ ਨੂੰ ਅਲਵਿਦਾ ਕਹਿ ਕੇ ਹਿੰਦੂ ਧਰਮ ਅਪਣਾ ਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਨਾਂ ਰੱਖ ਲਿਆ ਹੈ -ਜਿਤੇਂਦਰ ਨਾਰਾਇਣ ਸਿੰਘ ਤਿਆਗੀ। ਸੋਮਵਾਰ ਨੂੰ ਗਾਜ਼ੀਆਬਾਦ ’ਚ ਯਤੀ ਨਰਸਿੰਘਾਨੰਦ ਸਰਸਵਤੀ ਨੇ ਸਨਾਤਨ ਧਰਮ ’ਚ ਉਨ੍ਹਾਂ ਦੀ ਵਾਪਸੀ ਕਰਵਾਈ। ਇਸ ਮੌਕੇ ’ਤੇ ਵਸੀਮ ਰਿਜ਼ਵੀ ਨੇ ਕਿਹਾ ਸੀ ਕਿ ਮੈਨੂੰ ਇਸਲਾਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸਾਡੇ ਸਿਰ ’ਤੇ ਹਰ ਸ਼ੁੱਕਰਵਾਰ ਨੂੰ ਇਨਾਮ ਵਧਾ ਦਿੱਤਾ ਜਾਂਦਾ ਹੈ। ਅਜਿਹੇ ’ਚ ਮੈਂ ਸਨਾਤਨ ਧਰਮ ਅਪਣਾ ਰਿਹਾ ਹਾਂ। ਹਿੰਦੂ ਧਰਮ ਅਪਣਾਉਣ ਤੋਂ ਬਾਅਦ ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਸੀ।