ਮੁੰਬਈ – ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ (ਈਓਡਬਲਯੂ) ਨੇ ਜਹਾਜ਼ ਵਾਹਕ ਬੇੜੇ ਵਿਕਰਾਂਤ ਨੂੰ ਬਚਾਉਣ ਲਈ ਇਕੱਠੇ ਕੀਤੇ ਗਏ ਚੰਦੇ ਨੂੰ ਲੈ ਕੇ ਭਾਜਪਾ ਨੇਤਾ ਕਿਰੀਟ ਸੋਮਈਆ ਤੋਂ ਸੋਮਵਾਰ ਨੂੰ ਪੁੱਛਗਿੱਛ ਕੀਤੀ। ਸੋਮਈਆ ਸਵੇਰੇ 11 ਵਜੇ ਪੁਲਿਸ ਕਮਿਸ਼ਨਰ ਦਫ਼ਤਰ ਪੁੱਜੇ, ਜਿੱਥੇ ਲਗਪਗ ਤਿੰਨ ਘੰਟੇ ਤਕ ਉਨ੍ਹਾਂ ਦਾ ਬਿਆਨ ਰਿਕਾਰਡ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹੋਰ ਜ਼ਿਆਦਾ ਪੁੱਛਗਿੱਛ ਲਈ ਈਓਡਬਲਯੂ ਉਨ੍ਹਾਂ ਨੂੰ ਮੁੜ ਬੁਲਾ ਸਕਦੀ ਹੈ। ਮੁੰਬਈ ਦੀ ਇਕ ਅਦਾਲਤ ਵੱਲੋਂ ਕਿਰੀਟ ਸੋਮਈਆ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਮਗਰੋਂ ਈਓਡਬਲਯੂ ਨੇ ਸੰਮਨ ਜਾਰੀ ਕੀਤਾ ਸੀ।ਇਕ ਸਾਬਕਾ ਸੈਨਿਕ ਨੇ ਇਹ ਦੋਸ਼ ਲਗਾਉਂਦੇ ਹੋਏ ਟ੍ਰਾਂਬੇ ਥਾਣੇ ‘ਚ ਮਾਮਲਾ ਦਰਜ ਕਰਵਾਇਆ ਸੀ ਕਿ ਉਸ ਨੇ ਜਲ ਸੈਨਾ ਤੋਂ ਰਿਟਾਇਰ ਕੀਤੇ ਜਾ ਚੁੱਕੇ ਜਹਾਜ਼ ਵਾਹਕ ਬੇੜੇ ਵਿਕਰਾਂਤ ਨੂੰ ਬਚਾਉਣ ਲਈ ਸੋਮਈਆ ਨੂੰ ਚੰਦਾ ਦਿੱਤਾ ਸੀ, ਜਿਸ ਦੀ ਦੁਰਵਰਤੋਂ ਹੋਈ। ਸ਼ਿਵਸੈਨਾ ਨੇਤਾ ਸੰਜੇ ਰਾਉਤ ਨੇ ਵੀ ਵਿਕਰਾਂਤ ਨੂੰ ਬਚਾਉਣ ਲਈ ਇਕੱਠੇ ਕੀਤੇ ਗਏ ਚੰਦੇ ਦੇ ਫਰਜ਼ੀਵਾੜੇ ਦੇ ਦੋਸ਼ ਲਗਾਏ ਸਨ।
