
ਇਨਸਾਨ ਦੇ ਜਨਮ ਲੈਣ ਨਾਲ ਹੀ ਕਈ ਰਿਸ਼ਤੇ ਉਸਦੇ ਨਾਲ ਹੀ ਜਨਮ ਲੈ ਲੈਂਦੇ ਹਨ। ਇਹਨਾਂ ਰਿਸ਼ਤਿਆਂ ਕਰਕੇ ਹੀ ਦੁਨੀਆਂ ਹਸੀਨ ਹੈ ਤੇ ਇਹਨਾਂ ਰਿਸ਼ਤਿਆਂ ਦੇ ਕਰਕੇ ਹੀ ਮਨੁੱਖ ਸਾਰੇ ਕਾਰ ਵਿਹਾਰ ਦੇ ਚੱਕਰ ਵਿੱਚ ਰੁੱਝਿਆ ਰਹਿੰਦਾ ਹੈ। ਇਹਨਾਂ ਰਿਸ਼ਤਿਆਂ ਦੀ ਮੌਜੂਦਗੀ ਹੀ ਮਨੁੱਖ ਨੂੰ ਮਾਨ ਅਪਮਾਨ ਦਾ ਅਹਿਸਾਸ ਕਰਵਾਉਂਦੀ ਹੈ ਇਹਨਾਂ ਸਾਰੇ ਨਾਤਿਆਂ ਕਰਕੇ ਹੀ ਮਨੁੱਖ ਕੋਸ਼ਿਸ਼ ਕਰਦਾ ਹੈ ਕਿ ਇੱਕ ਚੰਗਾ ਕਿਰਦਾਰ ਘੜ ਸਕੇ , ਤਾਂ ਜੋ ਉਸਦੇ ਰਿਸ਼ਤੇ ਨਾਤਿਆਂ ਵਿੱਚ ਉਸਦੀ ਚੰਗੀ ਸੋਭਾ ਹੋ ਕੇ। ਇਹ ਰਿਸ਼ਤੇ ਹੀ ਤਾਂ ਹਨ ਜਿਹੜੇ ਦੁੱਖ ਵਿੱਚ ਸਿਹਕਦੇ ਦਿਲਾਂ ਨੂੰ ਧਰਵਾਸ ਦਿੰਦੇ ਹਨ ਤੇ ਖੁਸ਼ੀਆਂ ਵੇਲੇ ਦਿਲਾਂ ਨੂੰ ਖੇੜਾ ਤੇ ਸਕੂਨ ਦਿੰਦੇ ਹਨ । ਇਸ ਵਿੱਚ ਵੀ ਕੋਈ ਦੋਰਾਇ ਨਹੀਂ ਕਿ ਮਨੁੱਖ ਦੀ ਹੋਂਦ ਹੀ ਇਹਨਾਂ ਰਿਸ਼ਤਿਆਂ ਕਰਕੇ ਹੈ।
ਆਪਣੇ ਜੀਵਨ ਕਾਲ ਦੌਰਾਨ ਮਨੁੱਖ ਕਈ ਤਰ੍ਹਾਂ ਦੇ ਰਿਸ਼ਤਿਆਂ ਵਿੱਚ ਬੱਝਦਾ ਹੈ, ਜਿੰਨਾਂ ਵਿੱਚ ਖੂਨ ਦੇ ਰਿਸ਼ਤੇ ਜਿਵੇਂ ਕਿ ਮਾਂ ਬਾਪ, ਭੈਣ ਭਾਈ ਆਦਿ, ਪਰਿਵਾਰਕ ਰਿਸ਼ਤੇ ਜਿਵੇਂ ਕਿ ਤਾਏ ਚਾਚੇ, ਮਾਮੇ ਮਾਸੀਆਂ, ਭੂਆਂ ਫੁੱਫੜ ਆਦਿ, ਕੁਝ ਰਿਸ਼ਤੇ ਭਾਵਨਾਤਮਕ ਰਿਸ਼ਤੇ ਹੁੰਦੇ ਹਨ, ਜਿੰਨਾ ਨਾਲ ਮਨੁੱਖ ਦੋਸਤਾਂ ਦੇ ਰੂਪ ਵਿੱਚ ਜੁੜਦਾ ਹੈ ਅਤੇ ਕੁਝ ਰਿਸ਼ਤੇ ਵਿਆਹ ਤੋਂ ਬਾਅਦ ਜੁੜਦੇ ਹਨ। ਇਹਨਾਂ ਸਾਰੇ ਰਿਸ਼ਤਿਆਂ ਦੀ ਸਾਡੀ ਜ਼ਿੰਦਗੀ ਵਿੱਚ ਆਪਣੀ ਆਪਣੀ ਖਾਸ ਜਗ਼੍ਹਾ ਹੈ, ਇਹ ਰਿਸ਼ਤੇ ਆਪਣੀ ਆਪਣੀ ਖਾਸ ਭੂਮਿਕਾ ਨਿਭਾਉਂਦੇ ਹਨ। ਕਿਸੇ ਰੁੱਖ ਦੇ ਵੱਧਣ ਫੁੱਲਣ ਲਈ ਜਿਵੇਂ ਉਸਨੂੰ ਲੋੜੀਂਦੇ ਪਾਣੀ, ਹਵਾ, ਰੌਸ਼ਨੀ ਤੇ ਸਾਂਭ ਸੰਭਾਲ ਦੀ ਜਰੂਰਤ ਹੁੰਦੀ ਹੈ, ਉਸੇ ਤਰ੍ਹਾਂ ਰਿਸ਼ਤਿਆਂ ਦੀਆਂ ਵੀ ਵੱਧਣ ਫੁੱਲਣ ਤੇ ਮਜ਼ਬੂਤੀ ਲਈ ਕੁਝ ਜਰੂਰਤਾਂ ਹੁੰਦੀਆਂ ਹਨ, ਜਿੰਨਾ ਵਿੱਚ ਰਿਸ਼ਤਿਆਂ ਵਿੱਚ ਇੱਕ ਦੂਸਰੇ ਦਾ ਸਤਿਕਾਰ, ਵਿਸ਼ਵਾਸ, ਪਿਆਰ, ਅਪਣੱਤਾਂ ਦੀਆਂ ਬੁਛਾੜਾਂ, ਸਹਿਕਦੇ ਦਿਲਾਂ ਨੂੰ ਧਰਵਾਸ ਦੇਣ ਲਈ ਆਪਣਿਆਂ ਦਾ ਹੌਂਸਲਾ, ਵਿਲਕਦੇ ਹਿਰਦਿਆਂ ਨੂੰ ਠਾਰਨ ਵਾਲੀ ਆਪਣਿਆਂ ਦੀ ਗਲਵੱਕੜੀ ਆਦਿ ਬਹੁਤ ਅਹਿਮ ਹਨ।
ਸਾਨੂੰ ਜੀਵਨ ਜਿਊਣ ਲਈ ਮਿਲਿਆ ਹੈ, ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਸਭ ਭੌਤਿਕਵਾਦੀ ਸੁੱਖ ਅਰਾਮ ਹੋਣ ਦੇ ਬਾਵਜ਼ੂਦ ਵੀ ਚਿਹਰਿਆਂ ਤੋਂ ਰਵਾਨਗੀ ਨਹੀਂ ਹੁੰਦੀ, ਕਿਉਂਕਿ ਘਰਾਂ ਵਿੱਚ ਸੁੱਖ ਨਹੀਂ, ਆਪਣਿਆਂ ਦਾ ਪਿਆਰ ਨਹੀਂ, ਇੱਕ ਦੂਸਰੇ ਦਾ ਸਤਿਕਾਰ ਨਹੀਂ। ਜਿਸ ਕਾਰਣ ਲੋਕ ਜੀਵਨ ਨੂੰ ਬੋਝ ਸਮਝੀ ਬੈਠੇ ਹਨ। ਅਸਲ ਵਿੱਚ ਮੁੱਖ ਮੁੱਦਾ ਇਹ ਹੈ ਕਿ ਅਸੀਂ ਰਿਸ਼ਤਿਆਂ ਦਾ ਸਤਿਕਾਰ ਕਰਨਾ ਭੁੱਲ ਚੁੱਕੇ ਹਾਂ। ਰਿਸ਼ਤਾ ਕੋਈ ਵੀ ਹੋਵੇ ਉਸ ਵਿੱਚ ਸਤਿਕਾਰ ਹੋਣਾ ਬਹੁਤ ਜਰੂਰੀ ਹੈ, ਨਿੱਕਾ ਹੋਵੇ ਜਾਂ ਵੱਡਾ, ਹਰ ਇੱਕ ਦੀ ਹੋਂਦ ਦਾ ਸਤਿਕਾਰਿਆ ਜਾਣਾ ਅਹਿਮ ਹੈ। ਅੱਜ ਸਤਿਕਾਰਾਂ ਤੋਂ ਸੱਖਣੇ ਰਿਸ਼ਤੇ ਹੌਲੀ ਹੌਲੀ ਪਿਆਰਾਂ ਤੋਂ ਵੀ ਸੱਖਣੇ ਹੋਈ ਜਾ ਰਹੇ ਹਨ। ਰਿਸ਼ਤਿਆਂ ਦੀ ਕਦਰ ਘੱਟ ਰਹੀ ਹੈ, ਜ਼ਜ਼ਬਾਤਾਂ ਨਾਲ ਖਿਲਵਾੜ ਹੋ ਰਹੇ ਹਨ ਤੇ ਘਰ ਪਰਿਵਾਰ ਖੇਰੂੰ ਖੇਰੂੰ ਹੋ ਰਹੇ ਹਨ।
