ਚੰਡੀਗੜ੍ਹ – ਪੰਜਾਬ ਅਤੇ ਦਿੱਲੀ ਵਿਚਕਾਰ ਫਿਰ ਵਿਵਾਦ ਸ਼ੁਰੂ ਹੋ ਗਿਆ ਹੈ । ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੇ ਮੱਦੇਨਜ਼ਰ ਕਾਂਗਰਸ ਨੇ ਫਿਰ ਪੰਜਾਬ ਰੋਡਵੇਜ਼ ਦੀਆਂ ਵੋਲਵੋ ਬੱਸਾਂ ਦਾ ਮੁੱਦਾ ਉਠਾਇਆ। ਪੰਜਾਬ ਰੋਡਵੇਜ਼ ਦੀਆਂ ਵੋਲਵੋ ਬੱਸਾਂ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱੜੇ ਦੀ ਪਾਰਕਿੰਗ ਤਕ ਜਾਣ ਦੀ ਮਨਜ਼ੂਰੀ ਨਹੀਂ ਹੈ ਅਤੇ ਇਸ ਮਾਮਲੇ ’ਚ ਦਿੱਲੀ ਦੀ ਕੇਜਰੀਵਾਲ ਸਰਕਾਰ ਅਤੇ ਪੰਜਾਬ ਸਰਕਾਰ ’ਚ ਫਿਰ ਠਣ ਗਈ ਹੈ।ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੌਰੇ ’ਤੇ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਕਿ ਜਦੋਂ ਇਕ ਪ੍ਰਾਈਵੇਟ ਕੰਪਨੀ (ਬਾਦਲ ਪਰਿਵਾਰ ਨਾਲ ਸਬੰਧਤ) ਬੱਸਾਂ ਕੌਮਾਂਤਰੀ ਹਵਾਈ ਅੱਡੇ ਤਕ ਜਾ ਸਕਦੀਆਂ ਹਨ ਤਾਂ ਇਕ ਸੂਬਾ ਸਰਕਾਰ ਦੀਆਂ ਬੱਸਾਂ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਉਨ੍ਹਾਂ ਨੇ 21 ਦਿਨ ਪਹਿਲਾਂ ਵਕਤ ਮੰਗਿਆ ਸੀ ਪਰ ਹਾਲੇ ਤਕ ਜਵਾਬ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਉਹ ਬਾਦਲ ਪਰਿਵਾਰ ਦੇ ਟਰਾਂਸਪੋਰਟ ਮਾਫੀਆ ਨਾਲ ਮਿਲੇ ਹੋਏ ਹਨ।ਟਰਾਂਸਪੋਰਟ ਮੰਤਰੀ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਕੋਲ ਵੀ ਇਹ ਮੁੱਦਾ ਚੁੱਕਿਆ ਸੀ। ਸਿੰਧੀਆ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਹਵਾਈ ਅੱਡੇ ਤਕ ਪੰਜਾਬ ਰੋਡਵੇਜ਼ ਦੀਆਂ ਬੱਸਾਂ ਪੁੱਜਣ ’ਤੇ ਕੋਈ ਇਤਰਾਜ਼ ਨਹੀਂ ਹੈ ਪਰ ਇਹ ਦਿੱਲੀ ਸਰਕਾਰ ਦਾ ਮਾਮਲਾ ਹੈ।
ਗ਼ੌਰਤਲ਼ਬ ਹੈ ਕਿ ਸੂਬਾ ਸਰਕਾਰ ਤੇ ਦਿੱਲੀ ਸਰਕਾਰ ਵਿਚਾਲੇ 2 ਸਾਲਾਂ ਲਈ 2015 ਵਿਚ ਐੱਮਓਯੂ ’ਤੇ ਦਸਤਖ਼ਤ ਹੋਏ ਸਨ। ਉਦੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹਵਾਈ ਅੱਡੇ ਤਕ ਜਾ ਸਕਦੀਆਂ ਸਨ। 2017 ਵਿਚ ਇਸ ਨੂੰ ਦੋ ਸਾਲਾਂ ਲਈ ਹੋਰ ਵਧਾ ਦਿੱਤਾ ਗਿਆ ਪਰ 2019 ਮਗਰੋਂ ਕੇਜਰੀਵਾਲ ਸਰਕਾਰ ਨੇ ਇਸ ਨੂੰ ਵਧਾਉਣ ਦੀ ਆਗਿਆ ਨਹੀਂ ਦਿੱਤੀ। ਵੜਿੰਗ ਨੇ ਕਿਹਾ ਕਿ ਕੇਜਰੀਵਾਲ ਟਰਾਂਸਪੋਰਟ ਮਾਫੀਆ ਖ਼ਤਮ ਕਰਨ ਦੀ ਗੱਲ ਕਰ ਰਹੇ ਹਨ ਪਰ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਹਵਾਈ ਅੱਡੇ ਤਕ ਜਾਣ ਦੀ ਮਨਜ਼ੂਰੀ ਦੇ ਕੇ ਮਾਫੀਆ ਨੂੰ ਉਤਸ਼ਾਹਤ ਕਰ ਰਹੇ ਹਨ।