ਨਵੀਂ ਦਿੱਲੀ – ਪਿਛਲੇ ਸਮੇਂ ਦੌਰਾਨ ਕਾਂਗਰਸ ਵਿੱਚ ਵਾਪਰਦੇ ਆ ਰਹੇ ਵੱਡੇ ਘਟਨਾਕ੍ਰਮ ਦੇ ਚੱਲਦਿਆਂ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਪਾਰਟੀ ਦੇ ਟਕਸਾਲੀ ਪਰਿਵਾਰ ਨਾਲ ਸਬੰਧਤ ਕੱਦਾਵਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਡਾ.ਅਸ਼ਵਨੀ ਕੁਮਾਰ ਨੇ ਪਾਰਟੀ ਛੱਡ ਦਿੱਤੀ ਹੈ। ਡਾ.ਅਸ਼ਵਨੀ ਕੁਮਾਰ ਨੇ ਆਪਣਾ ਅਸਤੀਫ਼ਾ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ।
ਡਾ.ਅਸ਼ਵਨੀ ਕੁਮਾਰ ਕਾਂਗਰਸ ਦੇ ਕਈ ਉੱਚ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਉਹ ਕਈ ਦਹਾਕਿਆਂ ਤੋਂ ਕਾਂਗਰਸ ਦੀ ਸੇਵਾ ਕਰਦੇ ਆ ਰਹੇ ਹਨ।ਉਨ੍ਹਾਂ ਨੇ ਹਮੇਸ਼ਾ ਦੂਸ਼ਣਬਾਜ਼ੀ ਅਤੇ ਨਿੱਜੀ ਸਿਆਸਤ ਤੋਂ ਉੱਪਰ ਉੱਠ ਕੇ ਕੰਮ ਕਰਨ ਵਾਲੇ ਆਗੂ ਵਜੋਂ ਪਹਿਚਾਣ ਸਥਾਪਤ ਕੀਤੀ ਹੈ। ਡਾ.ਅਸ਼ਵਨੀ ਕੁਮਾਰ ਸੋਨੀਆ ਗਾਂਧੀ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਰਹੇ ਹਨ। ਕੁਝ ਦਿਨ ਪਹਿਲਾਂ ਡਾ.ਅਸ਼ਵਨੀ ਕੁਮਾਰ ਨੇ ਨਾ ਸਿਰਫ਼ ਪੰਜਾਬ ਦੀ ਰਾਜਨੀਤੀ ਵਿਚ ਸਗੋਂ ਸਮੁੱਚੇ ਦੇਸ਼ ਅੰਦਰ ਰਾਜਨੀਤੀ ਵਿੱਚ ਵੱਡੇ ਬਦਲਾਅ ਦੇ ਸੰਕੇਤ ਦਿੱਤੇ ਸਨ। ਉਨ੍ਹਾਂ ਨੇ ਕਾਂਗਰਸ ਅੰਦਰ ਪੁਰਾਣੇ ਆਗੂਆਂ ਦੀ ਹੋ ਰਹੀ ਅਣਦੇਖੀ ਸਬੰਧੀ ਚਿੰਤਾ ਜ਼ਾਹਿਰ ਕਰਦਿਆਂ ਇਸ ਨੂੰ ਮੰਦਭਾਗਾ ਦੱਸਿਆ ਸੀ। ਉਨ੍ਹਾਂ ਇਸ ਗੱਲ ‘ਤੇ ਵੀ ਚਿੰਤਾ ਜ਼ਾਹਿਰ ਕੀਤੀ ਸੀ ਕਿ ਹਿੰਦੂ ਭਾਈਚਾਰਾ ਆਪਣੇ ਆਪ ਨੂੰ ਰਾਜਨੀਤਕ ਸ਼ਕਤੀ ਤੋਂ ਵਾਂਝਾ ਸਮਝਣ ਲੱਗ ਪਿਆ ਹੈ। ਜਿਸ ਢੰਗ ਨਾਲ ਹੁਣ ਡਾ.ਅਸ਼ਵਨੀ ਕੁਮਾਰ ਨੇ ਪਾਰਟੀ ਤੋਂ ਨਾਤਾ ਤੋੜਿਆ ਹੈ, ਉਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਾਂਗਰਸ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ।