ਤਲਵੰਡੀ ਸਾਬੋ – ਵਿਸਾਖੀ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ [ਅ] ਵੱਲੋਂ ਇੱਥੇ ਕੀਤੀ ਗਈ ਕਾਨਫਰੰਸ ਵਿੱਚ ਜਿੱਥੇ ਬੁਲਾਰਿਆਂ ਨੇ ਵੱਖਰੇ ਸਿੱਖ ਰਾਜ ਦੀ ਗੱਲ ਕੀਤੀ ਉੱਥੇ ਸਿੱਖਾਂ ਅਤੇ ਪੰਜਾਬੀਆਂ ਦੇ ਮਸਲਿਆਂ ਨੂੰ ਉਭਾਰਿਆ ਗਿਆ ਤੇ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਕਮੇਟੀ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣ ਦਾ ਸੱਦਾ ਦਿੱਤਾ ਗਿਆ।
ਕਾਨਫਰੰਸ ਨੂੰੰ ਸਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ [ਅ] ਦੇ ਬੁਲਾਰੇ ਈਮਾਨ ਸਿੰਘ ਮਾਨ ਨੇ ਕਿਹਾ ਕਿ ਅੱਜ ਸਿੱਖ ਕੌਮ ਦੀ ਹੋਂਦ ਨੂੰ ਬਚਾਉਣ ਦਾ ਵੱਡਾ ਫ਼ਿਕਰ ਹੈ।ਸਿੱਖਾਂ ਦਾ ਵੱਖਰਾ ਸਿੱਖ ਰਾਜ ਨਾ ਹੋਣ ਕਰਕੇ ਸਿੱਖ ਦੇਸ਼ ਅੰਦਰ ਗੁਲਾਮਾਂ ਵਾਂਗ ਜੀਵਨ ਬਸਰ ਕਰ ਰਹੇ ਹਨ।ਦੇਸ਼ ਅੰਦਰ ਸਿੱਖਾਂ ਉਪਰ ਜ਼ੁਲਮ ਢਾਹੇ ਜਾ ਰਹੇ ਹਨ।ਸਾਜ਼ਿਸਾਂ ਤਹਿਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਜਾ ਰਹੀਆਂ ਹਨ।ਸਾਡੇ ਪਾਣੀ, ਸਾਡੀ ਭਾਸ਼ਾ, ਸਾਡੇ ਪੰਜਾਬ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
ਪਾਰਟੀ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਕਿਹਾ ਕਿ ਭਾਜਪਾ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ[ਬ] ਆਰਐਸਐਸ ਦੇ ਕੰਟਰੋਲ ਹੇਠ ਕੰਮ ਰਹੀਆਂ ਹਨ।ਜਿਸ ਕਰਕੇ ਕੇਂਦਰ ਵਿੱਚ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਜਾਂ ਭਾਜਪਾ ਦੀ, ਹਮੇਸ਼ਾ ਹੀ ਸਿੱਖ ਕੌਮ ਅਤੇ ਪੰਜਾਬ ਨਾਲ ਧੱਕੇਸ਼ਾਹੀਆਂ ਕਰਦੀਆਂ ਆ ਰਹੀਆਂ ਹਨ।ਅਦਾਲਤਾਂ ਵਿੱਚ ਵੀ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ।ਜਿਸ ਕਰਕੇ ਦੇਸ਼ ਦੇ ਜੁਡੀਸਲ ਢਾਂਚੇ ਤੋਂ ਵੀ ਸਿੱਖਾਂ ਦਾ ਵਿਸ਼ਵਾਸ ਉੱਠ ਗਿਆ ਹੈ।ਸਜ਼ਾਵਾ ਪੂਰੀਆਂ ਹੋਣ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।ਕੇਂਦਰ ਸਰਕਾਰ ਪੰਜਾਬ ਤੋਂ ਚੰਡੀਗੜ੍ਹ, ਦਰਿਆਈ ਪਾਣੀ, ਪੰਜਾਬ ਦੇ ਅਧਿਕਾਰ, ਪੰਜਾਬੀ ਬੋਲਦੇ ਇਲਾਕੇ ਖੋਹ ਕੇ, ਸਰਹੱਦੀ ਇਲਾਕਿਆਂ ਦਾ ਘੇਰਾ ਵਧਾ ਕੇ ਬੀਐਸਐਫ ਹਵਾਲੇ ਕਰਕੇ ਪੰਜਾਬ ਦਾ ਸਾਰਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਕੇ ਪੰਜਾਬ ਨੂੰ ਖ਼ਤਮ ਕਰ ਰਹੀ ਹੈ।ਇਸ ਸਭ ਕੁੱਝ ਨੂੰ ਵੱਖਰੇ ਸਿੱਖ ਰਾਜ ਰਾਹੀਂ ਹੀ ਬਚਾਇਆ ਜਾ ਸਕਦਾ ਹੈ।ਜਰਨਲ ਸਕੱਤਰ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਅਤੇ ਗੁਰਸੇਵਕ ਸਿੰਘ ਜਵਾਹਰਕੇ ਨੇ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਦਾ ਸੱਦਾ ਦਿੱਤਾ।ਕਾਨਫਰੰਸ ਨੂੰ ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੌਰ, ਪਰਮਿੰਦਰ ਸਿੰਘ ਬਾਲਿਆਂਵਾਲੀ, ਗੁਰਚਰਨ ਸਿੰਘ ਕੋਟਲੀ, ਯਾਦਵਿੰਦਰ ਸਿੰਘ ਭਾਗੀਵਾਂਦਰ ਆਦਿ ਬੁਲਾਰਿਆਂ ਨੇ ਵੀ ਸਬੋਧਨ ਕੀਤਾ।