ਲੁਧਿਆਣਾ – ਸਹੁਰਿਆਂ ਦੇ ਘਰ ਇੱਕ ਮਹੀਨਾ ਰਹਿਣ ਤੋਂ ਬਾਅਦ ਨਵੀਂ ਵਿਆਹੀ ਵਹੁਟੀ ਪਤੀ ਦੇ 40 ਲੱਖ ਰੁਪਏ ਲਗਵਾ ਕੇ ਕੈਨੇਡਾ ਚਲੀ ਗਈ । ਜਹਾਜ਼ ਚੜ੍ਹਨ ਤੋਂ ਪਹਿਲਾਂ ਉਸਨੇ ਆਪਣੇ ਪਤੀ ਨੂੰ ਜਲਦੀ ਹੀ ਵਿਦੇਸ਼ ਬੁਲਾ ਲੈਣ ਦੀ ਗੱਲ ਆਖੀ ਸੀ ,ਪਰ ਵਿਦੇਸ਼ ਪਹੁੰਚਣ ਤੋਂ ਬਾਅਦ ਉਸ ਨੇ ਸੰਪਰਕ ਕਰਨਾ ਬੰਦ ਕਰ ਦਿੱਤਾ । ਵਿਆਹੁਤਾ ਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੇ 2 ਸਾਲ ਤਕ ਲੜਕੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ,ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਕਈ ਮਹੀਨਿਆਂ ਤਕ ਚੱਲੀ ਪਡ਼ਤਾਲ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਿਸ ਨੇ ਪਿੰਡ ਜੜਤੌਲੀ ਡੇਹਲੋਂ ਦੇ ਰਹਿਣ ਵਾਲੇ ਚਰਨਪ੍ਰੀਤ ਸਿੰਘ ਦੇ ਬਿਆਨ ਉੱਪਰ ਕੈਨੇਡਾ ਦੀ ਰਹਿਣ ਵਾਲੀ ਲਵਪ੍ਰੀਤ ਕੌਰ ,ਪੰਜੇਟਾ ਪਿੰਡ ਦੇ ਵਾਸੀ ਸੁਖਵਿੰਦਰ ਕੌਰ ਅਤੇ ਜਗਤਾਰ ਸਿੰਘ ਦੇ ਖਿਲਾਫ ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ।ਪੁਲਿਸ ਨੂੰ ਜਾਣਕਾਰੀ ਦਿੰਦਿਆਂ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਕੌਰ ਨਾਲ ਉਸ ਦਾ ਵਿਆਹ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ । ਲਵਪ੍ਰੀਤ ਤੇ ਮਾਤਾ ਪਿਤਾ ਨੇ ਰਿਸ਼ਤੇ ਦੀ ਦੱਸ ਪਾਈ ਅਤੇ ਗੱਲ ਅੱਗੇ ਤੁਰਨ ਤੇ ਉਨ੍ਹਾਂ ਨੇ ਲਵਪ੍ਰੀਤ ਕੌਰ ਦਾ ਵਿਆਹ ਚਰਨਪ੍ਰੀਤ ਨਾਲ ਕੁਝ ਹੀ ਦਿਨਾਂ ਵਿੱਚ ਕਰ ਦਿੱਤਾ । ਵਿਆਹ ਤੋਂ ਕੁਝ ਦਿਨਾਂ ਬਾਅਦ ਲਵਪ੍ਰੀਤ ਨੇ ਕੈਨੇਡਾ ਜਾਣ ਦੀ ਗੱਲ ਆਖੀ ਅਤੇ ਇਹ ਵੀ ਕਿਹਾ ਕਿ ਵਿਦੇਸ਼ ਪਹੁੰਚਣ ਤੋਂ ਬਾਅਦ ਉਹ ਚਰਨਪ੍ਰੀਤ ਨੂੰ ਉੱਥੇ ਜਲਦੀ ਬੁਲਾ ਲਵੇਗੀ।ਵਿਆਹ ਦੇ ਇੱਕ ਮਹੀਨੇ ਬਾਅਦ ਪਤੀ ਦੇ 40 ਲੱਖ ਲਗਵਾ ਕੇ ਲੜਕੀ ਕੈਨੇਡਾ ਪਹੁੰਚ ਗਈ ਅਤੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ । ਚਰਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਆਪਸ ਵਿਚ ਸਾਜਬਾਜ ਹੋ ਕੇ ਇਸ ਧੋਖਾਧੜੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ।ਕਈ ਮਹੀਨਿਆਂ ਤੱਕ ਚੱਲੀ ਪਡ਼ਤਾਲ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ । ਜਾਂਚ ਅਧਿਕਾਰੀ ਸੁਭਾਸ਼ ਚੰਦ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਅਗਲੀ ਕਾਰਵਾਈ ਕਰ ਰਹੀ ਹੈ ।
previous post