ਮੈਨੂੰ ਅੱਜ ਵੀ ਯਾਦ ਹੈ ਕਿ ਪਹਿਲੇ ਸਮਿਆਂ ਵਿੱਚ ਵਿਹੜੇ ਵਿੱਚ ਪਲੰਘ ਵਿਛਾਅ ਬੈਠੇ ਦਾਦੇ ਬਾਬਿਆਂ ਘਰ ਦੇ ਛੋਟੇ ਬੱਚਿਆਂ ਨੂੰ ਆਲੇ ਦੁਆਲੇ ਬਿਠਾ ਮਗਰ ਮਗਰ ਬੋਲਣ ਲਈ ਕਹਿਣਾ ” ਜੀ ਕਹੋ ਜੀ ਕਹਾਉ” ਵੱਡਿਆਂ ਦਾ ਸਤਿਕਾਰ ਕਰੋ ਛੋਟਿਆਂ ਨਾਲ ਪਿਆਰ ਕਰੋ” ਅਜਿਹੀਆਂ ਹੋਰ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਪਰ ਕੀਮਤੀਂ ਗੱਲਾਂ ਬਚਪਨ ਤੋਂ ਸਮਝਾਈਆਂ ਤੇ ਸਿਖਾਈਆਂ ਜਾਂਦੀਆਂ ਸਨ, ਪਰ ਹੁਣ ਨਾ ਤਾਂ ਉਹ ਵੇਲੇ ਹਨ ਅਤੇ ਨਾਂ ਹੀ ਕੋਈ ਦਾਦੇ ਬਾਬਿਆਂ ਕੋਲ ਬੈਠਣ ਲਈ ਰਾਜ਼ੀ ਹੈ।
ਬਹੁਤ ਸਾਰੇ ਰਿਸ਼ਤੇ ਇਸ ਲਈ ਬੇਸੁਰੇ ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਨਾ ਤਾਂ ਬਣਦਾ ਪਿਆਰ ਮਿਲਦਾ ਹੈ, ਨਾ ਸਤਿਕਾਰ ਅਤੇ ਨਾ ਹੀ ਸਮਾਂ ਜਿਸ ਕਾਰਨ ਹੌਲੀ ਹੌਲੀ ਰਿਸ਼ਤੇ ਮਿਠਾਸ ਹੀਣ ਹੋ ਜਾਂਦੇ ਹਨ ਅਤੇ ਲੋਕ ਸਿਰਫ਼ ਦੁਨੀਆਦਾਰੀ ਦੇ ਮੂੰਹ ਨੂੰ ਉਹਨਾਂ ਦਾ ਬੋਝ ਢਾਹੁੰਦੇ ਰਹਿੰਦੇ ਹਨ। ਬਹੁਤ ਸਾਰੇ ਜਗ੍ਹਾ ਤੇ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਕਈ ਲੋਕ ਬਾਹਰਲੇ ਜਾਂ ਅਣਜਾਣ ਲੋਕਾਂ ਨਾਲ ਬਹੁਤ ਖੁਸ਼ੀ ਖੁਸ਼ੀ ਜਾਂ ਸਤਿਕਾਰ ਨਾਲ ਪੇਸ਼ ਆਉਂਦੇ ਹਨ ਪਰ ਘਰ ਪਰਿਵਾਰ ਤੇ ਆਪਣਿਆਂ ਪ੍ਤੀ ਉਹਨਾਂ ਦਾ ਰਵੱਈਆ ਬਿਲਕੁੱਲ ਵੱਖਰਾ ਹੁੰਦਾ ਹੈ, ਜੋ ਅਕਸਰ ਪਰਿਵਾਰ ਵਿੱਚ ਵੱਡੀਆਂ ਤਰੇੜਾਂ ਪਾ ਜਾਂਦਾ ਹੈ।
