ਨਵੀਂ ਦਿੱਲੀ – ਆਂਧਰਾ ਪ੍ਰਦੇਸ਼ ‘ਚ ਬੀਚ ‘ਤੇ ਸੈਲਫੀ ਲੈਣ ਵਾਲੀ ਔਰਤ ਲਾਪਤਾ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੰਗਾਲ ਦੀ ਖਾੜੀ ‘ਚ ਤੱਟ ਰੱਖਿਅਕਾਂ ਨੇ ਮੰਗਲਵਾਰ ਨੂੰ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਦਰਅਸਲ ਔਰਤ ਨੂੰ ਆਖਰੀ ਵਾਰ ਰਾਮ ਕ੍ਰਿਸ਼ਨ ਬੀਚ ‘ਤੇ ਦੇਖਿਆ ਗਿਆ ਸੀ।
ਬਚਾਅ ਕਾਰਜ ਦੋ ਜਹਾਜ਼ਾਂ ਅਤੇ ਇੱਕ ਚੇਤਕ ਹੈਲੀਕਾਪਟਰ ਦੁਆਰਾ ਕੀਤਾ ਗਿਆ। ਵਿਸ਼ਾਖਾਪਟਨਮ ਦੇ ਬੀਚ ‘ਤੇ 21 ਸਾਲਾ ਵਿਆਹੁਤਾ ਔਰਤ ਦੇ ਡੁੱਬਣ ਦਾ ਸ਼ੱਕ ਜਤਾਇਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਰਾਮਾਰਾਓ ਨੇ ਦੱਸਿਆ ਕਿ ਸ਼੍ਰੀਨਿਵਾਸ ਨਾਂ ਦੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਪਤਨੀ ਬੀਚ ਤੋਂ ਗਾਇਬ ਹੋ ਗਈ ਸੀ, ਜਿਸ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਇਸ ਤੋਂ ਇਲਾਵਾ ਤੱਟ ਰੱਖਿਅਕਾਂ ਤੋਂ ਵੀ ਮਦਦ ਮੰਗੀ ਗਈ ਹੈ।
ਕੋਸਟ ਗਾਰਡ ਦੇ ਡੀਐਸਪੀ ਤ੍ਰਿਨਾਥ ਰਾਓ ਨੇ ਕਿਹਾ ਕਿ ਸਥਾਨਕ ਪੁਲਿਸ ਨੇ ਲਾਪਤਾ ਔਰਤ ਦੀ ਭਾਲ ਵਿੱਚ ਉਨ੍ਹਾਂ ਦਾ ਸਹਿਯੋਗ ਮੰਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ, ‘ਸਾਡੇ ਚਾਲਕ ਦਲ ਦੇ ਮੈਂਬਰ ਤਲਾਸ਼ੀ ਮੁਹਿੰਮ ‘ਚ ਲੱਗੇ ਹੋਏ ਹਨ। ਇਸ ਦੇ ਲਈ ਅਸੀਂ ਇੱਕ ਸਪੀਡ ਬੋਟ, ਦੋ ਜਹਾਜ਼ ਅਤੇ ਇੱਕ ਚੇਤਕ ਹੈਲੀਕਾਪਟਰ ਭੇਜਿਆ ਹੈ। ਲਾਪਤਾ ਔਰਤ ਦੀ ਪਛਾਣ ਪ੍ਰਿਆ ਵਾਸੀ ਐਨਏਡੀ ਕੋਠੇ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਭਾਰਤੀ ਤੱਟ ਰੱਖਿਅਕਾਂ ਨੇ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਸੀ।