ਹੁਏਲਵਾ – ਪਿਛਲੀ ਵਾਰ ਦੀ ਚੈਂਪੀਅਨ ਪੀਵੀ ਸਿੰਧੂ ਨੇ ਵੀਰਵਾਰ ਨੂੰ ਇੱਥੇ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਨੂੰ ਸਿੱਧੀਆਂ ਗੇਮਾਂ ਵਿਚ ਹਰਾ ਕੇ ਬੀਡਬਲਯੂਐੱਫ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਦੁਨੀਆ ਦੀ ਸੱਤਵੇਂ ਨੰਬਰ ਦੀ ਭਾਰਤੀ ਖਿਡਾਰਨ ਨੇ 10ਵੇਂ ਨੰਬਰ ਦੀ ਥਾਈਲੈਂਡ ਦੀ ਖਿਡਾਰਨ ਨੂੰ 48 ਮਿੰਟ ਚੱਲੇ ਪ੍ਰੀ ਕੁਆਰਟਰ ਫਾਈਨਲ ਮੁਕਾਬਲੇ ਵਿਚ 21-14, 21-18 ਨਾਲ ਹਰਾਇਆ। ਛੇਵਾਂ ਦਰਜਾ ਸਿੰਧੂ ਦੀ ਪੋਰਨਪਾਵੀ ਖ਼ਿਲਾਫ਼ ਅੱਠ ਮੈਚਾਂ ਵਿਚ ਇਹ ਪੰਜਵੀਂ ਜਿੱਤ ਹੈ ਜਦਕਿ ਤਿੰਨ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਿੰਧੂ ਨੇ ਇਸ ਨਾਲ ਹੀ ਪੋਰਨਪਾਵੀ ਖ਼ਿਲਾਫ਼ ਮੌਜੂਦਾ ਸੈਸ਼ਨ ਵਿਚ ਦੋ ਹਾਰਾਂ ਦਾ ਬਦਲਾ ਵੀ ਲੈ ਲਿਆ।
ਇਸ ਮਹੀਨੇ ਦੀ ਸ਼ੁਰੂਆਤ ਵਿਚ ਪੋਰਨਪਾਵੀ ਨੇ ਬੀਡਬਲਯੂਐੱਫ ਵਿਸ਼ਵ ਟੂਰ ਫਾਈਨਲਜ਼ ਦੇ ਗਰੁੱਪ ਮੈਚ ਵਿਚ ਸਿੰਧੂ ਨੂੰ ਹਰਾਉਣ ਤੋਂ ਪਹਿਲਾਂ ਮਾਰਚ ਵਿਚ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਵੀ ਉਨ੍ਹਾਂ ਨੂੰ ਮਾਤ ਦਿੱਤੀ ਸੀ। ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਸਿੰਧੂ ਕੁਆਰਟਰ ਫਾਈਨਲ ਵਿਚ ਚੋਟੀ ਦਾ ਦਰਜਾ ਹਾਸਲ ਤੇ ਦੁਨੀਆ ਦੀ ਨੰਬਰ ਇਕ ਖਿਡਾਰਨ ਚੀਨੀ ਤਾਇਪੇ ਦੀ ਤਾਈ ਜੂ ਯਿੰਗ ਨਾਲ ਭਿੜੇਗੀ ਜਿਨ੍ਹਾਂ ਨੇ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਨੂੰ 21-10, 19-21, 21-11 ਨਾਲ ਹਰਾ ਕੇ ਬਾਹਰ ਦਾ ਰਾਹ ਦਿਖਾਇਆ। ਸਿੰਧੂ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਜਲਦ ਹੀ 5-1 ਦੀ ਬੜ੍ਹਤ ਬਣਾਈ ਪਰ ਪੋਰਨਪਾਵੀ ਨੇ ਸਕੋਰ 4-5 ਕਰ ਦਿੱਤਾ। ਸਿੰਧੂ ਨੇ ਇਸ ਤੋਂ ਬਾਅਦ ਬਿਹਤਰ ਖੇਡ ਦਿਖਾਉਂਦੇ ਹੋਏ ਸਕੋਰ 15-10 ਤੇ ਫਿਰ 19-11 ਕਰ ਕੇ ਆਸਾਨੀ ਨਾਲ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਸਿੰਧੂ ਨੇ ਚੰਗੀ ਸ਼ੁਰੂਆਤ ਕਰਦੇ ਹੋਏ 3-0 ਦੀ ਬੜ੍ਹਤ ਬਣਾਈ ਤੇ ਬ੍ਰੇਕ ਤਕ 11-6 ਨਾਲ ਅੱਗੇ ਰਹੀ। ਇਸ ਤੋਂ ਬਾਅਦ ਕਈ ਲੰਬੀਆਂ ਰੈਲੀਆਂ ਦੇਖਣ ਨੂੰ ਮਿਲੀਆਂ ਜਿਸ ਵਿਚ ਥਾਈਲੈਂਡ ਦੀ ਖਿਡਾਰਨ ਨੇ ਕਈ ਅੰਕ ਬਣਾਏ। ਸਿੰਧੂ 16-10 ਨਾਲ ਅੱਗੇ ਸੀ ਪਰ ਪੋਰਨਪਾਵੀ ਨੇ ਵਾਪਸੀ ਕਰਦੇ ਹੋਏ ਸਕੋਰ 18-19 ਕਰ ਦਿੱਤਾ। ਸਿੰਧੂ ਨੇ ਲੰਬੀ ਰੈਲੀ ਤੋਂ ਬਾਅਦ ਅੰਕ ਹਾਸਲ ਕਰ ਕੇ ਸਕੋਰ 20-19 ਕਰ ਦਿੱਤਾ ਤੇ ਫਿਰ ਅਗਲਾ ਅੰਕ ਹਾਸਲ ਕਰ ਕੇ ਗੇਮ ਤੇ ਮੈਚ ਆਪਣੇ ਨਾਂ ਕਰ ਲਿਆ। ਇਸ ਵਿਚਾਲੇ ਅਸ਼ਵਿਨ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਦੀ ਮਹਿਲਾ ਡਬਲਜ਼ ਜੋੜੀ ਨੂੰ ਪ੍ਰੀ ਕੁਆਰਟਰ ਫਾਈਨਲ ਮੁਕਾਬਲੇ ਵਿਚ ਥਾਈਲੈਂਡ ਦੀ ਕਿਤਿਥਾਰਾਕੁਲ ਤੇ ਰਾਵਿੰਡ ਪ੍ਰਾਜੋਂਗਜਾਈ ਦੀ ਜੋੜੀ ਹੱਥੋਂ 38 ਮਿੰਟ ਤਕ ਚੱਲੇ ਮੁਕਾਬਲੇ ਵਿਚ 13-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
