ਸ਼੍ਰੀਨਗਰ – ਜੰਮੂ-ਕਸ਼ਮੀਰ ਦੇ ਦੌਰੇ ਦੇ ਆਖ਼ਰੀ ਦਿਨ ਸੋਮਵਾਰ ਨੂੰ ਸ਼੍ਰੀਨਗਰ ’ਚ ਵਿਭਿੰਨ ਵਿਕਾਸ ਯੋਜਨਾਵਾਂ ਦਾ ਉਦਘਾਟਨ ਕੀਤਾ। ਉਸਤੋਂ ਬਾਅਦ ਗ੍ਰਹਿ ਮੰਤਰੀ ਜਦੋਂ ਮੰਚ ’ਤੇ ਬੋਲਣ ਲਈ ਆਏ ਤਾਂ ਉਸਤੋਂ ਪਹਿਲਾਂ ਉਨ੍ਹਾਂ ਨੇ ਉਥੇ ਲੱਗੇ ਬੁਲੇਟਪਰੂਫ ਕੱਚ ਨੂੰ ਹਟਾਇਆ। ਸੁਰੱਖਿਆ ਕਰਮਚਾਰੀਆਂ ਦੁਆਰਾ ਬੁਲੇਟਪਰੂਫ ਕੱਚ ਹਟਾਏ ਜਾਣ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਸਿੱਧਾ ਗੱਲ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਤਾਨ੍ਹਾ ਮਾਰਿਆ ਗਿਆ, ਨਿੰਦਾ ਕੀਤੀ ਗਈ…ਅੱਜ ਮੈਂ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਨਾ ਚਾਹੁੰਦਾ ਹਾਂ। ਇਹੀ ਕਾਰਨ ਹੈ ਕਿ ਇਥੇ ਕੋਈ ਬੁਲੇਟਪਰੂਫ ਸ਼ੀਲਡ ਜਾਂ ਸੁਰੱਖਿਆ ਨਹੀਂ ਹੈ। ਫਾਰੂਕ ਸਾਹਿਬ ਨੇ ਮੈਨੂੰ ਪਾਕਿਸਤਾਨ ਨਾਲ ਗੱਲ ਕਰਨ ਦਾ ਸੁਝਾਅ ਦਿੱਤਾ ਹੈ, ਪਰ ਮੈਂ ਕਸ਼ਮੀਰ ਦੇ ਨੌਜਵਾਨਾਂ, ਇਥੋਂ ਦੇ ਲੋਕਾਂ ਨਾਲ ਗੱਲ ਕਰਾਂਗਾ। ਮੈਂ ਇਥੋਂ ਦੇ ਨੌਜਵਾਨਾਂ ਨਾਲ ਦੋਸਤੀ ਕਰਨੀ ਹੈ। ਕਸ਼ਮੀਰ ਦੇ ਲੋਕ ਮੇਰੇ ਆਪਣੇ ਹਨ, ਮੈਂ ਉਨ੍ਹਾਂ ਦੀ ਗੱਲ ਸੁਣਨੀ ਹੈ।ਗ੍ਰਹਿ ਮੰਤਰੀ ਨੇ ਕਸ਼ਮੀਰੀਆਂ ਨੂੰ ਵਿਸ਼ਵਾਸ ਦੁਆਇਆ ਕਿ ਹੁਣ ਕੋਈ ਵੀ ਤਾਕਤ ਇਥੋਂ ਦੀ ਸ਼ਾਂਤੀ ਅਤੇ ਜਾਰੀ ਵਿਕਾਸ ਯੋਜਨਾਵਾਂ ਨੂੰ ਰੋਕ ਨਹੀਂ ਸਕਦੀ। ਉਨ੍ਹਾਂ ਨੇ ਪੂਰੇ ਦਾਅਵੇ ਨਾਲ ਕਿਹਾ ਕਿ ਹੁਣ ਤੁਸੀਂ ਲੋਕ ਆਪਣੇ ਦਿਲ ’ਚੋਂ ਡਰ ਨੂੰ ਕੱਢ ਦਿਓ। ਕਸ਼ਮੀਰ ਦੀ ਸ਼ਾਂਤੀ ਅਤੇ ਵਿਕਾਸ ਨੂੰ ਹੁਣ ਕੋਈ ਨਹੀਂ ਵਿਗਾੜ ਸਕਦਾ। ਪੀਐੱਮ ਮੋਦੀ ਦੀ ਅਗਵਾਈ ’ਚ ਜੰਮੂ-ਕਸ਼ਮੀਰ ’ਚ ਵਿਕਾਸ ਤੇਜ਼ੀ ਨਾਲ ਵਧੇਗਾ। ਇਸ ਪ੍ਰਕਿਰਿਆ ’ਚ ਕਿਸੇ ਨੂੰ ਵੀ ਖਲਲ ਪਾਉਣ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪੰਜ ਅਗਸਤ 2019 ਨੂੰ ਅਸੀਂ ਫ਼ੈਸਲਾ ਲਿਆ ਸੀ, ਉਸਤੋਂ ਬਾਅਦ ਮੈਂ ਪਹਿਲੀ ਵਾਰ ਆਇਆ ਹਾਂ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮੋਦੀ ਜੀ ਦੀ ਅਗਵਾਈ ’ਚ ਜੰਮੂ ਅਤੇ ਕਸ਼ਮੀਰ, ਵਿਸ਼ੇਸ਼ ਤੌਰ ’ਤੇ ਘਾਟੀ ਦੇ ਅੰਦਰ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ 2024 ਤਕ ਇਸਦਾ ਅੰਜ਼ਾਮ ਵੀ ਬਹੁਤ ਖ਼ੂਬਸੂਰਤ ਹੋਵੇਗਾ।