ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਵਿਭਾਗ ਵੱਲੋਂ ‘ਵੇਨ ਕੋਡ ਮੀਟਸ ਕੇਅਰ: ਟਰਾਂਸਫਾਰਮਿੰਗ ਹੈਲਥ ਕੇਅਰ ਥਰੂ ਕੰਪਿਊਟਰ ਸਾਇੰਸ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਸੈਮੀਨਾਰ ’ਚ ਡਾ. ਜ਼ੇਰੋਜ਼ ਇੰਜੀਨੀਅਰ, ਹੈੱਡ, ਕਲੀਨਿਕਲ ਓਪਰੇਸ਼ਨਜ਼, ਮੁੰਬਈ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਆਧੁਨਿਕ ਸਿਹਤ ਸੇਵਾਵਾਂ ’ਚ ਕੰਪਿਊਟਰ ਸਾਇੰਸ ਦੀ ਬਦਲਦੀ ਭੂਮਿਕਾ ਦੀ ਪੜਚੋਲ ਕਰਨਾ ਸੀ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਸਟੂਡੈਂਟ ਵੈਲਫੇਅਰ ਡੀਨ ਡਾ. ਦਲਜੀਤ ਸਿੰਘ ਅਤੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਵਿਭਾਗ ਮੁੱਖੀ ਪ੍ਰੋ. ਸੁਖਵਿੰਦਰ ਕੌਰ ਨਾਲ ਮਿਲ ਕੇ ਡਾ. ਜ਼ੇਰੋਜ਼ ਦਾ ਮੋਮੈਂਟੋ ਭੇਟ ਕਰਕੇ ਸਵਾਗਤ ਕੀਤਾ। ਉਪਰੰਤ ਪ੍ਰਿੰ: ਡਾ. ਰੰਧਾਵਾ ਨੇ ਡਾ. ਜ਼ੇਰੋਜ਼ ਦਾ ਧੰਨਵਾਦ ਕਰਦਿਆਂ ਉਪਰੋਕਤ ਵਿਭਾਗ ਵੱਲੋਂ ਅਜਿਹੇ ਸਮਾਗਮਾਂ ਦੇ ਆਯੋਜਨ ਸਬੰਧੀ ਸ਼ਲਾਘਾ ਕੀਤੀ। ਇਸ ਦੌਰਾਨ ਡਾ. ਜ਼ੇਰੋਜ਼ ਨੇ ਡਾਕਟਰਾਂ, ਡਾਟਾ ਸਾਇੰਟਿਸਟਾਂ ਅਤੇ ਇੰਜੀਨੀਅਰਾਂ ਵਿਚਕਾਰ ਟੀਮ ਵਰਕ ਭਵਿੱਖ ਦੇ ਸਿਹਤ ਖੇਤਰ ਨੂੰ ਕਿਵੇਂ ਨਵੀਂ ਦਿਸ਼ਾ ਦੇ ਰਿਹਾ ਹੈ, ਸਬੰਧੀ ਚਾਨਣਾ ਪਾਉਂਦਿਆਂ ਇਸ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਇਸ ਮੌਕੇ ਪ੍ਰੋ. ਸੁਖਵਿੰਦਰ ਕੌਰ ਨੇ ਕਿਹਾ ਕਿ ਸੈਮੀਨਾਰ ਨੇ ਵਿਦਿਆਰਥੀਆਂ ਨੂੰ ਕੋਡਿੰਗ ਅਤੇ ਸੇਵਾ ਦੇ ਸ਼ਕਤੀਸ਼ਾਲੀ ਮਿਲਾਪ ਦੀ ਪੜਚੋਲ ਕਰਨ ਲਈ ਪ੍ਰੇਰਿਤ ਕੀਤਾ ਹੈ ਅਤੇ ਇਹ ਉਨ੍ਹਾਂ ਨੂੰ ਤਕਨਾਲੋਜੀ ਰਾਹੀਂ ਸਮਾਜਿਕ ਭਲਾਈ ਲਈ ਕੰਮ ਕਰਨ ਲਈ ਉਤਸ਼ਾਹਿਤ ਕਰੇਗਾ। ਸਮਾਗਮ ਦਾ ਸਮਾਪਨ ਇੰਟਰਐਕਟਿਵ ਪ੍ਰਸ਼ਨ-ਉੱਤਰ ਸੈਸ਼ਨ ਨਾਲ ਹੋਇਆ ਜਿਸ ’ਚ ਵਿਦਿਆਰਥੀਆਂ ਨੇ ਡਾ. ਜ਼ੇਰੋਜ਼ ਨਾਲ ਬੜੀ ਸਰਗਰਮੀ ਨਾਲ ਹਿੱਸਾ ਲਿਆ। ਵਰਕਸ਼ਾਪ ’ਚ ਡਾ. ਰੁਪਿੰਦਰ ਸਿੰਘ, ਪ੍ਰੋ. ਪ੍ਰਭਜੋਤ ਕੌਰ, ਡਾ. ਅਨੁਰੀਤ ਕੌਰ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।
