ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਵਿਦਿਆਰਥੀਆਂ ਨੇ ਕਿੱਤੇ ਨਾਲ ਸਬੰਧਿਤ ਗਿਆਨ ’ਚ ਵਾਧੇ ਲਈ ਵੱਖ-ਵੱਖ ਗਤੀਵਿਧੀਆਂ ’ਚ ਉਤਸ਼ਾਹ ਨਾਲ ਹਿੱਸਾ ਲਿਆ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਲੀਕੀਆਂ ਸਰਗਰਮੀਆਂ ’ਚ ਬੀ. ਵੀ. ਐੱਸਸੀ. ਅਤੇ ਏ. ਐੱਚ. ਤੀਜੇ ਪ੍ਰੋਫੈਸ਼ਨਲ ਸਾਲ ਦੇ 81 ਵਿਦਿਆਰਥੀਆਂ ਨੇ ਪ੍ਰਫੈਕਟੋ ਪੋਲਟਰੀ ਉਤਪਾਦ, ਮੀਟ ਪ੍ਰੋਸੈਸਿੰਗ ਪਲਾਂਟ, ਅੰਮ੍ਰਿਤਸਰ ਦੇ ਵਿੱਦਿਅਕ ਦੌਰੇ ਤੋਂ ਇਲਾਵਾ ਫੈਕਲਟੀ ਅਤੇ ਇੰਟਰਨਸ਼ਿਪ ਵਿਦਿਆਰਥੀਆਂ ਨੇ ਪਸ਼ੂ ਪਾਲਣ ਵਿਭਾਗ ਪੰਜਾਬ ਅਤੇ ਇੰਟਾਸ ਫਾਰਮਾ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਪਿੰਡ ਚੀਚਾ ਭਕਨਾ ਵਿਖੇ ਪਸ਼ੂ ਪਾਲਣ ਸਲਾਹਕਾਰ ਅਤੇ ਪਸ਼ੂ ਭਲਾਈ ਕੈਂਪ ’ਚ ਹਿੱਸਾ ਲਿਆ।
ਡਾ. ਵਰਮਾ ਨੇ ਕਿਹਾ ਕਿ ‘ਸੀਂਗ ਇਨ ਬਲੀਵਿੰਗ’ ਦੇ ਮਕਸਦ ਨਾਲ ਉਕਤ ਵਿੱਦਿਅਕ ਦੌਰਾ ਐੱਮ. ਡੀ. ਡਾ. ਐੱਸ. ਕੇ. ਨਾਗਪਾਲ ਅਤੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਐੱਚ. ਓ. ਡੀ. ਡਾ. ਵੀ. ਵੀ. ਕੁਲਕਰਨੀ ਦੁਆਰਾ ਆਯੋਜਿਤ ਕੀਤਾ ਗਿਆ ਸੀ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਮੀਟ ਪ੍ਰੋਸੈਸਿੰਗ ਤਕਨਾਲੋਜੀਆਂ ਦਾ ਸਿੱਧਾ ਵਿਹਾਰਕ ਗਿਆਨ ਪ੍ਰਦਾਨ ਕਰਨਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਰਮਨਜੀਤ, ਸ੍ਰੀਮਤੀ ਅਸ਼ਵਿੰਦਰ ਅਤੇ ਉਧਯ ਬਾਜਵਾ ਵੱਲੋਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਆਧੁਨਿਕ ਮੀਟ ਪ੍ਰੋਸੈਸਿੰਗ ਦੀਆਂ ਪੇਚੀਦਗੀਆਂ ਸਬੰਧੀ ਚਾਨਣਾ ਪਾਉਂਦਿਆਂ ਹਰੇਕ ਪੜਾਅ ’ਤੇ ਸਖ਼ਤ ਗੁਣਵੱਤਾ ਨਿਯੰਤਰਣ ਉਪਾਵਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੌਰੇ ਦੀ ਮਹੱਤਵਪੂਰਨ ਵਿਸ਼ੇਸ਼ਤਾ ਪਲਾਂਟ ਦੀ ਨਵੀਨਤਾਕਾਰੀ ‘ਜ਼ੀਰੋ ਵੇਸਟ’ ਨੀਤੀ ਸੀ, ਜਿਸ ਨੇ ਮੀਟ ਉਦਯੋਗ ਦੇ ਅੰਦਰ ਟਿਕਾਊ ਅਭਿਆਸਾਂ ’ਚ ਲਾਹੇਵੰਦ ਗਿਆਨ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਰਮਨਜੀਤ ਨੂੰ ਯਾਦਗਾਰ ਵਜੋਂ ਇਕ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਇਸ ਦੌਰੇ ’ਚ ਡਾ. ਨਿਤਾਸ਼ਾ ਸੰਬਿਆਲ, ਡਾ. ਸਾਕਸ਼ੀ ਸ਼ਰਮਾ ਵੀ ਸ਼ਾਮਿਲ ਸਨ।
