ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਆਈ. ਆਈ. ਟੀ. ਰੋਪੜ ਦੇ ਸਹਿਯੋਗ ਨਾਲ ‘ਆਈ. ਓ. ਟੀ., ਆਟੋਮੇਸ਼ਨ ਅਤੇ ਸਮਾਰਟ ਸਿੰਚਾਈ ਨਾਲ ਖੇਤੀਬਾੜੀ ’ਚ ਤਬਦੀਲੀ’ ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਯੋਜਿਤ ਉਕਤ ਵਰਕਸ਼ਾਪ ਆਈ.ਹਬ-ਆਵਾਡੀਐਚ, ਆਈ. ਆਈ. ਟੀ. ਰੋਪੜ ਦੀ ਆਈਡੀਆਥੌਨ ਸਕੀਮ ਤਹਿਤ ਕਰਵਾਈ ਗਈ।
ਇਸ ਦੌਰਾਨ ਡਾ. ਮੰਜੂ ਬਾਲਾ ਨੇ ਕਿਹਾ ਕਿ ਤਕਨਾਲੋਜੀ-ਸੰਚਾਲਿਤ ਖੇਤੀਬਾੜੀ ਭਵਿੱਖ ਹੈ ਅਤੇ ਵਿਦਿਆਰਥੀਆਂ ਨੂੰ ਆਈ. ਓ. ਟੀ. ਅਤੇ ਆਟੋਮੇਸ਼ਨ ’ਚ ਵਿਹਾਰਕ ਤਜਰਬੇ ਸਦਕਾ ਸਸ਼ਕਤ ਬਣਾਉਣ ਨਾਲ ਖੇਤੀਬਾੜੀ ਅਭਿਆਸਾਂ ’ਚ ਕ੍ਰਾਂਤੀ ਆਵੇਗੀ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਭਾਗੀਦਾਰਾਂ ਨੂੰ ਸਮਾਰਟ ਫਾਰਮਿੰਗ ’ਚ ਅਤਿ-ਆਧੁਨਿਕ ਤਕਨਾਲੋਜੀਆਂ ਨਾਲ ਜਾਣੂ ਕਰਵਾਉਣਾ ਹੈ, ਜੋ ਕਿ ਸ਼ੁੱਧਤਾ ਖੇਤੀਬਾੜੀ, ਆਟੋਮੇਸ਼ਨ ਅਤੇ ਆਈ. ਓ. ਟੀ.-ਸੰਚਾਲਿਤ ਸਿੰਚਾਈ ਪ੍ਰਣਾਲੀਆਂ ’ਤੇ ਕੇਂਦ੍ਰਿਤ ਹੈ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦੌਰਾਨ ਮਾਹਿਰਾਂ ਦੇ ਭਾਸ਼ਣ ਅਤੇ ਵਿਹਾਰਕ ਸਿਖਲਾਈ ਸੈਸ਼ਨ ਮੌਕੇ ਕਾਲਜ ਸਮੇਤ ਜ਼ਿਲ੍ਹੇ ਦੇ ਆਈ. ਕੇ. ਜੀ. ਪੀ. ਟੀ. ਯੂ. ਕੈਂਪਸ, ਸਰੂਪ ਰਾਣੀ ਸਰਕਾਰੀ ਕਾਲਜ ਫਾਰ ਗਰਲਜ਼ ਅਤੇ ਖਾਲਸਾ ਕਾਲਜ ਦੇ 100 ਤੋਂ ਵਧੇਰੇ ਵਿਦਿਆਰਥੀਆਂ ਨੇ ਆਧੁਨਿਕ ਖੇਤੀ ਤਕਨੀਕਾਂ ਨਾਲ ਆਈ. ਓ. ਟੀ. ਦੇ ਏਕੀਕਰਨ ਸਬੰਧੀ ਵਿਹਾਰਕ ਜਾਣਕਾਰੀ ਪ੍ਰਾਪਤ ਕੀਤੀ।
