ਆਸਟ੍ਰੇਲੀਆ – ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨੂੰ ਮਾਤ ਦੇਣ ਤੇ ਲੋਕਾਂ ਨੂੰ ਇਸ ਤੋਂ ਬਚਾਉਣ ਲਈ ਵੱਡੇ ਪੱਧਰ ‘ਤੇ ਟੀਕਾਕਰਨ ਚੱਲ ਰਿਹਾ ਹੈ। ਵੱਡੇ-ਛੋਟੇ ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਲਾਉਣ ਲਈ ਪ੍ਰੇਰਿਤ ਕਰ ਰਹੇ ਹਨ। ਇਸ ਦੌਰਾਨ ਯੂਰਪੀਅਨ ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਇਕ ਵਾਰ ਫਿਰ ਵੱਧ ਰਹੀ ਹੈ। ਕੁਝ ਦੇਸ਼ਾਂ ਵਿਚ ਤਾਂ ਜਿਨ੍ਹਾਂ ਲੋਕਾਂ ਨੇ ਅਜੇ ਤਕ ਵੀ ਡੋਜ਼ ਨਹੀਂ ਲਈ ਹੈ ਉਹ ਸਰਕਾਰਾਂ ਦੇ ਲਈ ਪਰੇਸ਼ਾਨੀ ਬਣ ਰਹੇ ਹਨ। ਅਜਿਹੇ ਵਿਚ ਆਸਟ੍ਰੇਲੀਆ ਨੇ ਇਨ੍ਹਾਂ ਲੋਕਾਂ ਲਈ ਸਖ਼ਤ ਕਦਮ ਚੁੱਕੇ ਹਨ।ਆਸਟ੍ਰੇਲੀਆ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਵੈਕਸੀਨ ਨਹੀਂ ਲਗਵਾਈ ਹੈ, ਉਨ੍ਹਾਂ ਲਈ ਲਾਕਡਾਊਨ ਲਗਾਇਆ ਜਾ ਰਿਹਾ ਹੈ। ਅਜਿਹੇ ਲੋਕਾਂ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਆਸਟ੍ਰੇਲੀਆ ਵਿਚ ਜਿਨ੍ਹਾਂ ਲੋਕਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਹੈ, ਉਹ ਹੁਣ ਘਰ ਵਿਚ ਰਹਿਣਗੇ। ਉਹ ਨਾ ਤਾਂ ਰੈਸਟੋਰੈਂਟ ਵਿਚ ਜਾ ਸਕਣਗੇ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਹੋਟਲ ਵਿਚ ਜਾਣ ਦੀ ਆਜ਼ਾਦੀ ਹੋਵੇਗੀ। ਇਸ ਨਾਲ ਹੀ ਟੀਕਾ ਲਗਵਾਉਣ ਵਾਲਿਆਂ ਲਈ ਕਈ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ।ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਿਨ੍ਹਾਂ ਲੋਕਾਂ ਨੂੰ ਵੈਕਸੀਨ ਨਹੀਂ ਲੱਗੀ ਹੈ, ਉਹ ਸਿਰਫ ਡਾਕਟਰ ਨੂੰ ਮਿਲਣ ਤੇ ਜ਼ਰੂਰੀ ਚੀਜ਼ਾਂ ਲੈਣ ਲਈ ਬਾਹਰ ਜਾ ਸਕਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਹਾਲ ਹੀ ‘ਚ ਕੋਰੋਨਾ ਇਨਫੈਕਸ਼ਨ ਹੋਇਆ ਹੈ ਤੇ ਉਹ ਅਜੇ ਤਕ ਇਸ ਤੋਂ ਠੀਕ ਨਹੀਂ ਹੋਏ ਹਨ, ਉਨ੍ਹਾਂ ਨੂੰ ਵੀ ਘਰ ਹੀ ਰਹਿਣਾ ਪਵੇਗਾ। ਇਹ ਸਭ ਲਾਕਡਾਊਨ ਦੇ ਨਿਯਮਾਂ ਤਹਿਤ ਆਵੇਗਾ।
previous post