ਗੋਪੇਸ਼ਵਰ – ਸ੍ਰੀ ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਐਤਵਾਰ ਦੁਪਹਿਰ ਡੇਢ ਵਜੇ ਸਰਦ ਰੁੱਤ ਲਈ ਬੰਦ ਕਰ ਦਿੱਤੇ ਗਏ ਹਨ। ਇਸ ਸਾਲ ਦੋਵਾਂ ਧਾਮਾਂ ’ਚ 10,300 ਸ਼ਰਧਾਲੂਆਂ ਨੇ ਮੱਥਾ ਟੇਕਿਆ ਜਦਕਿ ਕੋਰੋਨਾ ਇਨਫੈਕਸ਼ਨ ਕਾਰਨ ਇਹ ਯਾਤਰਾ ਮਹਿਜ਼ 23 ਦਿਨ ਚੱਲੀ। ਸਮੁੰਦਰ ਤਲ ਤੋਂ 15,225 ਫੁੱਟ ਦੀ ਉਚਾਈ ’ਤੇ ਚਮੋਲੀ ਜ਼ਿਲ੍ਹੇ ’ਚ ਸਥਿਤ ਹੇਮਕੁੰਟ ਸਾਹਿਬ ’ਚ ਕਿਵਾੜ ਬੰਦ ਕਰਨ ਦੀ ਪ੍ਰਕਿਰਿਆ ਸਵੇਰੇ 10 ਵਜੇ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਹੋਏ। ਸਵੇਰੇ 11:15 ਵਜੇ ਤੋਂ ਸ਼ਬਦ ਕੀਰਤਨ ਸ਼ੁਰੂ ਹੋਏ ਤੇ ਦੁਪਹਿਰ ਸਾਢੇ 12 ਵਜੇ ਮੁੱਖ ਗ੍ਰੰਥੀ ਗਿਆਨੀ ਮਿਲਾਪ ਸਿੰਘ ਨੇ ਇਸ ਸਾਲ ਦੀ ਆਖਰੀ ਅਰਦਾਸ ਕੀਤੀ। ਹੁਕਮਨਾਮਾ ਲੈਣ ਤੋਂ ਬਾਅਦ ਦੁਪਹਿਰ ਇਕ ਵਜੇ 418 ਸਵਤੰਤਰ ਇੰਜੀਨੀਅਰ ਕੋਰ ਦੇ ਬੈਂਡ ਦੀ ਧੁਨ ਵਿਚਾਲੇ ਉਪ ਗ੍ਰੰਥੀ ਕੁਲਵੰਤ ਸਿੰਘ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਸੱਚਖੰਡ ਸਾਹਿਬ ਦੇ ਗਰਭ ਗ੍ਰਹਿ ਪੁੱਜੇ। ਦੁਪਹਿਰ ਠੀਕ ਡੇਢ ਵਜੇ ਗੁਰਦੁਆਰੇ ਦੇ ਕਿਵਾੜ ਬੰਦ ਕਰ ਦਿੱਤੇ ਗਏ।