ਮੈਲਬੌਰਨ – “ਨਿਊ ਸਾਉਥ ਵੇਲਜ਼ ਤੋਂ ਵਿਕਟੋਰੀਆ ਦੇ ਵਿੱਚ ਕੋਰੋਨਾਵਾਇਰਸ ਦੇ ਕਮਿਊਨਿਟੀ ਦੇ ਵਿੱਚ ਫੈਲ ਜਾਣ ਦੇ ਮੌਜੂਦਾ ਪੱਧਰ ਦੇ ਕਾਰਨ, ਮੌਜੂਦਾ ਲੌਕਡਾਊਨ ਨੂੰ ਇੱਕ ਹੋਰ ਹਫ਼ਤੇ ਦੇ ਲਈ ਵਧਾਇਆ ਗਿਆ ਹੈ ਅਤੇ ਰੈੱਡ ਜ਼ੋਨ ਪਰਮਿਟ ਦੀ ਵਰਤੋਂ ਕਰਕੇ ਵਿਕਟੋਰੀਆ ਦੀ ਯਾਤਰਾ ਕਰਨ ‘ਤੇ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਗਈ ਹੈ, ਅਜਿਹਾ ਇਸ ਡੈਲਟਾ ਵਾਇਰਸ ਦੇ ਪ੍ਰਕੋਪ ਨੂੰ ਘੱਟ ਕਰਨ ਦੇ ਲਈ ਕੀਤਾ ਗਿਆ ਹੈ।”
ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੇ ਵਲੋਂ ‘ਇੰਡੋ ਟਾਈਮਜ਼’ ਨੂੰ ਭੇਜੀ ਜਾਣਕਾਰੀ ਦੇ ਵਿੱਚ ਦੱਸਿਆ ਹੈ ਕਿ ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਨੇ ਡੈਲਟਾ ਵਾਇਰਸ ਨੂੰ ਕੰਟਰੋਲ ਕਰਨ ਅਤੇ ਵਿਕਟੋਰੀਅਨਾਂ ਨੂੰ ਸੁਰੱਖਿਅਤ ਰੱਖਣ ਲਈ ਵਿਕਟੋਰੀਆ ਵਿੱਚ ਮੌਜੂਦਾ ਪਾਬੰਦੀਆਂ ਨੂੰ ਘੱਟੋ-ਘੱਟ ਅਗਲੇ ਹੋਰ ਸੱਤ ਦਿਨਾਂ ਦੇ ਲਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਇੱਕ ਹਫ਼ਤਾ ਪਹਿਲਾਂ ਕੋਰੋਨਾਵਾਇਰਸ ਦੀ ਡੈਲਟਾ ਕਿਸਮ ਨੇ ਐਨਐਸਡਬਲਯੂ ਤੋਂ ਸਾਡੇ ਰਾਜ ਵਿੱਚ ਦਾਖਲਾ ਕੀਤਾ ਸੀ ਅਤੇ ਉਸ ਸਮੇਂ ਤੋਂ ਵਿਕਟੋਰੀਆ ਦੇ ਸੰਪਰਕ ਟ੍ਰੇਸਰਾਂ ਨੇ ਇਸ ਵਾਇਰਸ ‘ਤੇ ਕਾਬੂ ਪਾਉਣ ਲਈ ਚਾਰੇ ਪਾਸੇ ਕੰਮ ਕੀਤਾ ਪਰ ਅੱਜ ਵੀ ਅਸੀਂ 85 ਸਰਗਰਮ ਮਾਮਲੇ:
• ਕੁਆਰੰਟੀਨ ਵਿੱਚ 15,000 ਤੋਂ ਵੱਧ ਪ੍ਰਾਇਮਰੀ ਨਜ਼ਦੀਕੀ ਸੰਪਰਕ
• ਫਿਲਿਪ ਆਈਲੈਂਡ ਤੋਂ ਮਾਲੀ ਤੱਕ 250 ਐਕਸਪੋਜ਼ਰ ਸਾਈਟਾਂ ਅਤੇ
• ਰੋਜ਼ਾਨਾ ਕੇਸਾਂ ਦੀ ਦੁੱਗਣੀ ਗਿਣਤੀ
ਹੋਣ ਕਰਕੇ ਮੌਜੂਦਾ ਪਾਬੰਦੀਆਂ ਅਗਲੇ ਹੋਰ 7 ਦਿਨ, 27 ਜੁਲਾਈ ਰਾਤ 11:59 ਵਜੇ ਤੱਕ ਦੇ ਲਈ ਜਾਰੀ ਰਹਿਣਗੀਆਂ।
ਪ੍ਰੀਮੀਅਰ ਨੇ ਜਰੂਰੀ ਕੰਮ ਤੋਂ ਇਲਾਵਾ ਲੋਕਾਂ ਨੂੰ ਬਾਹਰ ਨਾ ਨਿਕਲਣ ਤੇ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਹੈ। ਘਰ ਛੱਡਣ ਦੇ ਸਿਰਫ ਪੰਜ ਕਾਰਨ ਹੋਣਗੇ ਅਤੇ ਹੁਣ ਲੋਕ ਸਿਰਫ਼ ਹੇਠ ਲਿਖੇ ਕੰਮਾਂ ਦੇ ਲਈ ਹੀ ਬਾਹਰ ਜਾ ਸਕਦੇ ਹਨ:
• ਜਰੂਰੀ ਸ਼ਾਪਿੰਗ
• ਮੈਡੀਕਲ
• ਕਸਰਤ
• ਵਰਕ ਐਂਡ ਐਜੂਕੇਸ਼ਨ
ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਨੇ ਅੱਜ ਰਾਤ 11:59 ਵਜੇ ਤੋਂ ਅਗਲੇ ਦੋ ਹਫ਼ਤੇ ਦੇ ਲਈ ਰੈੱਡ ਜ਼ੋਨ ਪਰਮਿਟ ਦੁਆਰਾ ਵਿਕਟੋਰੀਆ ਦੀ ਯਾਤਰਾ ਕਰਨ ‘ਤੇ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ। ਅਗਲੇ ਦੋ ਹਫ਼ਤੇ ਵਿਕਟੋਰੀਆ ਦੇ ਵਸਨੀਕਾਂ ਨੂੰ ਰੈੱਡ ਜ਼ੋਨ ਤੋਂ ਵਿਕਟੋਰੀਆ ਦੇ ਵਿੱਚ ਆਉਣ ਲਈ ਛੋਟ ਹੋਵੇਗੀ ਪਰ ਇਹ ਛੋਟ ਬਹੁਤ ਹੀ ਅਸਾਧਾਰਣ ਹਾਲਾਤ ਦੇ ਵਿੱਚ ਦਿੱਤੀ ਜਾਵੇਗੀ। ਬਿਨਾਂ ਪਰਮਿਟ ਦੇ ਰੈੱਡ ਜ਼ੋਨ ਤੋਂ ਵਿਕਟੋਰੀਆ ਦੇ ਵਿੱਚ ਦਾਖਲ ਹੋਣ ਵਾਲੇ ਨੂੰ 5452 ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ।