
ਕੁਝ ਸਾਲ ਪਹਿਲਾਂ ਪੰਜਾਬ ਵਿੱਚ ਵੋਟਾਂ ਪੈਣ ਵਾਲਾ ਦਿਨ, ਵਿਆਹ ਵਾਂਗ ਹੁੰਦਾ ਹੈ। ਹੁਣ ਤਾਂ ਇਲੈੱਕਸ਼ਨ ਕਮਿਸ਼ਨ ਦੀ ਸਖਤੀ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਇਲੈੱਕਸ਼ਨ ਹੋ ਰਹੀ ਹੈ। ਪਹਿਲਾਂ ਤਾਂ ਮਹੀਨਾ ਮਹੀਨਾ ਇਲਾਕੇ ਵਿੱਚ ਹਾਹਾਕਾਰ ਮੱਚੀ ਰਹਿੰਦੀ ਸੀ। ਸਾਰੇ ਘਰਾਂ ਦੇ ਬਨੇਰੇ ਪਾਰਟੀਆਂ ਦੇ ਝੰਡਿਆਂ ਨਾਲ ਭਰ ਦਿੱਤੇ ਜਾਂਦੇ ਸਨ। ਉਮੀਦਵਾਰਾਂ ਦੇ ਵੱਡੇ-ਵੱਡੇ ਇਸ਼ਤਿਹਾਰ ਚੌਕਾਂ ਚੌਰਾਹਿਆਂ ਵਿੱਚ ਲੋਕਾਂ ਦਾ ਧਿਆਨ ਖਿੱਚਦੇ ਹਨ। ਇੱਕ ਉਮੀਦਵਾਰ ਦੇ ਪ੍ਰਚਾਰ ਵਾਲੀ ਗੱਡੀ ਆਉਂਦੀ ਸੀ ਦੂਸਰੇ ਦੀ ਜਾਂਦੀ ਸੀ। ਸਾਰਾ ਦਿਨ ਪਿੰਡਾਂ ਸ਼ਹਿਰਾ ਵਿੱਚ ਕਾਵਾਂਰੌਲੀ ਪਈ ਰਹਿੰਦੀ ਸੀ। ਸ਼ਰਾਬ, ਮੀਟ ਅਤੇ ਨਸ਼ਿਆਂ ਦੇ ਖੁਲ੍ਹੇ ਲੰਗਰ ਲੱਗਦੇ ਸਨ। ਪੰਜਾਬ ਵਿੱਚ ਸਭ ਤੋਂ ਵੱਧ ਜੋਰ ਅਜਮਾਈ ਸਰਪੰਚੀ ਦੀ ਚੋਣ ਵਿੱਚ ਹੁੰਦੀ ਹੈ। ‘ਕੱਲੇ ‘ਕੱਲੇ ਘਰ ਦੀਆਂ ਵੋਟਾਂ ਗਿਣੀਆਂ ਜਾਂਦੀਆਂ ਹਨ ਤੇ ਹਰ ਪਰਿਵਾਰ ਨੂੰ ਵੋਟਾਂ ਪਾਉਣ ਵਾਸਤੇ ਬੇਨਤੀਆਂ ਕੀਤੀਆਂ ਜਾਂਦੀਆਂ ਹਨ। ਨਵੀਆਂ ਵਿਆਹੀਆਂ ਲੜਕੀਆਂ ਨੂੰ ਵੀ ਵੋਟਾਂ ਭੁਗਤਾਉਣ ਲਈ ਪੇਕੇ ਬੁਲਾਇਆ ਜਾਂਦਾ ਹੈ। ਖਰਚਾ ਵੀ ਸਭ ਤੋਂ ਵੱਧ ਸਰਪੰਚੀ ਚੋਣ ‘ਤੇ ਹੀ ਆਉਂਦਾ ਹੈ। ਇੱਕ ਮੀਡੀਅਮ ਜਿਹੀ ਅਬਾਦੀ ਵਾਲੇ ਪਿੰਡ ਵਿੱਚ ਵੀ ਅਰਾਮ ਨਾਲ 20-25 ਲੱਖ ਰੁਪਏ ਲੱਗ ਜਾਂਦੇ ਹਨ। ਦੁਆਬੇ-ਮਾਝੇ ਦੀ ਬਨਿਸਬਤ ਮਾਲਵੇ ਵਿੱਚ ਅੰਨ੍ਹੇਵਾਹ ਖਰਚਾ ਕੀਤਾ ਜਾਂਦਾ ਹੈ। ਪ੍ਰਤੀ ਘਰ ਗਿਣਤੀ ਮੁਤਾਬਕ ਵੋਟਾਂ ਦੀ ਕੀਮਤ ਲਗਾਈ ਜਾਂਦੀ ਹੈ। ਕਈ ਚੰਗੇ ਭਲੇ ਜ਼ਿੰਮੀਦਾਰ ਵੀ ਵੋਟਾਂ ਦਾ ਮੁੱਲ ਵੱਟਦੇ ਹਨ। ਦੂਸਰੇ ਨੰਬਰ ‘ਤੇ ਵਿਧਾਨ ਸਭਾ ਚੋਣਾਂ ਵਿੱਚ ਜ਼ੋਰ ਲਗਦਾ ਹੈ ਤੇ ਸਭ ਤੋਂ ਘੱਟ ਪਾਰਲੀਮੈਂਟ ਚੋਣਾਂ ਵਿੱਚ। ਪਾਰਲੀਮੈਂਟ ਚੋਣਾਂ ਵੱਲ ਤਾਂ ਲੋਕ ਬਹੁਤਾ ਧਿਆਨ ਹੀ ਨਹੀਂ ਦਿੰਦੇ।
ਲੋਕ ਰਾਜ ਦਾ ਇੱਕ ਪੱਖ ਤਾਂ ਬਹੁਤ ਵਧੀਆ ਹੈ ਕਿ ਅਮੀਰ ਹੋਵੇ ਜਾਂ ਗਰੀਬ, ਜਵਾਨ ਹੋਵੇ ਜਾਂ ਬੁੱਢਾ, ਤੰਦਰੁਸਤ ਹੋਵੇ ਜਾਂ ਵਿਕਲਾਂਗ, ਸਭ ਦੀ ਵੋਟ ਦਾ ਮੁੱਲ ਬਰਾਬਰ ਹੈ। ਇਸ ਲਈ ਚਾਹੇ ਪੰਜ ਸਾਲ ਬਾਅਦ ਹੀ ਪਵੇ, ਗਰੀਬ ਤੋਂ ਗਰੀਬ ਬੰਦੇ ਦਾ ਵੀ ਮੁੱਲ ਪੈਂਦਾ ਹੈ। ਹਰ ਲੀਡਰ ਆਪਣੇ ਆਪ ਨੂੰ ਗਰੀਬਾਂ-ਨਿਮਾਣਿਆਂ ਦਾ ਸੱਚਾ ਸੇਵਕ ਸਾਬਤ ਕਰਨ ‘ਤੇ ਤੁਲ ਜਾਂਦਾ ਹੈ। ਕੋਈ ਉਹਨਾਂ ਦੇ ਘਰ ਰਾਤ ਬਿਤਾ ਕੇ ਰੋਟੀਆਂ ਖਾਂਦਾ ਹੈ ਤੇ ਕੋਈ ਮਿੱਟੀ ਘੱਟੇ ਵਿੱਚ ਖੇਡਦੇ ਜਵਾਕਾਂ ਨੂੰ ਚੁੰਮ ਕੇ ਫੋਟੋਆਂ ਖਿਚਵਾਉਂਦਾ ਹੈ।
ਕਈ ਸਾਲ ਪਹਿਲਾਂ ਮੈਂ ਇੱਕ ਥਾਣੇ ਦਾ ਐਸ.ਐਚ.ਉ. ਲੱਗਾ ਹੋਇਆ ਸੀ ਤੇ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਸਨ। ਇੱਕ ਪਿੰਡ ਧੜੇਬੰਦੀ ਤੇ ਲੜਾਈ ਝਗੜੇ ਲਈ ਖਾਸ ਹੀ ਬਦਨਾਮ ਸੀ। ਹਰੇਕ ਚੋਣ ਵਿੱਚ ਉਥੇ ਸਿਰ ਪਾਟਦੇ ਸਨ। ਇਸ ਲਈ ਮੈਂ ਬਾਕੀ ਪਿੰਡਾਂ ਵਿੱਚ ਘੁੰਮ-ਘੁੰਮਾ ਕੇ ਬਾਰ-ਬਾਰ ਉਸ ਪਿੰਡ ਪਹੁੰਚ ਜਾਂਦਾ ਸੀ। ਰੱਬ ਦੀ ਕ੍ਰਿਪਾ ਨਾਲ ਸਾਰਾ ਦਿਨ ਸੁੱਖੀ ਸਾਂਦੀ ਲੰਘ ਗਿਆ। ਚਾਰ ਕੁ ਵੱਜ ਗਏ ਸਨ ਤੇ ਤਕਰੀਬਨ ਸਾਰੀਆਂ ਵੋਟਾਂ ਭੁਗਤ ਚੁੱਕੀਆਂ ਸਨ। ਅਸੀਂ ਵੀ ਖੁਸ਼ ਸੀ ਕਿ ਚਲੋ ਕੋਈ ਲੜਾਈ ਝਗੜਾ ਨਹੀਂ ਹੋਇਆ, ਹੁਣ ਤਾਂ ਪੰਜ ਵਜੇ ਕੰਮ ਮੁੱਕ ਹੀ ਜਾਣਾ ਹੈ। ਸਮਾਂ ਖਤਮ ਹੁੰਦਾ ਵੇਖ ਕੇ ਦੋਵੇਂ ਪਾਰਟੀਆਂ ਆਪੋ ਆਪਣੇ ਟੈਂਟ ਵਿੱਚ ਬੈਠੀਆਂ ਵੋਟਾਂ ਦਾ ਹਿਸਾਬ ਕਿਤਾਬ ਕਰ ਰਹੀਆਂ ਸਨ ਕਿ ਕਿਹੜੀ ਵੋਟ ਭੁਗਤ ਗਈ ਤੇ ਕਿਹੜੀ ਰਹਿ ਗਈ?