ਡਾ. ਵਰਮਾ ਨੇ ਕਿਹਾ ਕਿ ਪਿੰਡ ਚੀਚਾ ਭਕਨਾ ਵਿਖੇ ਪਸ਼ੂ ਪਾਲਣ ਸਲਾਹਕਾਰ ਅਤੇ ਪਸ਼ੂ ਭਲਾਈ ਕੈਂਪ ’ਚ ਕਾਲਜ ਨੇ ਖੇਤਰ ਵਿਸ਼ੇਸ਼ ਖਣਿਜ ਮਿਸ਼ਰਣ (ਸੰਸਥਾ ਦੁਆਰਾ ਤਿਆਰ ਕੀਤਾ ਗਿਆ-ਖਾਲਸ ਅੰਮ੍ਰਿਤ) ਦੇ ਨਮੂਨੇ ਵੰਡਦਿਆਂ ਕਿਸਾਨਾਂ ਨੂੰ ਪਸ਼ੂਆਂ ਨੂੰ ਖਣਿਜ ਮਿਸ਼ਰਣ ਖੁਆਉਣ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਪ੍ਰੋਗਰਾਮ ’ਚ ਕਾਲਜ ਦੇ ਕਲੀਨਿਕਾਂ ਦੇ ਡਾਇਰੈਕਟਰ ਡਾ. ਪੀ. ਐਸ. ਮਾਵੀ, ਵੀ. ਏ. ਐੱਚ. ਈ. ਈ. ਵਿਭਾਗ ਦੇ ਮੁਖੀ ਡਾ. ਐਸ. ਕੇ. ਕਾਂਸਲ, ਵਿਭਾਗ ਦੇ ਸਹਾਇਕ ਪ੍ਰੋ: ਡਾ. ਸੁਮਨ ਸ਼ਰਮਾ ਅਤੇ ਡਾ. ਸਿਮਰਨਜੀਤ ਉੱਤਮ, ਪਸ਼ੂ ਪੋਸ਼ਣ ਵਿਭਾਗ ਦੇ ਸਹਾਇਕ ਪ੍ਰੋ: ਡਾ. ਪ੍ਰਿੰਸ ਚੌਹਾਨ ਅਤੇ ਡਾ. ਏ. ਐਸ. ਪੰਨੂ, ਐੱਸ. ਵੀ. ਓ. ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਡਾ. ਪੰਨੂ ਨੇ ਡੇਅਰੀ ਜਾਨਵਰਾਂ ’ਚ ਟੀਕਾਕਰਨ ਦੀ ਮਹੱਤਤਾ ’ਤੇ ਭਾਸ਼ਣ ਦਿੰਦਿਆਂ ਡੇਅਰੀ ਉਤਪਾਦਕਤਾ ’ਚ ਸੁਧਾਰ ਲਈ ਫ਼ੀਡ, ਚਾਰੇ ਅਤੇ ਸਹੀ ਪਸ਼ੂ ਪ੍ਰਬੰਧਨ ਦੀ ਮਹੱਤਤਾ ’ਤੇ ਚਾਨਣਾ ਪਾਇਆ। ਜਦਕਿ ਡਾ. ਮਾਵੀ ਨੇ ਖਾਲਸਾ ਕਾਲਜ ਵੈਟਰਨਰੀ ਹਸਪਤਾਲ ਦੀਆਂ ਸਮਰੱਥਾਵਾਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਰਜੀਕਲ ਪ੍ਰੀਕ੍ਰਿਆਵਾਂ, ਨਿਯਮਿਤ ਜਾਂਚ ਅਤੇ ਡਾਇਗਨੌਸਟਿਕ ਟੈਸਟ ਕਰਵਾਉਣ ਲਈ ਤਿਆਰ ਹੈ।
ਇਸ ਮੌਕੇ ਡਾ. ਵਰਮਾ ਨੇ ਕਿਸਾਨਾਂ ਨੂੰ ਮਾਸਟਾਈਟਸ ਬਿਮਾਰੀ ਬਾਰੇ ਜਾਣੂ ਕਰਵਾਉਂਦਿਆਂ ਹੋਣ ਵਾਲੇ ਨੁਕਸਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਡੇਅਰੀ ਪਸ਼ੂਆਂ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਜਨਨ ਵਿਕਾਰਾਂ ਸਬੰਧੀ ਵੀ ਸੰਬੋਧਿਤ ਕੀਤਾ ਅਤੇ ਕਿਸਾਨਾਂ ਨੂੰ ਪਸ਼ੂ ਸਿਹਤ ਐਮਰਜੈਂਸੀ ਲਈ ਵੈਟਰਨਰੀ ਮਾਹਿਰਾਂ ਦੀ ਸਹਾਇਤਾ ਲੈਣ ਅਤੇ ਪਿੰਡ ਮਾਹਲ ਵਿਖੇ ਵੈਟਰਨਰੀ ਹਸਪਤਾਲ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ ’ਤੇ ਚਾਨਣਾ ਪਾਇਆ। ਇਸ ਮੌਕੇ ਕਾਲਜ ਪਸ਼ੂ ਪੋਸ਼ਣ ਵਿਭਾਗ ਵੱਲੋਂ ਵਿਕਸਤ ਕੀਤੇ ਗਏ ਖੇਤਰ-ਵਿਸ਼ੇਸ਼ ਖਣਿਜ ਮਿਸ਼ਰਣ ਦੇ ਮੁਫਤ ਨਮੂਨੇ ਪੈਕੇਟ ਹਾਜ਼ਰੀਨ ਨੂੰ ਦਿੱਤੇ ਗਏ। ਉਕਤ ਫਾਰਮਾ ਪ੍ਰਾ: ਲਿਮ: ਨੇ ਕੈਲਸ਼ੀਅਮ ਸਪਲੀਮੈਂਟ ਅਤੇ ਖਣਿਜ ਮਿਸ਼ਰਣ ਵੀ ਵੰਡੇ।