ਹੁਣ ਸਵਾਲ ਇਹ ਹੈ ਕਿ ਰਿਸ਼ਤਿਆਂ ਵਿੱਚ ਤਾਜ਼ਗੀ ਕਿਵੇਂ ਬਰਕਰਾਰ ਰੱਖੀਏ। ਇੱਕ ਗੱਲ ਸਾਨੂੰ ਸਾਰਿਆਂ ਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਜਿੱਥੇ ਆਪਣਿਆਂ ਖੜ੍ਹ ਜਾਣਾ ਹੈ ਜਾਂ ਸਹਾਈ ਹੋਣਾ ਉੱਥੇ ਕੋਈ ਦੂਸਰਾ ਜਾਂ ਬੇਗਾਨਾ ਨਹੀਂ ਆ ਸਕਦਾ, ਇਸ ਲਈ ਸਭ ਤੋਂ ਪਹਿਲਾਂ ਜਰੂਰੀ ਹੈ ਕਿ ਆਪਣਿਆਂ ਦੀ ਅਹਿਮੀਅਤ ਨੂੰ ਸਮਝਣਾ, ਦੂਸਰਾ ਆਪਣਿਆਂ ਨੂੰ ਹਰ ਸਥਿਤੀ ਵਿੱਚ ਸਤਿਕਾਰ ਦੇਣਾ, ਉਹਨਾਂ ਦੀ ਹੌਂਦ ਦੇ ਅਹਿਮ ਨੂੰ ਸਮਝਣਾ, ਉਹਨਾਂ ਦੇ ਰਿਸ਼ਤੇ ਦੀ ਆਪਣੇ ਜੀਵਨ ਵਿੱਚ ਭੂਮਿਕਾ ਨੂੰ ਸਮਝਣਾ। ਇਸ ਤੋਂ ਇਲਾਵਾ ਆਪਣੇ ਨਾਲ ਜੁੜੇ ਹੋਏ ਰਿਸ਼ਤਿਆਂ ਦੀ ਸਿਫ਼ਤ ਕਰਨੀ, ਖਾਸ ਕਰ ਪਤੀ ਪਤਨੀ ਦੇ ਰਿਸ਼ਤੇ ਵਿੱਚ ਜੇਕਰ ਪਤੀ ਪਤਨੀ ਇੱਕ ਦੂਸਰੇ ਦੀ ਮੌਜੂਦਗੀ ਜਾਂ ਗੈਰਹਾਜ਼ਿਰੀ ਵਿੱਚ ਇੱਕ ਦੂਸਰੇ ਦੀ ਪ੍ਰਸੰਸਾ ਕਰਦੇ ਹਨ ਤਾਂ ਇਸ ਨਾਲ ਇੱਕ ਦੂਸਰੇ ਪ੍ਤੀ ਸਤਿਕਾਰ ਹੋਰ ਵੀ ਵੱਧਦਾ ਹੈ, ਇਹ ਨਿਯਮ ਮਾਪਿਆਂ ਅਤੇ ਬੱਚਿਆਂ ਤੇ ਵੀ ਲਾਗੂ ਹੁੰਦਾ ਹੈ। ਰਿਸ਼ਤਿਆਂ ਵਿੱਚ ਤਾਜ਼ਗੀ ਬਣਾਈ ਰੱਖਣ ਲਈ ਆਪਣਿਆਂ ਦੇ ਕੁਝ ਖਾਸ ਦਿਨ ਜਿਵੇਂ ਕਿ ਜਨਮਦਿਨ, ਵਿਆਹ ਦੀ ਵਰ੍ਹੇਗੰਢ ਆਦਿ ਯਾਦ ਰੱਖ ਕੇ ਉਹਨਾਂ ਨੂੰ ਛੋਟੇ ਜਿਹੇ ਰੂਪ ਵਿੱਚ ਮਨਾਇਆ ਜਾ ਸਕਦਾ ਹੈ, ਇਸ ਨਾਲ ਤੁਹਾਡੇ ਨਾਲ ਜੁੜੇ ਹੋਏ ਲੋਕ ਆਪਣੇ ਆਪ ਵਿੱਚ ਖਾਸ ਮਹਿਸੂਸ ਕਰਨਗੇ ਅਤੇ ਉਹਨਾਂ ਦੇ ਜੀਵਨ ਵਿੱਚ ਰੰਗ ਭਰੇ ਰਹਿਣਗੇ।
