ਵਾਸ਼ਿੰਗਟਨ – ਵਿਸ਼ਵ ਬੈਂਕ ਨੇ ਕਿਹਾ ਹੈ ਕਿ ਉਸ ਦੇ ਕਾਰਜਕਾਰੀ ਬੋਰਡ ਨੇ ਸੋਮਵਾਰ ਨੂੰ ਯੂਕਰੇਨ ਲਈ ਕਰਜ਼ ਦੇ ਗਰਾਂਟ ਦੇ ਰੂਪ ’ਚ 72.3 ਕਰੋੜ ਡਾਲਰ ਦੇ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੈਂਕ ਨੇ ਇਕ ਬਿਆਨ ’ਚ ਕਿਹਾ ਹੈ ਕਿ ਪੈਕੇਜ ’ਚ ਪਹਿਲਾਂ ਗਏ 35 ਕਰੋੜ ਡਾਲਰ ਦੇ ਕਰਜ਼ ਦਾ ਪੂਰਕ ਵੀ ਸ਼ਾਮਿਲ ਹੈ, ਜਿਸ ’ਚ ਨੀਦਰਲੈਂਡ ਤੇ ਸਵੀਡਨ ਦੀ ਗਰੰਟੀ ਦੇ ਆਧਾਰ ’ਤੇ 13.9 ਕਰੋੜ ਡਾਲਰ ਦਾ ਇਜ਼ਾਫ਼ਾ ਕੀਤਾ ਗਿਆ ਹੈ। ਪੈਕੇਜ ’ਚ 13.4 ਕਰੋੜ ਡਾਲਰ ਦੀ ਗਰਾਂਟ ਸ਼ਾਮਿਲ ਹੈ, ਜਿਸ ਨੂੰ ਬਰਤਾਨੀਆ, ਡੈਨਮਾਰਕ, ਲਾਤਵੀਆ, ਲਿਥੁਆਨੀਆ ਤੇ ਆਈਸਲੈਂਡ ਨੇ ਟਰੱਸਟ ਫੰਡ ਦੇ ਰੂਪ ’ਚ ਪ੍ਰਦਾਨ ਕੀਤਾ ਹੈ। ਜਾਪਾਨ ਇਸ ਦੇ ਸਮਾਂਤਰ 10 ਕਰੋੜ ਡਾਲਰ ਦੀ ਮਦਦ ਉਪਲਬਧ ਕਰਵਾ ਰਿਹਾ ਹੈ। ਸੰਗਠਨ ਦੇ ਬੁਲਾਰੇ ਨੇ ਕਿਹਾ ਕਿ ਇਸ ਰਕਮ ਨੂੰ ਅਗਲੇ ਕੁਝ ਦਿਨਾਂ ’ਚ ਯੂਕਰੇਨ ਸਰਕਾਰ ਨੂੰ ਤਬਦੀਲ ਕਰ ਦਿੱਤਾ ਜਾਵੇਗਾ। ਵਿਸ਼ਵ ਬੈਂਕ ਉਂਝ ਤਾਂ ਆਪਣੇ ਕਰਜ਼ ਦੀ ਵਰਤੋਂ ਲਈ ਕਿਸੇ ਤਰ੍ਹਾਂ ਦੀ ਸ਼ਰਤ ਨਹੀਂ ਰੱਖਦਾ, ਪਰ ਉਸ ਨੇ ਕਿਹਾ ਕਿ ਤੇਜ਼ੀ ਨਾਲ ਕੱਢੀ ਜਾਣ ਵਾਲੀ ਇਹ ਰਕਮ ਯੂਕਰੇਨ ਸਰਕਾਰ ਨੂੰ ਅਹਿਮ ਸੇਵਾਵਾਂ, ਹਸਪਤਾਲ ਦੇ ਮੁਲਾਜ਼ਮਾਂ ਤੇ ਪੈਨਸ਼ਨਧਾਰੀਆਂ ਨੂੰ ਭੁਗਤਾਨ ਤੇ ਹੋਰ ਸਮਾਜਿਕ ਪ੍ਰੋਗਰਾਮਾਂ ਦੇ ਸੰਚਾਲਨ ’ਚ ਮਦਦ ਕਰੇਗੀ। ਚੇਅਰਮੈਨ ਡੇਵਿਡ ਮਾਲਪਾਸ ਨੇ ਇਕ ਬਿਆਨ ’ਚ ਕਿਹਾ ਕਿ ਵਿਸ਼ਵ ਬੈਂਕ ਸਮੂਹ ਰੂਸ ਦੇ ਹਮਲੇ ਤੇ ਹਿੰਸਾ ਦਾ ਸਾਹਮਣਾ ਕਰ ਰਹੇ ਯੂਕਰੇਨ ਤੇ ਉੱਥੋਂ ਦੇ ਲੋਕਾਂ ਦੀ ਮਦਦ ਲਈ ਫ਼ੌਰੀ ਕਾਰਵਾਈ ਕਰ ਰਿਹਾ ਹੈ। ਆਉਣ ਵਾਲੇ ਮਹੀਨਿਆਂ ’ਚ ਯੂਕਰੇਨ ਨੂੰ ਤਿੰਨ ਅਰਬ ਡਾਲਰ ਦੀ ਮਦਦ ਦੇਣ ਦਾ ਕੰਮ ਚੱਲ ਰਿਹਾ ਹੈ।
previous post
