ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਵਾਤਾਵਰਣ ਜਾਗਰੂਕਤਾ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਅਤੇ ਸਟਾਫ ਨੂੰ ਵਾਤਾਵਰਣ ਸੰਤੁਲਨ ਦੀ ਮਹੱਤਤਾ ਸਬੰਧੀ ਜਾਗਰੂਕ ਅਤੇ ਵਾਤਾਵਰਣ ਦੀ ਸੰਭਾਲ ’ਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਮੁਹਿੰਮ ਦੌਰਾਨ ਕੁਸੁਮ, ਗੁਲਮੋਹਰ, ਅਮਲਤਾਸ, ਪਿਲਕਨ, ਜਰਕੰਡਾ, ਛਾਂ ਪ੍ਰਦਾਨ ਕਰਨ ਵਾਲੇ, ਕਈ ਫਲ ਦੇਣ ਵਾਲੇ ਆਂਵਲਾ, ਅੰਜ਼ੀਰ, ਜਾਮੁਨ, ਅਮਰੂਦ ਅਤੇ ਸੰਤਰਾ ਆਦਿ ਲਗਭਗ 85 ਪੌਦੇ ਲਗਾਏ ਗਏ। ਇਸ ਪ੍ਰੋਗਰਾਮ ਤਹਿਤ ਕੈਂਪਸ ਨੂੰ ਹਰਿਆ-ਭਰਿਆ ਅਤੇ ਸਾਫ਼-ਸੁੱਥਰਾ ਵਾਤਾਵਰਣ ਬਣਾਉਣ ਦੇ ਸਾਂਝੇ ਦ੍ਰਿਸ਼ਟੀਕੋਣ ਤਹਿਤ ਫੈਕਲਟੀ ਮੈਂਬਰਾਂ, ਗੈਰ-ਅਧਿਆਪਨ ਸਟਾਫ਼ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮੌਕੇ ਡਾ. ਮੰਜੂ ਬਾਲਾ ਨੇ ਕਿਹਾ ਕਿ ਰੁੱਖ ਲਗਾਉਣਾ ਸਿਰਫ਼ ਆਲੇ-ਦੁਆਲੇ ਨੂੰ ਹਰਿਆ ਭਰਿਆ ਕਰਨਾ ਨਹੀਂ ਹੈ, ਸਗੋਂ ਇਹ ਜੀਵਨ ਨੂੰ ਪਾਲਣ-ਪੋਸ਼ਣ, ਸਥਿਰਤਾ ਨੂੰ ਯਕੀਨੀ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਥਾਈ ਵਿਰਾਸਤ ਛੱਡਣ ਸਬੰਧੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮੁਹਿੰਮਾਂ ਨਾ ਸਿਰਫ਼ ਕੈਂਪਸ ਦੀ ਜੈਵ ਵਿਭਿੰਨਤਾ ਨੂੰ ਅਮੀਰ ਬਣਾਉਂਦੀਆਂ ਹਨ, ਸਗੋਂ ਭਵਿੱਖ ’ਚ ਪੌਸ਼ਟਿਕ ਅਤੇ ਵਾਤਾਵਰਣ ਸਬੰਧੀ ਲਾਭਾਂ ’ਚ ਵੀ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਸੰਸਥਾ ਦੀ ਸੰਪੂਰਨ ਵਿਕਾਸ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੇ ਹਨ, ਜਿੱਥੇ ਵਾਤਾਵਰਣ ਚੇਤਨਾ ਵਿੱਦਿਅਕ ਯਾਤਰਾ ’ਚ ਸ਼ਾਮਿਲ ਹੁੰਦੀ ਹੈ।
ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਵਾਤਾਵਰਣ ਸੁਰੱਖਿਆ ਪ੍ਰਤੀ ਸਮੂਹਿਕ ਕਾਰਵਾਈ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਨੂੰ ਨੌਜਵਾਨਾਂ ’ਚ ਜ਼ਿੰਮੇਵਾਰੀ, ਕੁਦਰਤ ਦੀ ਦੇਖਭਾਲ ਅਤੇ ਟਿਕਾਊ ਜੀਵਨ ਦੇ ਮੁੱਲਾਂ ਨੂੰ ਪਾਲਣ ’ਚ ਉਦਾਹਰਣ ਦੇ ਕੇ ਅਗਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਉਮੀਦ ਜਾਹਿਰ ਕੀਤੀ ਕਿ ਅਜਿਹੀਆਂ ਪਹਿਲਕਦਮੀਆਂ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਅਤੇ ਸਮਾਜ ’ਚ ਸਕਾਰਾਤਮਕ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਗੀਆਂ।