India

ਸਵਿਸ ਬੈਂਕ ਅਕਾਊਂਟ ਲਈ ਅਨਿਲ ਅੰਬਾਨੀ ਨੂੰ ਆਮਦਨ ਕਰ ਨੋਟਿਸ

ਨਵੀਂ ਦਿੱਲੀ – ਆਮਦਨ ਕਰ ਵਿਭਾਗ ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੇ ਖ਼ਿਲਾਫ਼ ਕਾਲਾ ਧਨ ਐਕਟ ਤਹਿਤ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ’ਤੇ ਦੋ ਸਵਿਸ ਬੈਂਕ ਖਾਤਿਆਂ ’ਚ ਜਮ੍ਹਾਂ 814 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਅਣਐਲਾਨੀ ਰਕਮ ’ਤੇ 420 ਕਰੋਡ਼ ਰੁਪਏ ਦੀ ਜਾਣਬੁੱਝ ਕੇ ਕਰ ਚੋਰੀ ਦਾ ਦੋਸ਼ ਲਗਾਇਆ ਗਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਣਬੁੱਝ ਕੇ ਟੈਕਸ ਅਧਿਕਾਰੀਆਂ ਸਾਹਮਣੇ ਆਪਣੇ ਵਿਦੇਸ਼ੀ ਬੈਂਕ ਖਾਤਿਆਂ ਦਾ ਵੇਰਵਾ ਸਾਹਮਣੇ ਨਹੀਂ ਲਿਆਂਦਾ। ਉਨ੍ਹਾਂ ਨੂੰ ਇਸ ਸਬੰਧੀ ਮਹੀਨੇ ਦੇ ਸ਼ੁਰੂ ’ਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ’ਤੇ ਉਨ੍ਹਾਂ ਤੋਂ 31 ਅਗਸਤ ਤਕ ਜਵਾਬ ਮੰਗਿਆ ਗਿਆ ਹੈ। ਅਨਿਲ ਅੰਬਾਨੀ ਦੇ ਦਫ਼ਤਰ ਨੇ ਇਸ ਮਾਮਲੇੇ ’ਚ ਕੋਈ ਪ੍ਰਤੀਕ੍ਰਿਆ ਜ਼ਾਹਿਰ ਨਹੀਂ ਕੀਤੀ।
ਆਮਦਨ ਕਰ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਕਾਲਾ ਧਨ (ਅਣਐਲਾਨੀ ਵਿਦੇਸ਼ੀ ਆਮਦਨ ਤੇ ਜਾਇਦਾਦਾਂ) ਟੈਕਸੇਸ਼ਨ ਐਕਟ, 2015 ਦੀ ਧਾਰਾ-50 ਤੇ 51 ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ ਜਿਸ ’ਚ ਜੁਰਮਾਨੇ ਦੇ ਨਾਲ ਵੱਧ ਤੋਂ ਵੱਧ 10 ਸਾਲ ਕੈਦ ਦੀ ਸਜ਼ਾ ਦੀ ਵਿਵਸਥਾ ਹੈ। ਅਨਿਲ ਅੰਬਾਨੀ ’ਤੇ ਸਮੀਖਿਆ ਸਾਲ 2012-13 ਤੋਂ 2019-20 ਤਕ ਵਿਦੇਸ਼ ’ਚ ਅਣਐਲਾਨੀਆਂ ਜਾਇਦਾਦਾਂ ਰੱਖ ਕੇ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਕਰ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਅਨਿਲ ਅੰਬਾਨੀ ਬਹਾਮਾਸ ਸਥਿਤ ਕੰਪਨੀ ਡਾਇਮੰਡ ਟਰੱਸਟ ਤੇ ਬ੍ਰਿਟਿਸ਼ ਵਰਜਿਨ ਆਈਲੈਂਡ (ਬੀਵੀਆਈ) ’ਚ ਬਣਾਈ ਗਈ ਇਕ ਹੋਰ ਕੰਪਨੀ ਨਾਰਦਰਨ ਅਟਲਾਂਟਿਕ ਟ੍ਰੇਡਿੰਗ ਅਨਲਿਮਟਡ (ਐੱਨਏਟੀਯੂ) ’ਚ ਨਿਵੇਸ਼ਕ ਤੇ ਮਾਲਿਕ ਹਨ। ਬਹਾਮਾਸ ਦੇ ਟਰੱਸਟ ਦੇ ਮਾਮਲੇ ’ਚ ਵਿਭਾਗ ਨੂੰ ਪਤਾ ਲੱਗਾ ਕਿ ਉਸ ਦੀ ਡ੍ਰੀਮਵਰਕ ਹੋਲਡਿੰਗ ਇੰਕ ਨਾਂ ਦੀ ਇਕ ਕੰਪਨੀ ਸੀ। ਇਸ ਕੰਪਨੀ ਦਾ ਸਵਿਸ ਬੈਂਕ ’ਚ ਇਕ ਅਕਾਊਂਟ ਸੀ ਜਿਸ ਵਿਚ 31 ਦਸੰਬਰ, 2007 ਨੂੰ 3.2 ਕਰੋਡ਼ ਡਾਲਰ ਤੋਂ ਜ਼ਿਆਦਾ ਦੀ ਰਕਮ ਜਮ੍ਹਾ ਸੀ। ਨੋਟਿਸ ਦੇ ਮੁਤਾਬਕ, ਟਰੱਸਟ ਦੀ ਸ਼ੁਰੂਆਤ ’ਚ ਕਰੀਬ 2.5 ਕਰੋਡ਼ ਡਾਲਰ ਦੀ ਰਕਮ ਹਾਸਲ ਹੋਈ ਸੀ। ਵਿਭਾਗ ਦਾ ਦੋਸ਼ ਹੈ ਕਿ ਇਸ ਰਕਮ ਦਾ ਵਸੀਲਾ ਅਨਿਲ ਅੰਬਾਨੀ ਦਾ ਨਿੱਜੀ ਅਕਾਊਂਟ ਸੀ। 2006 ’ਚ ਇਸ ਟਰੱਸਟ ਨੂੰ ਖੋਲ੍ਹਣ ਲਈ ਅਨਿਲ ਅੰਬਾਨੀ ਨੇ ਕੇਵਾਈਸੀ ਦਸਤਾਵੇਜ਼ ’ਚ ਆਪਣਾ ਪਾਸਪੋਰਟ ਦਿੱਤਾ ਸੀ। ਇਸ ਟਰੱਸਟ ਦੇ ਲਾਭਪਾਤਰੀਆਂ ’ਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹਨ।
ਬ੍ਰਿਟਿਸ਼ ਵਰਜਿਨ ਆਈਲੈਂਡ ’ਚ ਜੁਲਾਈ, 2010 ’ਚ ਬਣਾਈ ਗਈ ਕੰਪਨੀ ਦਾ ਅਕਾਊਂਟ ਜਿਊਰਿਖ ਸਥਿਤ ਬੈਂਕ ਆਫ ਸਾਇਪ੍ਰਸ ’ਚ ਹੈ। ਵਿਭਾਗ ਨੇ ਦਾਅਵਾ ਕੀਤਾ ਕਿ ਇਸ ਕੰਪਨੀ ਤੇ ਇਸਦੀ ਰਕਮ ਦੇ ਅਨਿਲ ਅੰਬਾਨੀ ਪੂਰਨ ਲਾਭਕਾਰੀ ਮਾਲਿਕ ਹਨ। ਦੋਸ਼ ਹੈ ਕਿ ਇਸ ਕੰਪਨੀ ਨੂੰ 2012 ’ਚ ਬਹਾਮਾਸ ’ਚ ਰਜਿਸਟਰਡ ਪੀਯੂਐੱਸਏ ਨਾਂ ਦੀ ਕੰਪਨੀ ਤੋਂ 10 ਕਰੋਡ਼ ਡਾਲਰ ਦੀ ਰਕਮ ਹਾਸਲ ਹੋਈ ਸੀ। ਵਿਭਾਗ ਮੁਤਾਬਕ, ਇਸ ਕੰਪਨੀ ਦੇ ਮਾਲਿਕ ਵੀ ਅਨਿਲ ਅੰਬਾਨੀ ਹਨ।
ਵਿਭਾਗ ਨੇ ਨੋਟਿਸ ’ਚ ਕਿਹਾ ਹੈ, ‘ਉਪਲਬਧ ਸਬੂਤਾਂ ਤੋਂ ਇਹ ਸਪਸ਼ਟ ਹੈ ਕਿ ਤੁਸੀਂ ਵਿਦੇਸ਼ੀ ਟਰੱਸਟ ਡਾਇਮੰਡ ਟਰੱਸਟ ਤੇ ਡ੍ਰੀਮਵਰਕਸ ਹੋਲਡਿੰਗ ਇੰਕ ਦੇ ਬੈਂਕ ਅਕਾਊਂਟ ਦੇ ਯੋਗਦਾਨ ਕਰਤਾ ਤੇ ਮਾਲਿਕ ਤੇ ਐੱਨਏਟੀਯੂ ਤੇ ਪੀਯੂਐੱਸਏ ਦੇ ਮਾਲਿਕ ਹਨ। ਇਸ ਲਈ ਇਨ੍ਹਾਂ ਕੰਪਨੀਆਂ ਦੀ ਰਕਮ ਤੇ ਜਾਇਦਾਦਾਂ ਤੁਹਾਡੀਆਂ ਹਨ।’ ਆਮਦਨ ਕਰ ਵਿਭਾਗ ਦਾ ਦੋਸ਼ ਹੈ ਕਿ ਅਨਿਲ ਅੰਬਾਨੀ ਨੇ ਇਨ੍ਹਾਂ ਵਿਦੇਸ਼ੀ ਜਾਇਦਾਦਾਂ ਦਾ ਜ਼ਿਕਰ ਆਪਣੇ ਆਮਦਨ ਕਰ ਰਿਟਰਨ ’ਚ ਨਹੀਂ ਕੀਤਾ ਸੀ, ਇਸ ਲਈ ਉਨ੍ਹਾਂ ਨੇ ਕਾਲਾ ਧਨ ਐਕਟ ਦੀਆਂ ਮੱਦਾਂ ਦੀ ਉਲੰਘਣਾ ਕੀਤੀ ਹੈ।

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

admin

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin