ਸ੍ਰੀ ਅਨੰਦਪੁਰ ਸਾਹਿਬ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁੱਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਬੁੱਢਾ ਦਲ ਵੱਲੋਂ ਹੋਲੇ ਮਹੱਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਨਾਲ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਆਰੰਭ ਹੋਇਆ ਜਿਸ ਦਾ ਭੋਗ 18 ਮਾਰਚ ਨੂੰ ਪਾਇਆ ਜਾਵੇਗਾ।ਇਸੇ ਤਰਾਂ ਸ੍ਰੀ ਦਸਮ ਗ੍ਰੰਥ ਅਤੇ ਸ੍ਰੀ ਸਰਬ ਲੋਹ ਦੇ ਅਖੰਡ ਪਾਠਾਂ ਦੇ ਭੋਗ 19 ਮਾਰਚ ਨੂੰ ਸਵੇਰੇ ਪੈਣਗੇ।ਉਪਰੰਤ ਮਹੱਲਾ ਕੱਢਿਆ ਜਾਵੇਗਾ।ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਦੱਸਿਆ 17 ਅਤੇ 18 ਮਾਰਚ ਨੂੰ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਸਿੱਖ ਸ਼ਸ਼ਤਰ ਕਲਾ ਨਾਲ ਸਬੰਧਤ ਦੋ ਰੋਜ਼ਾ ਇੰਟਰਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਜਾਂਦੇ ਹਨ।ਇਸ ਵਾਰ ਵੀ ਇਨ੍ਹਾਂ ਮੁਕਾਬਲਿਆਂ ਵਿਚ 20 ਦੇ ਕਰੀਬ ਨਾਮਵਰ ਗਤਕਾ ਟੀਮਾਂ ਭਾਗ ਲੈਣਗੀਆਂ। ਉਨ੍ਹਾਂ ਕਿਹਾ ਕਿ ਸਿੱਖ ਪ੍ਰੰਪਰਾਵਾਂ ਵਿਚ ਸ਼ਸ਼ਤਰ ਕਲਾ ਦਾ ਅਹਿਮ ਸਥਾਨ ਹੈ ਇਸ ਲਈ ਇਸ ਕਲਾ ਦੀ ਪ੍ਰਫੁਲਤਾ ਲਈ ਅਜਿਹੇ ਜਤਨਾ ਦੀ ਅਹਿਮ ਲੋੜ ਹੈ।ਇਸੇ ਮਕਸਦ ਨੂੰ ਪੂਰਾ ਕਰਨ ਲਈ ਸ਼਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਹਰ ਸਾਲ ਸਿੱਖ ਸ਼ਸ਼ਤਰ ਕਲਾ ਦੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਬੁੱਢਾ ਦਲ ਵੱਲੋਂ ਸਨਮਾਨਿਤ ਕੀਤਾ ਜਾਵੇਗਾ।18 ਮਾਰਚ ਨੂੰ ਗਤਕਾ ਮੁਕਾਬਲਿਆਂ ਸਮੇਂ ਬੁੱਢਾ ਦਲ ਵੱਲੋਂ ਸ. ਦਿਲਜੀਤ ਸਿੰਘ ਬੇਦੀ ਦੀ ਸੰਪਾਦਨਾ ਵਾਲਾ ਵਿਸ਼ੇਸ਼ ਰਸਾਲਾ “ਨਿਹੰਗ ਸਿੰਘ ਸੰਦੇਸ਼” ਵੀ ਰਿਲੀਜ਼ ਕੀਤਾ ਜਾਵੇਗਾ।ਉਨ੍ਹਾਂ ਕਿਹਾ ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਪੰਥ ਦੀਆਂ ਵਿਸ਼ੇਸ਼ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਇਸ ਵਾਰ ਸ੍ਰ. ਜਗਜੀਤ ਸਿੰਘ ਦਰਦੀ, ਕਰਨਲ ਦਲਵਿੰਦਰ ਸਿੰਘ ਗਰੇਵਾਲ, ਨਿਰਮਲੇ ਸੰਪਰਦਾਇ ਦੀ ਵਿਸ਼ੇਸ਼ ਸਖਸ਼ੀਅਤ ਸੰਤ ਤੇਜਾ ਸਿੰਘ ਗੁਰੂਸਰ ਖੁੱਡੇ ਵਾਲੇ, ਬਾਬਾ ਹਰਜੀਤ ਸਿੰਘ ਸਿੰਘ ਰਾਗੀ ਮਹਿਤਾ ਚੌਂਕ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਮੇਜਰ ਸਿੰਘ ਮੁਖੀ ਦਸ਼ਮੇਸ਼ ਤਰਨਾ ਦਲ, ਗਿ: ਭੁਪਿੰਦਰਪਾਲ ਸਿੰਘ ਕਥਾਵਾਚਕ ਅਤੇ ਸ੍ਰ. ਜਸਵਿੰਦਰ ਸਿੰਘ ਅਮਰੀਕਾ ਵਿਸ਼ੇਸ਼ ਤੌਰ ਤੇ ਸਨਮਾਨਤ ਹੋਣਗੇ।