ਅਚਾਨਕ ਸਾਬਕਾ ਸਰਪੰਚ ਰਾਮ ਸਿੰਘ (ਕਲਪਿਤ ਨਾਮ) ਨੂੰ ਖਿਆਲ ਆਇਆ ਕਿ ਫਲਾਣੇ ਦਾ ਲੱਤਾਂ ਤੋਂ ਆਹਰੀ ਬਜ਼ੁਰਗ ਬਾਪ ਤਾਂ ਵੋਟ ਪਾਉਣ ਤੋਂ ਰਹਿ ਹੀ ਗਿਆ। ਉਸ ਬਜ਼ੁਰਗ ਦਾ ਸਾਰਾ ਪਰਿਵਾਰ ਵੋਟਾਂ ਪਾ ਗਿਆ ਸੀ ਪਰ ਉਸ ਨੂੰ ਚੁੱਕ ਕੇ ਲਿਆਉਣ ਦੇ ਦੁੱਖੋਂ ਨਾਲ ਲੈ ਕੇ ਨਹੀਂ ਸੀ ਆਏ। ਵਿਧਾਨ ਸਭਾ ਇਲੈੱਕਸ਼ਨ ਵਿੱਚ ਇੱਕ-ਇੱਕ ਵੋਟ ਕੀਮਤੀ ਹੁੰਦੀ ਹੈ, ਇਸ ਲਈ ਉਸ ਨੂੰ ਲੈ ਕੇ ਆਉਣ ਲਈ ਫੌਰਨ ਕਾਰ ਦੇ ਕੇ ਦੋ ਤਿੰਨ ਬੰਦੇ ਭਜਾਏ ਗਏ। ਉਹ ਦਸ – ਪੰਦਰਾਂ ਮਿੰਟਾਂ ਵਿੱਚ ਹੀ ਬਜ਼ੁਰਗ ਨੂੰ ਲੱਦ ਕੇ ਲੈ ਆਏ ਤੇ ਬਹੁਤ ਇੱਜ਼ਤ ਸਤਿਕਾਰ ਨਾਲ ਚੁੱਕ ਕੇ ਪੋਲਿੰਗ ਸਟੇਸ਼ਨ ਦੇ ਅੰਦਰ ਲੈ ਗਏ। ਪਰ ਉਸ ਦੇ ਵੋਟ ਪਾਉਂਦੇ ਸਾਰ ਉਨ੍ਹਾਂ ਦਾ ਵਿਹਾਰ ਇੱਕ ਦਮ ਬਦਲ ਗਿਆ। ਜਿਹੜੇ ਬੰਦੇ ਕੁਝ ਮਿੰਟ ਪਹਿਲਾਂ ਸਰਵਣ ਪੁੱਤ ਬਣ ਕੇ ਬਜ਼ੁਰਗ ਨੂੰ ਹਿੱਕ ਨਾਲ ਲਗਾਈ ਫਿਰਦੇ ਸਨ, ਉਹ ਉਸ ਨੂੰ ਇਸ ਤਰਾਂ ਬਾਹਰ ਲੈ ਕੇ ਆਏ ਜਿਵੇਂ ਬਹੁਤ ਵੱਡਾ ਬੋਝ ਚੁੱਕਿਆ ਹੋਵੇ। ਜਦੋਂ ਆਸੇ ਪਾਸੇ ਨਿਗਾਹ ਮਾਰੀ ਤਾਂ ਕਾਰ ਵੀ ਗਾਇਬ ਹੋ ਚੁੱਕੀ ਸੀ। ਵਿਚਾਰੇ ਬਜ਼ੁਰਗ ਨੂੰ ਇੱਕ ਦਰਖਤ ਦੇ ਮੁੱਢ ਦਾ ਸਹਾਰਾ ਦੇ ਕੇ ਭੁੰਜੇ ਹੀ ਬਿਠਾ ਦਿੱਤਾ ਗਿਆ ਤੇ ਕਿਸੇ ਹੋਰ ਸਵਾਰੀ ਦਾ ਪ੍ਰਬੰਧ ਕਰਨ ਦਾ ਬਹਾਨਾ ਲਗਾ ਕੇ ਉਹ ਦੋਵੇਂ ਵਿਅਕਤੀ ਵੀ ਉਥੋਂ ਖਿਸਕ ਗਏ।
