ਨਵੀਂ ਦਿੱਲੀ – ਵਿਰਾਟ ਕੋਹਲੀ ਨੇ ਟੀ-20 ਵਰਲਡ ਕੱਪ 2021 ਤੋਂ ਬਾਅਦ ਭਾਰਤੀ ਟੀ-20 ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਅਤੇ ਇਸਤੋਂ ਬਾਅਦ ਭਾਰਤੀ ਕ੍ਰਿਕਟ ’ਚ ਸਭ ਤੋਂ ਵੱਡੀ ਬਹਿਸ ਇਸ ਗੱਲ ’ਤੇ ਚੱਲ ਰਹੀ ਹੈ ਕਿ ਉਸਤੋਂ ਬਾਅਦ ਕਿਸਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇ। ਇਸ ਮਾਮਲੇ ’ਤੇ ਗੱਲ ਕਰਦੇ ਹੋਏ ਸਾਊਥ ਅਫਰੀਕਾ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਕਿਹਾ ਕਿ ਭਾਰਤ ਕੋਲ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸੀਨੀਅਰ ਅਤੇ ਯੁਵਾ ਖਿਡਾਰੀਆਂ ਦਾ ਵੱਡਾ ਪੁਲ਼ ਮੌਜੂਦ ਹੈ। ਡੇਲ ਸਟੇਨ ਨੇ ਸਪੋਰਟਸ ਤਕ ਗੱਲ ਕਰਦੇ ਹੋਏ ਕਿਹਾ ਕਿ ਟੀਮ ਇੰਡੀਆ ਕੋਲ ਵਿਕੱਲਪ ਦੀ ਕਮੀ ਨਹੀਂ ਹੈ। ਤੁਹਾਨੂੰ ਸਿਰਫ਼ ਆਈਪੀਐੱਲ ਨੂੰ ਦੇਖਣਾ ਹੈ ਅਤੇ ਕਪਤਾਨੀ ਲਈ ਤੁਹਾਨੂੰ ਕਈ ਚਿਹਰੇ ਦਿਸ ਜਾਣਗੇ। ਇਸ ਟੀਮ ’ਚ ਸੂਰਿਆ ਕੁਮਾਰ ਯਾਦਵ ਹਨ ਅਤੇ ਮੈਨੂੰ ਲੱਗਦਾ ਹੈ ਕਿ ਉਹ ਕਿਸੀ ਖ਼ਾਸ ਥਾਂ ਤਕ ਜਾਣਗੇ। ਤੁਹਾਡੇ ਕੋਲ ਰਿਸ਼ਭ ਪੰਤ ਹੈ ਜੋ ਕਾਫੀ ਚੰਗੇ ਦਿਸ ਰਹੇ ਹਨ। ਅਜਿਹੇ ਕਈ ਸਾਰੇ ਲੋਕ ਹਨ, ਜਿਵੇਂ ਕਿ ਸ਼੍ਰੇਅਸ ਅੱਯਰ, ਰੋਹਿਤ ਸ਼ਰਮਾ ਵਗੈਰਾ। ਇਨ੍ਹਾਂ ਸਾਰਿਆਂ ਕੋਲ ਕਪਤਾਨੀ ਦੀ ਜ਼ਿੰਮੇਵਾਰੀ ਨਿਭਾਉਣ ਦੀ ਕਾਬਲੀਅਤ ਹੈ, ਪਰ ਤੁਹਾਨੂੰ ਕਿਸੇ ਅਜਿਹੇ ਨੂੰ ਜ਼ਿੰਮੇਵਾਰੀ ਦੇਣੀ ਹੋਵੇਗੀ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲੇ। ਡੇਲ ਸਟੇਨ ਨੇ ਅੱਗੇ ਕਿਹਾ ਕਿ ਉਨ੍ਹਾਂ ਕੋਲ ਚੁਣਨ ਲਈ ਅਲੱਗ-ਅਲੱਗ ਲੋਕਾਂ ਦਾ ਇਕ ਸਮੂਹ ਹੈ। ਮੈਨੂੰ ਲੱਗਦਾ ਹੈ ਕਿ ਹਾਲੇ ਭਾਰਤ ਲਈ ਸਭ ਤੋਂ ਰੋਮਾਂਚਕ ਗੱਲ ਇਹ ਹੈ ਕਿ ਜੋ ਨੌਜਵਾਨ ਖਿਡਾਰੀ ਸਾਹਮਣੇ ਆ ਰਹੇ ਹਨ, ਉਹ ਸਾਰੇ ਵਿਸ਼ਵ ਪੱਧਰੀ ਖਿਡਾਰੀ ਹਨ। ਤੁਸੀਂ ਮੁਹੰਮਦ ਸਿਰਾਜ, ਰਿਸ਼ਭ ਪੰਤ ਨੂੰ ਦੇਖੋ, ਇਹ ਨੌਜਵਾਨ ਖਿਡਾਰੀ ਹਨ ਜੋ ਅੰਤਰਰਾਸ਼ਟਰੀ ਪੱਧਰ ’ਤੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਸ ਲਈ ਜੇਕਰ ਤੁਸੀਂ ਰੋਹਿਤ ਨੂੰ ਕਪਤਾਨੀ ਦਿੰਦੇ ਹੋ ਜੋ ਕਾਫੀ ਸਮੇਂ ਤੋਂ ਇਥੇ ਹੈ ਨਾਲ ਹੀ ਕਈ ਆਈਪੀਐੱਲ ਖ਼ਿਤਾਬ ਜਿੱਤ ਚੁੱਕਾ ਹੈ, ਤਾਂ ਇਹ ਇਕ ਚੰਗਾ ਫ਼ੈਸਲਾ ਹੋਵੇਗਾ ਕਿਉਂਕਿ ਉਹ ਨੌਜਵਾਨਾਂ ਦਾ ਬਿਹਤਰੀਨ ਮਾਰਗਦਰਸ਼ਨ ਕਰ ਸਕਦੇ ਹਨ। ਭਾਵ ਉਨ੍ਹਾਂ ਨੇ ਸਾਫ਼ ਤੌਰ ’ਤੇ ਵਿਰਾਟ ਕੋਹਲੀ ਤੋਂ ਬਾਅਦ ਟੀਮ ਇੰਡੀਆ ਦਾ ਟੀ-20 ਕਪਤਾਨ ਬਣਾਉਣ ਲਈ ਰੋਹਿਤ ਸ਼ਰਮਾ ਦਾ ਸਮਰਥਨ ਕੀਤਾ। ਹਾਲਾਂਕਿ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਵਿਰਾਟ ਕੋਹਲੀ ਤੋਂ ਬਾਅਦ ਭਾਰਤੀ ਟੀ-20 ਦੀ ਕਮਾਨ ਸ਼ਾਇਦ ਰੋਹਿਤ ਸ਼ਰਮਾ ਨੂੰ ਹੀ ਸੌਂਪੀ ਜਾਵੇਗੀ।