ਇਸ ਗੱਲ ਵਿੱਚ ਕੋਈ ਦੋਰਾਇ ਨਹੀਂ ਕਿ ਦੁਨੀਆਂ ਪਿਆਰ ਦੀ ਭੁੱਖੀ ਹੈ, ਜਾਨਵਰ ਹੋਵੇ ਜਾਂ ਮਨੁੱਖ ਹਰ ਇੱਕ ਪਿਆਰ ਦੀ ਤਾਂਘ ਰੱਖਦਾ ਹੈ ਕਿਉਂਕਿ ਪਿਆਰ ਤੇ ਸਤਿਕਾਰ ਹੀ ਤਾਂ ਹੈ ਜੋ ਰਿਸ਼ਤਿਆਂ ਨੂੰ ਸਦੀਵੀ ਜੋੜ ਕੇ ਰੱਖਦਾ ਹੈ । ਅੱਜ ਬਹੁਤਾਤ ਲੋਕਾਂ ਨੂੰ ਖਾਸਕਰ ਨੌਜਵਾਨ ਪੀੜੀ ਨੂੰ ਲੱਗਦਾ ਹੈ ਕਿ ਉਹਨਾਂ ਦੇ ਜੀਵਨ ਵਿੱਚ ਪਦਾਰਥਵਾਦੀ ਚੀਜ਼ਾਂ, ਸੁੱਖ ਅਰਾਮ ਹੀ ਸਕੂਨ ਦੇ ਸਕਦੇ ਹਨ ਜਦਕਿ ਅਜਿਹਾ ਬਿਲਕੁਲ ਨਹੀਂ ਹੈ, ਜੋ ਖੁਸ਼ੀ ਆਪਣਿਆਂ ਨੂੰ ਖੁਸ਼ ਦੇਖ ਕੇ ਮਿਲਦੀ ਹੈ ਉਸਦਾ ਕੋਈ ਮੇਲ ਨਹੀਂ।
ਰਿਸ਼ਤਿਆਂ ਦਾ ਆਦਰ ਬਹੁਤ ਜਰੂਰੀ ਹੈ, ਤੁਸੀਂ ਬਾਹਰ ਲੋਕਾਂ ਨਾਲ ਲੱਖ ਸਤਿਕਾਰ ਜਾਂ ਪਿਆਰ ਨਾਲ ਪੇਸ਼ ਆਉ ਪਰ ਜੇਕਰ ਤੁਹਾਡਾ ਵਤੀਰਾ ਘਰ, ਪਰਿਵਾਰ ਲਈ ਅਲੱਗ ਹੈ ਤਾਂ ਤੁਸੀਂ ਭੇਖੀ ਲੋਕਾਂ ਦੀ ਸ਼ੇ੍ਣੀ ਵਿੱਚ ਗਿਣੇ ਜਾਉਂਗੇ। ਹਰ ਰਿਸ਼ਤੇ ਦਾ ਫ਼ਰਜ਼ ਹੈ ਕਿ ਉਹ ਆਪਣੇ ਫ਼ਰਜ਼ ਨੂੰ ਪਹਿਚਾਣੇ, ਰਿਸ਼ਤਿਆਂ ਦੀਆਂ ਮੋਹ ਦੀਆਂ ਤੰਦਾਂ ਨੂੰ ਮਜ਼ਬੂਤ ਰੱਖੇ, ਪਿਆਰ ਦੇ ਵਲੇਵੇ ਮਾਰ ਰਿਸ਼ਤਿਆਂ ਨੂੰ ਜਕੜ ਕੇ ਰੱਖੇ, ਅਪਣੱਤਾਂ ਦੇ ਛਿੱਟੇ ਪਾਉਂਦੀਆਂ ਗੱਲਾਂ ਨਾਲ ਆਪਣਿਆਂ ਦੇ ਕਾਲਜੇ ਠੰਡ ਪਾਵੇ। ਇਹ ਤਾਂ ਹੀ ਸੰਭਵ ਹੈ ਜੇ ਰਿਸ਼ਤਿਆਂ ਨੂੰ ਪਿਆਰਾਂ ਦਾ, ਸਤਿਕਾਰਾਂ ਦਾ, ਚਾਹਵਾਂ ਦਾ, ਮਲਾਰਾਂ ਦਾ ਹੁਲਾਰਾ ਮਿਲਦਾ ਰਹੇ।