ਇਸ ਮੌਕੇ ਐਨ. ਆਈ. ਟੀ. ਕੁਰੂਕਸ਼ੇਤਰ ਤੋਂ ਐਸੋਸੀਏਟ ਪ੍ਰੋਫੈਸਰ ਡਾ. ਸੰਦੀਪ ਕੁਮਾਰ ਸੂਦ ਨੇ ਆਈ. ਓ. ਟੀ. ਦੀ ਵਰਤੋਂ ਕਰਦੇ ਹੋਏ ਸਮਾਰਟ ਐਗਰੀਕਲਚਰ ’ਤੇ ਸੈਸ਼ਨ ਦੌਰਾਨ ਖੇਤੀ ਉਤਪਾਦਕਤਾ ਨੂੰ ਅਨੁਕੂਲ ਬਣਾਉਣ ’ਚ ਰੀਅਲ-ਟਾਈਮ ਨਿਗਰਾਨੀ, ਡੇਟਾ ਵਿਸ਼ਲੇਸ਼ਣ ਅਤੇ ਰਿਮੋਟ ਸੈਂਸਿੰਗ ਐਪਲੀਕੇਸ਼ਨਾਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ ਗਿਆ। ਜਦਕਿ ਭਵਾਇਆ ਟੈਕਨਾਲੋਜੀ, ਚੰਡੀਗੜ੍ਹ ਦੇ ਟ੍ਰੇਨਰ ਸ੍ਰੀ ਤਨਿਸ਼ਕ ਸਿੰਘਲ ਨੇ ਵੱਖ-ਵੱਖ ਖੇਤੀਬਾੜੀ ਸੈਂਸਰਾਂ ਦਾ ਵਿਸਤ੍ਰਿਤ ਪ੍ਰਦਰਸ਼ਨ ਕੀਤਾ, ਜਿਸ ’ਚ ਵਰਚੁਅਲ ਫੈਂਸਿੰਗ, ਪਸ਼ੂਧਨ ਨਿਗਰਾਨੀ, ਅਤੇ ਫਾਰਮ ਆਟੋਮੇਸ਼ਨ ਲਈ ਅਰਡਿਨੋ ਨਾਲ ਇੰਟਰਫੇਸਿੰਗ ਸੈਂਸਰ ਸ਼ਾਮਿਲ ਹਨ।
ਇਸ ਮੌਕੇ ਲੋਂਗੋਵਾਲ ਦੇ ਐਸ. ਐਲ. ਆਈ. ਈ. ਟੀ. ਤੋਂ ਪ੍ਰੋਫੈਸਰ (ਈ. ਸੀ. ਈ.) ਡਾ. ਦਿਲੀਪ ਕੁਮਾਰ ਨੇ ਪਾਣੀ ਦੀ ਸੰਭਾਲ ਅਤੇ ਸੈਂਸਰ-ਅਧਾਰਤ ਸਿੰਚਾਈ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਖੇਤੀਬਾੜੀ ’ਚ ਤੁਪਕਾ ਸਿੰਚਾਈ ਪ੍ਰਣਾਲੀਆਂ ਅਤੇ ਆਟੋਮੇਸ਼ਨ ’ਤੇ ਆਪਣੀ ਮੁਹਾਰਤ ਸਾਂਝੀ ਕੀਤੀ। ਉਨ੍ਹਾਂ ਦੇ ਸੈਸ਼ਨ ’ਚ ਅਲਟਰਾਸੋਨਿਕ, ਮਿੱਟੀ ਦੀ ਨਮੀ ਅਤੇ ਤਾਪਮਾਨ ਸੈਂਸਰਾਂ ਦਾ ਲਾਈਵ ਪ੍ਰਦਰਸ਼ਨ ਸ਼ਾਮਿਲ ਕੀਤਾ ਗਿਆ ਸੀ।
ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਵਰਕਸ਼ਾਪ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਟਿਕਾਊ ਖੇਤੀਬਾੜੀ ਲਈ ਆਈ. ਓ. ਟੀ. ਸੰਚਾਲਿਤ ਹੱਲਾਂ ਦੀ ਪੜਚੋਲ ਕਰਨ ਸਬੰਧੀ ਇਕ ਮੰਚ ਪ੍ਰਦਾਨ ਕੀਤਾ, ਜਿਸ ਨੇ ਉੱਭਰ ਰਹੀਆਂ ਤਕਨਾਲੋਜੀਆਂ ’ਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਸੰਸਥਾਵਾਂ ਦੀ ਵਚਨਬੱਧਤਾ ਨੂੰ ਮਜ਼ਬੂਤ ਕੀਤਾ ਹੈ। ਇਸ ਮੌਕੇ ਸਮੂੰਹ ਕਾਲਜ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।