ਮਲੇਰਕੋਟਲਾ – ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਧਰਨਾ ਲਗਾਇਆ ਹੋਇਆ ਹੈ। ਧਰਨੇ ਨੂੰ ਸਰਕਾਰਾਂ ਵੱਲੋਂ ਅਣਗੌਲਿਆਂ ਕਰਨ ਦੇ ਰੋਸ ਵਜੋਂ ਗਤੀਵਿਧੀਆਂ ਤੇਜ਼ ਕਰਦੇ ਹੋਏ ਪੰਜਾਬ ਦੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ਉੱਤੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁੱਤਲੇ ਫੂਕੇ ਗਏ। ਇਸੇ ਲੜੀ ਤਹਿਤ ਮਲੇਰਕੋਟਲਾ ਵਿਖੇ ਗੁਰਦੁਆਰਾ ‘ਹਾਅ ਦਾ ਨਾਅਰਾ ਸਾਹਿਬ’ ਤੋਂ ਵੱਡੀ ਗਿਣਤੀ ‘ਚ ਸਰਬ-ਧਰਮ ਸੰਗਤ ਨੇ ਆਪਸੀ ਭਾਈਚਾਰਕ ਸਾਂਝ ਦਾ ਸੁੁਨੇਹਾ ਦਿੰਦੇ ਹੋਏ ਮੁਹੰਮਦ ਜਮੀਲ ਐਡਵੋਕੇਟ ਦੀ ਅਗਵਾਈ ਵਿੱਚ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਦਫਤਰ ਦੇ ਮੂਹਰੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੁੱਖ-ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਪੁੱਤਲੇ ਫੂਕੇ।
ਇਸ ਮੌਕੇ ਗੁਰਮੁੱਖ ਸਿੰਘ ਟਿਵਾਣਾ, ਅਮਨਦੀਪ ਸਿੰਘ ਖਾਲਸਾ ਜਲੰਧਰ ਅਤੇ ਹਰਦੇਵ ਸਿੰਘ ਪੱਪੂ ਕਲਿਆਣ ਨੇ ਸੰਬੋਧਨ ਕਰਦਿਆਂ ਕਿਹਾ ਕਿ, ‘ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਰੱਖਣਾ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਿੱਖਾਂ ਅਤੇ ਦੇਸ਼ ਅੰਦਰ ਵੱਸਦੀਆਂ ਘੱਟਗਿਣਤੀਆਂ ਨਾਲ ਸੌਤੇਲੀ ਮਾਂ ਵਾਲਾ ਰਵੱਈਆਂ ਵਰਤਿਆ ਜਾ ਰਿਹਾ ਹੈ। ਸਰਕਾਰਾਂ 32-32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਉੱਤੇ ਅਣਮਨੁੱਖੀ ਰਵੱਈਆ ਵਰਤ ਰਹੀਆਂ ਹਨ। ਸਰਕਾਰਾਂ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਕੇ ਮਨਮਾਨੀਆਂ ਕਰ ਰਹੀਆਂ ਹਨ ਜਿਸ ਨਾਲ ਘੱਟਗਿਣਤੀਆਂ ਵਿੱਚ ਰੋਸ ਵੱਧਦਾ ਜਾ ਰਿਹਾ ਹੈ।
ਮੁਹੰਮਦ ਜਮੀਲ ਐਡਵੋਕੇਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘ਕੌਮੀ ਇਨਸਾਫ ਮੋਰਚਾ ਸਿਰਫ ਸਿੱਖਾਂ ਦੀ ਗੱਲ ਨਹੀਂ ਕਰਦਾ ਬਲਿਕ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੱਗਾ ਹੈ, ਜਿਸ ਵਿੱਚ ਹਰ ਨਾਗਰਿਕ ਦੇ ਅਧਿਕਾਰਾਂ ਦੀ ਰਾਖੀ ਲਈ ਆਵਾਜ਼ ਚੁੱਕੀ ਜਾਂਦੀ ਹੈ। ਭਾਵੇਂ ਵਕਫ ਸੋਧ ਬਿਲ ਦਾ ਮਾਮਲਾ ਹੋਵੇ ਜਾਂ ਮੁਸਲਿਮ ਧਰਮ ਦੇ ਜੇਐਨਯੂ ਵਿਦਿਆਰਥੀ ਨੇਤਾ ਉਮਰ ਖਾਲਿਦ, ਸ਼ਰਜ਼ੀਲ ਇਮਾਮ ਸਮੇਤ ਸੈਂਕੜੇ ਨੌਜਵਾਨਾਂ ਨੂੰ ਸਾਲਾਂ ਤੱਕ ਜਮਾਨਤਾਂ ਨਾ ਦੇਣ ਦੇ ਵਿਰੋਧ ਵਿੱਚ, ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੇ ਸਮੇਂ-ਸਮੇਂ ‘ਤੇ ਆਪਣੀ ਆਵਾਜ਼ ਬੁਲੰਦ ਕੀਤੀ ਹੈ।’
ਇਸ ਮੌਕੇ ਗੁਰਮੁੱਖ ਸਿੰਘ ਟਿਵਾਣਾ ਸਾਬਕਾ ਪ੍ਰਧਾਨ ਬਾਰ ਕੌਂਸਲ ਮਲੇਰਕੋਟਲਾ, ਚੌਧਰੀ ਲਿਆਕਤ ਅਲੀ ਲਿਆਕੀ, ਹਾਜੀ ਮੁਹੰਮਦ ਬਾਬੂ ਪ੍ਰਧਾਨ ਮਸਜਿਦ ਕਮੇਟੀ ਹੁਜ਼ੈਫਾ, ਡਾ. ਮੇਹਰਦੀਨ, ਚੌਧਰੀ ਮੁਹੰਮਦ ਅਨਵਾਰ ਪ੍ਰਧਾਨ ਈਦਗਾਹ ਕਮੇਟੀ ਕਿਲਾ ਰਹਿਮਤਗੜ੍ਹ, ਸ਼ੌਕਤ ਅਲੀ ਸ਼ੋਕੀ, ਗੁਰਦੇਵ ਸਿੰਘ ਸੰਗਾਲਾ, ਹਰਮੀਤ ਸਿੰਘ ਸਰਪੰਚ, ਜਸਵੀਰ ਸਿੰਘ, ਜਤਿੰਦਰਪਾਲ ਸਿੰਘ, ਹਾਜੀ ਮੁਹੰਮਦ ਹਬੀਬ ਭੋਲਾ, ਪਰਸਨ ਸਿੰਘ ਲਸੋਈ, ਭਰਪੂਰ ਸਿੰਘ ਫੌਜੀ ਗੁਆਰਾ, ਕੁਲਵੰਤ ਸਿੰਘ, ਕੁਲਦੀਪ ਸਿੰਘ, ਗੁਰਮੁੱਖ ਸਿੰਘ ਸਰਪੰਚ ਫਰਵਾਹੀ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਮੌਜੂਦ ਸੀ।