ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਲਾਅ ਵਿਖੇ ਵਾਤਾਵਰਣ ਸਥਿਰਤਾ, ਸਿੱਖਿਆ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਗ੍ਰੀਨ ਹਾਊਸ ਦਾ ਨਿਰਮਾਣ ਕੀਤਾ ਗਿਆ। ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੇ ਮਾਰਗਦਰਸ਼ਨ ਤਹਿਤ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ (ਨੋਡਲ ਏਜੰਸੀ) ਦੁਆਰਾ ਸਮਰਪਿਤ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਪ੍ਰਾਪਤ ਫੰਡ ਸਦਕਾ ਕਾਲਜ ਦੇ ਈਕੋ ਕਲੱਬ ਨੇ ਕੈਂਪਸ ਵਿਖੇ ਉਕਤ ਹਾਊਸ ਦੇ ਨਿਰਮਾਣ ਕੀਤਾ।
ਇਸ ਸਬੰਧੀ ਡਾ. ਜਪਸਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਤਿਹਾਸਕ ਪਹਿਲਕਦਮੀ ਦਾ ਉਦੇਸ਼ ਕੈਂਪਸ ’ਚ ਵਾਤਾਵਰਣ ਸਥਿਰਤਾ, ਸਿੱਖਿਆ ਅਤੇ ਖੋਜ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਨਵਾਂ ਸਥਾਪਿਤ ਗ੍ਰੀਨ ਹਾਊਸ ਇਕ ਵਿਹਾਰਕ ਸਿੱਖਣ ਦੀ ਜਗ੍ਹਾ ਵਜੋਂ ਕੰਮ ਕਰੇਗਾ, ਜੋ ਵਿਦਿਆਰਥੀਆਂ ਨੂੰ ਟਿਕਾਊ ਖੇਤੀਬਾੜੀ ਅਤੇ ਜਲਵਾਯੂ-ਲਚਕੀਲੇ ਖੇਤੀ ਤਕਨੀਕਾਂ ਦਾ ਵਿਹਾਰਕ ਐਕਸਪੋਜ਼ਰ ਪ੍ਰਦਾਨ ਕਰੇਗਾ।
ਉਨ੍ਹਾਂ ਕਿਹਾ ਕਿ ਇਹ ਕਾਲਜ ’ਚ ਚੱਲ ਰਹੇ ਗ੍ਰੀਨ ਕੈਂਪਸ ਪਹਿਲਕਦਮੀਆਂ ’ਚ ਵੀ ਯੋਗਦਾਨ ਪਾਵੇਗਾ ਅਤੇ ਵਾਤਾਵਰਣ-ਅਨੁਕੂਲ ਅਭਿਆਸਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ’ਚ ਵਾਤਾਵਰਣ ਚੇਤਨਾ ਪੈਦਾ ਕਰਨ ’ਚ ਅਜਿਹੇ ਪ੍ਰੋਜੈਕਟਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਇਸ ਮੌਕੇ ਈਕੋ ਕਲੱਬ ਦੇ ਇੰਚਾਰਜ ਡਾ. ਪਵਨਦੀਪ ਕੌਰ ਨੇ ਉਸਾਰੀ ਪ੍ਰੀਕ੍ਰਿਆ ’ਚ ਕੀਤੇ ਗਏ ਸਹਿਯੋਗੀ ਯਤਨਾਂ ’ਤੇ ਚਾਨਣਾ ਪਾਉਂਦਿਆਂ ਵਾਤਾਵਰਣ ਸਿੱਖਿਆ ’ਤੇ ਗ੍ਰੀਨ ਹਾਊਸ ਦੇ ਲੰਬੇ ਸਮੇਂ ਦੇ ਪ੍ਰਭਾਵ ਸਬੰਧੀ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਾਲਜ ਤੇ ਈਕੋ ਕਲੱਬ ਇਸ ਦ੍ਰਿਸ਼ਟੀਕੋਣ ਨੂੰ ਹਕੀਕਤ ਬਣਾਉਣ ’ਚ ਅਨਮੋਲ ਸਮਰਥਨ ਲਈ ਉਪਰੋਕਤ ਵਿਭਾਗ ਦਾ ਧੰਨਵਾਦ ਕਰਦਾ ਹੈ। ਇਸ ਮੌਕੇ ਡਾ. ਰੇਣੂ ਸੈਣੀ, ਪ੍ਰੋ. ਜਸਦੀਪ ਸਿੰਘ, ਪ੍ਰੋ. ਰਿਚਾ, ਪ੍ਰੋ. ਪ੍ਰੇਰਨਾ, ਪ੍ਰੋ. ਸੁਗਮ, ਸੁਪਰਡੈਂਟ ਸ. ਰਣਜੀਤ ਸਿੰਘ ਸਮੇਤ ਫੈਕਲਟੀ ਮੈਂਬਰਾਂ ਨੇ ਸ਼ਿਰਕਤ ਕੀਤੀ।