ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆਂ ਦੇ ਕਈ ਖੇਤਰਾਂ ਵਿੱਚ ਜਾਰੀ ਜੰਗ ਵਿਚਾਲੇ ਅੱਜ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨਾ ਸਿਰਫ਼ ਪ੍ਰਸੰਗਿਕ ਹਨ ਬਲਕਿ ਜ਼ਰੂਰੀ ਵੀ ਹਨ ਅਤੇ ਸ਼ਾਂਤੀ ਦਾ ਮਾਰਗ ਪੱਧਰਾ ਕਰਨ ਲਈ ਵਿਸ਼ਵ ਨੂੰ ਇਨ੍ਹਾਂ ਤੋਂ ਸਿੱਖ ਲੈਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਪਾਲੀ ਭਾਸ਼ਾ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤੇ ਜਾਣ ਨੂੰ ਭਗਵਾਨ ਬੁੱਧ ਦੀ ਮਹਾਨ ਵਿਰਾਸਤ ਦਾ ਸਨਮਾਨ ਕਰਾਰ ਦਿੱਤਾ ਅਤੇ ਕਿਹਾ ਕਿ ਭਾਰਤ ਦੀ ਬੁੱਧ ਵਿੱਚ ਆਸਥਾ ਸਿਰਫ਼ ਆਪਣੇ ਵਾਸਤੇ ਨਹੀਂ, ਬਲਕਿ ਪੂਰੀ ਮਨੁੱਖਤਾ ਦੀ ਸੇਵਾ ਦਾ ਮਾਰਗ ਹੈ। ਉਨ੍ਹਾਂ ਆਜ਼ਾਦੀ ਤੋਂ ਬਾਅਦ ਭਾਰਤ ਦੀ ਸਭਿਆਚਾਰਕ ਵਿਰਾਸਤ ਨੂੰ ਅਣਗੌਲਿਆਂ ਕਰਨ ਲਈ ਪਿਛਲੀਆਂ ਕਾਂਗਰਸ ਸਰਕਾਰਾਂ ’ਤੇ ਵੀ ਨਿਸ਼ਾਨਾ ਸੇਧਿਆ। ਪ੍ਰਧਾਨ ਮੰਤਰੀ ਰਾਜਧਾਨੀ ਸਥਿਤ ਵਿਗਿਆਨ ਭਵਨ ਵਿੱਚ ਕੌਮਾਂਤਰੀ ਅਭੀਧੰਮ ਦਿਵਸ ਪ੍ਰੋਗਰਾਮ ਅਤੇ ਪਾਲੀ ਨੂੰ ਸ਼ਾਸਤਰੀ ਭਾਸ਼ਾ ਵਜੋਂ ਮਾਨਤਾ ਦੇਣ ਸਬੰਧੀ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
previous post