ਬ੍ਰਿਸਬੇਨ – ਵਿਸ਼ਵ ਪੱਧਰ ‘ਤੇ ਸੈਰ-ਸਪਾਟੇ ਲਈ ਬੋਰਾ ਬੋਰਾ ਅਤੇ ਕੈਨਕੁਨ ਵਰਗੇ ਪ੍ਰਮੁੱਖ ਸਥਾਨਾਂ ਨੂੰ ਪਛਾੜਦੇ ਹੋਏ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਸਮੁੰਦਰੀ ਤੱਟ ‘ਤੇ ਵਸੇ ਹੋਏ ਖੂਬਸੂਰਤ ਸ਼ਹਿਰ ਸਨਸ਼ਾਈਨ ਕੋਸਟ ਨੇ ਸੈਰ-ਸਪਾਟੇ ਵਜੋਂ ਦੁਨੀਆ ਦਾ ਸਭ ਤੋਂ ਵੱਧ ਪੰਸਾਦੀਦਾ ਸਥਾਨ ਬਣ ਕੇ ਅੱਵਲ ਦਰਜਾ ਪ੍ਰਾਪਤ ਕੀਤਾ ਹੈ।
ਟੂਰਿਜ਼ਮ ਸੈਂਟੀਮੈਂਟ ਇੰਡੈਕਸ ਵੱਲੋਂ ਬੀਤੇ ਵਰ੍ਹੇ 2021 ‘ਚ 1.8 ਬਿਲੀਅਨ ਲੋਕਾਂ ਨੇ ਆਨਲਾਈਨ ਸਰਵੇਖਣ ਦੌਰਾਨ ਸੈਲਾਨੀਆਂ ਤੋਂ ਦੁਨੀਆ ਭਰ ਦੇ 20 ਹਜ਼ਾਰ ਸੈਰ-ਸਪਾਟੇ ਦੇ ਪ੍ਰਮੁੱਖ ਸਥਾਨਾਂ ਦੇ ਯਾਤਰਾ ਦੇ ਤਜ਼ਰਬਿਆਂ ਬਾਰੇ ਪ੍ਰਮੁੱਖ ਪਹਿਲੂ ਜਿਵੇਂ ਕਿ ਬੀਚ, ਪਾਰਕ, ਆਵਾਜਾਈ, ਰਿਹਾਇਸ਼, ਖਿੱਚ, ਸਮਾਗਮਾਂ ਆਦਿ ਸਹੂਲਤਾਂ ਦੇ ਤੱਥਾਂ ‘ਤੇ ਅਧਾਰਿਤ ਵਿਚਾਰ ਲੈਣ ਤੋਂ ਬਾਅਦ ਦਰਜਾਬੰਦੀ ਕੀਤੀ ਗਈ।
ਕੁਈਨਜ਼ਲੈਂਡ ਸੂਬੇ ਦੇ ਸਨਸ਼ਾਈਨ ਕੋਸਟ ਸ਼ਹਿਰ ਨੇ ਨੰਬਰ ਇਕ ਦੇ ਨਾਲ ਚੋਟੀ ਦੇ 100 ਸਥਾਨਾਂ ‘ਚ ਆਪਣਾ ਦਬਦਬਾ ਬਣਾਇਆ। ਦੂਜੇ ਨੰਬਰ ‘ਤੇ ਵਿਟਸਸੰਡੇ ਕੁਈਨਜ਼ਲੈਂਡ, ਭਾਰਤ ਦਾ ਉਦੈਪੁਰ ਤੀਜਾ, ਫ੍ਰੈਂਚ ਪੋਲੀਨੇਸ਼ੀਆ ਦਾ ਬੋਰਾ ਬੋਰਾ ਚੌਥਾ, ਨੂਸਾ ਕੁਈਨਜ਼ਲੈਂਡ ਪੰਜਵਾਂ, ਨਾਇਸ (ਫਰਾਂਸ) ਛੇਵਾਂ, ਪੁੰਟਾ ਕਾਨਾ (ਡੋਮਿਨਿਕਨ ਰੀਪਬਲਿਕ) ਸੱਤਵੇਂ, ਕੈਨਕੂਨ (ਮੈਕਸੀਕੋ) ਅੱਠਵੇਂ, ਕੇਨਜ਼ ਕੁਈਨਜ਼ਲੈਂਡ ਕ੍ਰਮਵਾਰ ਨੌਵੇਂ ਅਤੇ ਪਿਊਰਟੋ ਵਾਲਾਰਟਾ (ਮੈਕਸੀਕੋ) ਨੇ ਦਸਵਾਂ ਸਥਾਨ ਹਾਸਲ ਕੀਤਾ ਹੈ।