ਰਾਉਤ ਦਾ ਕਹਿਣਾ ਸੀ ਕਿ ਸੋਮਈਆ ਨੇ ਵਿਕਰਾਂਤ ਨੂੰ ਸਕੈ੍ਪ ਯਾਰਡ ‘ਚ ਲਿਜਾਣ ਤੋਂ ਬਚਾਉਣ ਦੇ ਨਾਂ ‘ਤੇ ਆਮ ਜਨਤਾ ਤੋਂ 57 ਕਰੋੜ ਰੁਪਏ ਇਕੱਠੇ ਕੀਤੇ। ਇਸ ਰਾਸ਼ੀ ਨੂੰ ਮਹਾਰਾਸ਼ਟਰ ਦੇ ਰਾਜਪਾਲ ਦੇ ਸਕੱਤਰੇਤ ‘ਚ ਜਮ੍ਹਾਂ ਕਰਵਾਉਣ ਦੀ ਬਜਾਏ ਇਸ ਦੀ ਦੁਰਵਰਤੋਂ ਕੀਤੀ ਗਈ। ਸੋਮਈਆ ਨੇ ਇਨ੍ਹਾਂ ਦੋਸ਼ਾਂ ਨੂੰ ਗ਼ਲਤ ਦੱਸਿਆ ਹੈ। ਇਸ ਤੋਂ ਪਹਿਲਾਂ ਮੁੰਬਈ ਹਾਈ ਕੋਰਟ ਨੇ ਇਸ ਮਾਮਲੇ ‘ਚ ਕਿਰੀਟ ਸੋਮਈਆ ਦੀ ਗਿ੍ਫ਼ਤਾਰੀ ‘ਤੇ ਅੰਤਿ੍ਮ ਰੋਕ ਲਗਾਈ ਸੀ। ਜਸਟਿਸ ਅਨੁਜਾ ਪ੍ਰਭੂਦੇਸਾਈ ਦੀ ਬੈਂਚ ਨੇ ਕਿਹਾ ਕਿ ਇਸ ਮਾਮਲੇ ‘ਚ ਗਿ੍ਫ਼ਤਾਰੀ ਦੀ ਸਥਿਤੀ ‘ਚ ਸੋਮਈਆ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ‘ਤੇ ਰਿਹਾਅ ਕੀਤਾ ਜਾਵੇ। ਅਦਾਲਤ ਨੇ ਸੋਮਈਆ ਨੂੰ ਮਾਮਲੇ ‘ਚ ਪੁਲਿਸ ਜਾਂਚ ‘ਚ ਸਹਿਯੋਗ ਕਰਨ ਦਾ ਵੀ ਨਿਰਦੇਸ਼ ਦਿੱਤਾ ਸੀ।
ਦੇਸ਼ ਦੀ ਜਲ ਸੈਨਾ ‘ਚ ਲੰਬੇ ਸਮੇਂ ਤਕ ਸੇਵਾ ਦੇਣ ਵਾਲੇ ਜਹਾਜ਼ ਵਾਹਕ ਬੇੜੇ ਵਿਕਰਾਂਤ ਨੂੰ 1997 ‘ਚ ਡੀ-ਕਮਿਸ਼ਨ ਕੀਤੇ ਜਾਣ ਤੋਂ ਬਾਅਦ ਉਸ ਨੂੰ ਸਕ੍ਰੈਪ ਯਾਰਡ ‘ਚ ਭੇਜੇ ਜਾਣ ਦੀ ਯੋਜਨਾ ਬਣੀ। ਉਦੋਂ ਸਮਾਜਿਕ ਸੰਗਠਨਾਂ ਨੇ ਵਿਕਰਾਂਤ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਕੀਤੀ। ਇਨ੍ਹਾਂ ਸੰਗਠਨਾਂ ਦਾ ਮੰਨਣਾ ਸੀ ਕਿ ਭਾਰਤ ਵੱਲੋਂ ਕਈ ਅਹਿਮ ਜੰਗਾਂ ‘ਚ ਹਿੱਸਾ ਲੈ ਚੁੱਕੇ ਵਿਕਰਾਂਤ ਨੂੰ ਸਕ੍ਰੈਪ ਲਈ ਦੇਣ ਦੀ ਬਜਾਏ ਇਸ ਨੂੰ ਦੇਸ਼ ਦੇ ਪਹਿਲੇ ਨੇਵੀ ਮਿਊਜ਼ੀਅਮ ‘ਚ ਬਦਲਿਆ ਜਾਣਾ ਚਾਹੀਦਾ ਹੈ।