ਜਦੋਂ ਅੱਧਾ ਪੌਣਾ ਘੰਟਾ ਬੀਤ ਗਿਆ ਤਾਂ ਮੈਂ ਰਾਮ ਸਿੰਘ ਨੂੰ ਕਿਹਾ ਕੇ ਇਸ ਵਿਚਾਰੇ ਨੂੰ ਘਰ ਤਾਂ ਛੱਡ ਆਉ, ਕਿਤੇ ਠੰਡ ਕਾਰਨ ਇਹ ਇਥੇ ਹੀ ਨਾ ਰੱਬ ਨੂੰ ਪਿਆਰਾ ਹੋ ਜਾਵੇ। ਕੁਝ ਸਮਾਂ ਟਾਲ ਮਟੋਲ ਕਰਨ ਤੋਂ ਬਾਅਦ ਹੌਲੀ ਜਿਹੀ ਉਹ ਵੀ ਆਸੇ ਪਾਸੇ ਹੋ ਗਿਆ। ਜਦੋਂ ਵਿਰੋਧੀ ਪਾਰਟੀ ਨੂੰ ਗੱਡੀ ਦੇਣ ਲਈ ਕਿਹਾ ਤਾਂ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਵੋਟ ਤਾਂ ਇਸ ਨੇ ਰਾਮ ਸਿੰਘ ਦੀ ਪਾਰਟੀ ਨੂੰ ਪਾਈ ਹੈ, ਅਸੀਂ ਇਸ ਦਾ ਠੇਕਾ ਲਿਆ? ਜਦੋਂ ਕਿਸੇ ਨੇ ਪੱਲਾ ਨਾ ਫੜਾਇਆ ਤਾਂ ਮਜ਼ਬੂਰਨ ਮੈਨੂੰ ਹੀ ਆਪਣੀ ਸਰਕਾਰੀ ਗੱਡੀ ਵਿੱਚ ਉਸ ਨੂੰ ਘਰ ਪਹੁੰਚਾਉਣਾ ਪਿਆ। ਅੱਗੋਂ ਉਸ ਦਾ ਪੁੱਤਰ ਵੀ ਸਿਰੇ ਦਾ ਵੈਲੀ ਸੀ। ਉਹ ਪਹਿਲਾਂ ਹੀ ਵੋਟਾਂ ਦੇ ਇਵਜ਼ ਵਿੱਚ ਮਿਲੀ ਮੁਫਤ ਦੀ ਸ਼ਰਾਬ ਪੀ ਕੇ ਵਿਹੜੇ ਵਿੱਚ ਸੂਰ ਵਾਂਗ ਲੇਟੇ ਮਾਰ ਰਿਹਾ ਸੀ। ਅਸੀਂ ਚੁੱਕ ਚਕਾ ਕੇ ਵਿਚਾਰੇ ਬਜ਼ੁਰਗ ਨੂੰ ਉਸ ਦੇ ਮੰਜੇ ਤੱਕ ਪਹੁੰਚਾਇਆ। ਆਪਣਾ ਮਤਲਬ ਹੱਲ ਹੋਣ ਤੋਂ ਬਾਅਦ ਵਿਖਾਈ ਗਈ ਅਜਿਹੀ ਅਕ੍ਰਿਤਘਣਤਾ ਮੈਂ ਆਪਣੀ ਨੌਕਰੀ ਦੌਰਾਨ ਬਹੁਤ ਘੱਟ ਵੇਖੀ ਹੈ। ਮੁਸ਼ਕਿਲ ਇਹ ਹੈ ਕਿ ਸਾਡੀ ਜਨਤਾ ਨੂੰ ਆਪਣੀ ਵੋਟ ਦੀ ਕੀਮਤ ਦਾ ਪਤਾ ਹੀ ਨਹੀਂ ਹੈ। ਜੇ ਸਾਡੇ ਲੋਕ ਛੋਟੇ ਮੋਟੇ ਲਾਲਚਾਂ ਅਤੇ ਨਿੱਜੀ ਕੰਮਾਂ ਦੇ ਚੱਕਰ ਵਿੱਚ ਫਸ ਕੇ ਆਪਣੀਆਂ ਵੋਟਾਂ ਬਰਬਾਦ ਨਾ ਕਰਨ ਤਾਂ ਦੇਸ਼ ਦੀ ਹਾਲਤ ਕਦੇ ਦੀ ਬਦਲ ਜਾਣੀ ਸੀ।