ਨਵੀਂ ਦਿੱਲੀ – ਰੇਲਵੇ ਪ੍ਰਸ਼ਾਸਨ ਦੀ ਬਦਇੰਤਜ਼ਾਮੀ ਨਾਲ ਸ਼ਨਿਚਰਵਾਰ ਰਾਤ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ 18 ਯਾਤਰੀਆਂ ਦੀ ਮੌਤ ਹੋ ਗਈ। ਸਟੇਸ਼ਨ ’ਤੇ ਭੀੜ ਵਧਦੀ ਗਈ ਪਰ ਉਨ੍ਹਾਂ ਨੂੰ ਕੰਟਰੋਲ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਪੂਰੀ ਵਿਵਸਥਾ ਭਗਵਾਨ ਭਰੋਸੇ ਸੀ। ਸਥਿਤੀ ਸੰਭਾਲਣ ਲਈ ਨਾ ਰੇਲਵੇ ਅਧਿਕਾਰੀ ਸਨ ਤੇ ਨਾ ਹੀ ਪਲੇਟਫਾਰਮ ’ਤੇ ਲੁੜੀਂਦੀ ਗਿਣਤੀ ’ਚ ਆਰਪੀਐੱਫ ਦੇ ਜਵਾਨ। ਭਗਦੜ ਨਾਲ ਯਾਤਰੀਆਂ ਦੀ ਮੌਤ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਦੀ ਨੀਂਦ ਟੁੱਟੀ ਤੇ ਭੀੜ ਪ੍ਰਬੰਧਨ ਖ਼ਿਲਾਫ਼ ਆਰਪੀਐੱਫ, ਐੈੱਨਡੀਆਰਐੱਫ ਤੇ ਦਿੱਲੀ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ। ਉੱਥੇ ਹੀ ਮ੍ਰਿਤਕਾਂ ਦਾ ਪੋਸਟਮਾਰਟਮ ਕਰ ਕੇ ਐਤਵਾਰ ਸਵੇਰੇ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਰੇਲਵੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਇਹ ਰਕਮ ਪੀੜਤ ਪਰਿਵਾਰਾਂ ਨੂੰ ਫ਼ੌਰੀ ਦੇ ਵੀ ਦਿੱਤੀ ਗਈ ਹੈ।
ਰੇਲਵੇ ਦੀ ਦੋ ਮੈਂਬਰੀ ਜਾਂਚ ਕਮੇਟੀ ’ਚ ਸ਼ਾਮਿਲ ਉੱਤਰ ਰੇਲਵੇ ਦੇ ਪ੍ਰਿੰਸੀਪਲ ਚੀਫ ਕਮਰਸ਼ੀਅਲ ਮੈਨੇਜਰ ਨਰਸਿੰਘ ਦੇਵ ਤੇ ਪ੍ਰਿੰਸੀਪਲ ਚੀਫ ਸਕਿਓਰਿਟੀ ਕਮਿਸ਼ਨਰ ਪੰਕਜ ਗੰਗਵਾਰ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੀ ਨਜ਼ਰ ’ਚ ਇਹ ਹਾਦਸਾ ਅਧਿਕਾਰੀਆਂ ਦੀ ਲਾਪਰਵਾਹੀ ਦਾ ਨਤੀਜਾ ਲੱਗਦਾ ਹੈ। ਇਸ ਹਾਦਸੇ ’ਚ ਜ਼ਿਆਦਾਤਰ ਮਰਨ ਵਾਲਿਆਂ ਦੀ ਮੌਤ ਟ੍ਰਾਮੈਟਿਕ ਏਸਿਫਕਸੀਆ ਨਾਲ ਹੋਈ। ਇਹ ਇਕ ਅਜਿਹੀ ਸਥਿਤੀ ਹੁੰਦੀ ਹੈ ਜਦੋਂ ਛਾਤੀ ਤੇ ਪੇਟ ਦੇ ਉੱਪਰਲੇ ਹਿੱਸੇ ’ਤੇ ਦਬਾਅ ਪੈਣ ਨਾਲ ਸਾਹ ਤੇ ਖੂਨ ਦਾ ਸੰਚਾਰ ਰੁਕ ਜਾਂਦਾ ਹੈ ਤੇ ਦਮ ਘੁਟ ਜਾਂਦਾ ਹੈ। ਮਰਨ ਵਾਲਿਆਂ ’ਚ 11 ਔਰਤਾਂ ਤੇ ਚਾਰ ਬੱਚੇ ਵੀ ਸ਼ਾਮਿਲ ਹਨ। ਹਾਦਸੇ ’ਚ 13 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੋਕ ਨਾਇਕ ਹਸਪਤਾਲ, ਲੇ਼ਡੀ ਹਾਰਿਡੰਗ ਤੇ ਕਲਾਵਤੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।