ਮਲਸੀਆਂ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਿਰੋਜ਼ਪੁਰ ਵਿਚ ਕੀਤੀ ਜਾ ਰਹੀ ਰੈਲੀ ਵਿਚ ਸ਼ਾਮਲ ਹੋਣ ਲਈ ਜਾ ਰਹੇ ਭਾਜਪਾ ਵਰਕਰ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ। ਸ਼ਾਹਕੋਟ ਤੋਂ ਫਿਰੋਜਪੁਰ ਜਾ ਰਹੇ ਭਾਜਪਾ ਵਰਕਰਾਂ ਦਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਰਾਮਗੜ੍ਹੀਆ ਚੌਂਕ ਵਿਖੇ ਸਵੇਰੇ 7:30 ਵਜੇ ਦੇ ਕਰੀਬ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਐਸਐਚਓ ਸੁਰਿੰਦਰ ਕੁਮਾਰ ਦੀ ਅਗਵਾਈ ‘ਚ ਭਾਰੀ ਪੁਲਿਸ ਫੋਰਸ ਨੇ ਕਿਸਾਨਾਂ ਨੂੰ ਸਮਝਾ ਬੁਝਾ ਕੇ ਵਾਪਸ ਭੇਜ ਦਿੱਤਾ। ਮੀਂਹ ਦੇ ਬਾਵਜੂਦ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਸਕੱਤਰ ਗੁਰਮੇਲ ਸਿੰਘ ਰੇੜਵਾਂ ਤੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਦੀ ਅਗਵਾਈ ‘ਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਕਾਵਾਂ ਵਾਲਾ ਪੱਤਣ ਪੁੱਲ ‘ਤੇ ਪਹੁੰਚ ਕੇ ਭਾਜਪਾ ਵਰਕਰਾਂ ਦੇ ਕਾਫਲੇ ਨੂੰ ਰੋਕ ਲਿਆ ਤੇ ਆਵਾਜਾਈ ਜਾਮ ਕਰ ਦਿੱਤੀ। ਇਸ ਦੌਰਾਨ ਕਿਸਾਨਾਂ ਤੇ ਭਾਜਪਾ ਆਗੂਆਂ ਵਿਚਾਲੇ ਤੂੰ ਤੂੰ – ਮੈਂ ਮੈਂ ਹੋ ਗਈ। ਮੌਕੇ ‘ਤੇ ਪੁੱਜੇ ਡੀਐਸਪੀ ਸ਼ਾਹਕੋਟ ਜਸਬਿੰਦਰ ਸਿੰਘ ਖਹਿਰਾ ਤੇ ਐੱਸਐੱਚਓ ਸੁਰਿੰਦਰ ਕੁਮਾਰ ਨੇ ਮੁਸਤੈਦੀ ਦਿਖਾਉਂਦਿਆਂ ਦੋਹਾਂ ਧਿਰਾਂ ਨੂੰ ਸ਼ਾਂਤ ਕੀਤਾ। ਇਸ ਉਪਰੰਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 15 ਮਾਰਚ ਨੂੰ ਮੀਟਿੰਗ ਤੈਅ ਹੋਣ ‘ਤੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ 12 ਵਜੇ ਆਵਾਜਾਈ ਖੋਲ੍ਹ ਦਿੱਤੀ ਗਈ।