ਗੁਮਲਾ/ਖੁੰਟੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਵਿਚ ਵਿਕਾਸ ਦੇ ਨਾਂ ’ਤੇ ਆਦਿਵਾਸੀਆਂ ਦੀ ਜ਼ਮੀਨ ਖੋਹੀ ਜਾ ਰਹੀ ਹੈ। ਗਾਂਧੀ ਦੀ ’ਭਾਰਤ ਜੋੜੋ ਨਿਆਏ ਯਾਤਰਾ’ ਅੱਜ ਯਾਨੀ ਮੰਗਲਵਾਰ ਸਵੇਰੇ ਫਿਰ ਝਾਰਖੰਡ ਦੇ ਖੁੰਟੀ ਜ਼ਿਲ੍ਹੇ ਤੋਂ ਸ਼ੁਰੂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੀ ਪਿਛਲੀ ਭਾਜਪਾ ਸਰਕਾਰ ਨੇ ਕਈ ਏਕੜ ਆਦਿਵਾਸੀਆਂ ਦੀ ਜ਼ਮੀਨ ਐਕਵਾਇਰ ਕੀਤੀ ਸੀ ਪਰ ਇਸ ਜ਼ਮੀਨ ਦਾ ਕੋਈ ਇਸਤੇਮਾਲ ਨਹੀਂ ਕੀਤਾ ਗਿਆ। ਯਾਤਰਾ ਦੇ ਅਧੀਨ ਗੁਮਲਾ ਜ਼ਿਲ੍ਹੇ ਦੇ ਕਾਮਡਾਰਾ ਚੌਕ ਵਿਖੇ ਰੋਡ ਸ਼ੋਅ ਦੌਰਾਨ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ,“ਮੈਂ ਇੱਥੇ ਝਾਰਖੰਡ ਵਿਚ ਬਹੁਤ ਸਾਰੀਆਂ ਆਦਿਵਾਸੀ ਔਰਤਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਵਿਕਾਸ ਦੇ ਨਾਂ ’ਤੇ ਉਨ੍ਹਾਂ ਦੀ ਜ਼ਮੀਨ ਖੋਹ ਕੇ ਅੰਤ ’ਚ ਕਾਰੋਬਾੀਆਂ ਜਾਂ ਐੱਨ.ਜੀ.ਓ. ਨੂੰ ਦੇ ਦਿੱਤੀ ਗਈ। ਆਦਿਵਾਸੀਆਂ ਲਈ ਇਹ ਇਕ ਵੱਡਾ ਮੁੱਦਾ ਹੈ।” ਉਨ੍ਹਾਂ ਕਿਹਾ ਕਿ ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਨੇ ਭੂਮੀ ਗ੍ਰਹਿਣ ਕਾਨੂੰਨ ਲਿਆਂਦਾ ਸੀ, ਜਿਸ ਤਹਿਤ ਇਹ ਵਿਵਸਥਾ ਕੀਤੀ ਗਈ ਸੀ ਕਿ ਗ੍ਰਾਮ ਸਭਾ ਦੀ ਸਹਿਮਤੀ ਤੋਂ ਬਿਨਾਂ ਕਿਸੇ ਆਦਿਵਾਸੀ ਦੀ ਜ਼ਮੀਨ ਨਹੀਂ ਲਈ ਜਾਵੇਗੀ। ਗਾਂਧੀ ਨੇ ਦਾਅਵਾ ਕੀਤਾ,“ਕਾਨੂੰਨ ਦੇ ਉਪਬੰਧਾਂ ਦੇ ਅਨੁਸਾਰ, ਭਾਵੇਂ ਉਨ੍ਹਾਂ ਦੀ ਜ਼ਮੀਨ ਲੈ ਲਈ ਜਾਂਦੀ ਹੈ, ਉਨ੍ਹਾਂ ਨੂੰ ਮਾਰਕੀਟ ਰੇਟ ਤੋਂ ਚਾਰ ਗੁਣਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਜੇਕਰ ਐਕੁਆਇਰ ਕੀਤੀ ਜ਼ਮੀਨ ਦਾ ਇਸਤੇਮਾਲ ਪੰਜ ਸਾਲਾਂ ਤੱਕ ਨਹੀਂ ਕੀਤਾ ਜਾਂਦਾ ਹੈ ਤਾਂ ਇਸ ਨੂੰ ਅਸਲ ਮਾਲਕ ਨੂੰ ਸੌਂਪਣਾ ਹੋਵੇਗਾ। ਉਨ੍ਹਾਂ ਨੇ ਝਾਰਖੰਡ ਦੀ ਪਿਛਲੀ ਭਾਜਪਾ ਸਰਕਾਰ ’ਤੇ ਇਹ ਵੀ ਦੋਸ਼ ਲਗਾਇਆ ਕਿ “ਲੈਂਡ ਬੈਂਕ ਬਣਾਉਣ ਲਈ ਆਦਿਵਾਸੀਆਂ ਦੀ ਲੱਖਾਂ ਏਕੜ ਜ਼ਮੀਨ ਐਕੁਆਇਰ ਕਰਨ ਅਤੇ ਫਿਰ ਇਸ ਦਾ ਕੋਈ ਇਸਤੇਮਾਲ ਨਹੀਂ ਕਰਨ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ,’’ਹੁਣ ਆਦਿਵਾਸੀ ਆਪਣੀ ਜ਼ਮੀਨ ਵਾਪਸ ਚਾਹੁੰਦੇ ਹਨ।’’