ਬੇਲਗ੍ਰੇਡ – ਪੰਜ ਵਾਰ ਦੇ ਏਸ਼ਿਆਈ ਮੈਡਲ ਜੇਤੂ ਸ਼ਿਵ ਥਾਪਾ (63.5 ਕਿਲੋਗ੍ਰਾਮ) ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ’ਚ ਪੁੱਜ ਗਏ ਰਨ ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਦੋ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਮਰਦ ਮੁੱਕੇਬਾਜ਼ ਬਣਨ ਤੋਂ ਇਕ ਜਿੱਤ ਦੂਰ ਹਨ। ਅਸਾਮ ਦੇ 27 ਸਾਲਾ ਥਾਪਾ ਨੇ ਫਰਾਂਸ ਦੇ ਲਾਊਨੇਸ ਹਾਮਰਾਉਈ ਨੂੰ ਸੋਮਵਾਰ ਦੀ ਦੇਰ ਰਾਤ ਤਕ ਚੱਲੇ ਮੁਕਾਬਲੇ ਵਿਚ 4-1 ਨਾਲ ਹਰਾਇਆ। ਥਾਪਾ ਨੇ 2015 ਵਿਚ ਦੋਹਾ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ ਜਿੱਤਿਆ ਸੀ। ਉਹ ਸੋਮਵਾਰ ਨੂੰ ਜਿੱਤ ਦਰਜ ਕਰਨ ਵਾਲੇ ਇਕੱਲੇ ਭਾਰਤੀ ਰਹੇ ਜਦਕਿ ਏਸ਼ਿਆਈ ਸਿਲਵਰ ਮੈਡਲ ਜੇਤੂ ਦੀਪਕ ਬੋਹਰੀਆ (51 ਕਿਲੋਗ੍ਰਾਮ) ਸਮੇਤ ਹੋਰ ਮੁੱਕੇਬਾਜ਼ ਹਾਰ ਕੇ ਬਾਹਰ ਹੋ ਗਏ। ਥਾਪਾ ਦਾ ਸਾਹਮਣਾ ਤੁਰਕੀ ਦੇ ਕਰੀਮ ਓਜਮੈਨ ਨਾਲ ਹੋਵੇਗਾ।
ਕੁਆਰਟਰ ਫਾਈਨਲ ਵਿਚ ਭਾਰਤ ਦੇ ਆਕਾਸ਼ ਕੁਮਾਰ (54 ਕਿਲੋਗ੍ਰਾਮ) ਦਾ ਸਾਹਮਣਾ ਵੈਨਜ਼ੂਏਲਾ ਦੇ ਯੋਏਲ ਫਿਨੋਲ ਨਾਲ ਹੋਵੇਗਾ ਜਦਕਿ ਨਰਿੰਦਰ ਬਰਵਾਲ (ਪਲੱਸ 92 ਕਿਲੋਗ੍ਰਾਮ) ਅਜ਼ਰਬਾਈਜਾਨ ਦੇ ਮੁਹੰਮਦ ਅਬਦੁਲਾਯੇਵ ਨਾਲ ਖੇਡਣਗੇ। ਨਿਸ਼ਾਂਤ ਦੇਵ (71 ਕਿਲੋਗ੍ਰਾਮ) ਦੀ ਟੱਕਰ ਰੂਸ ਦੇ ਵਾਦਿਮ ਮੁਸਾਏਵ ਨਾਲ ਤੇ ਏਸ਼ਿਆਈ ਚੈਂਪੀਅਨ ਸੰਜੀਤ (92 ਕਿਲੋਗ੍ਰਾਮ) ਦਾ ਸਾਹਮਣਾ ਇਟਲੀ ਦੇ ਅਜੀਜ਼ ਅਬੇਸ ਐੱਮ ਨਾਲ ਹੋਵੇਗਾ।