ਨਵੀਂ ਦਿੱਲੀ – ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਨਵੀਂ ਸਥਾਪਤ ਨੈਸ਼ਨਲ ਕੋਆਪਰੇਟਿਵ ਫਾਰ ਐਕਸਪੋਰਟਸ ਲਿਮਿਟੇਡ (ਐਨ.ਸੀ.ਈ.ਐਲ.) ਨੂੰ ਹੁਣ ਤਕ 7,000 ਕਰੋੜ ਰੁਪਏ ਦੇ ਆਰਡਰ ਮਿਲੇ ਹਨ। ਸ਼ਾਹ ਨੇ ਇੱਥੇ ਐਨ.ਸੀ.ਈ.ਐਲ.ਦਾ ਲੋਗੋ ਅਤੇ ਵੈੱਬਸਾਈਟ ਜਾਰੀ ਕਰਦੇ ਹੋਏ ਕਿਹਾ ਕਿ ਸਹਿਕਾਰੀ ਸਭਾ ਇਹ ਯਕੀਨੀ ਬਣਾਏਗੀ ਕਿ ਨਿਰਯਾਤ ਦਾ ਲਾਭ ਸਹਿਕਾਰੀ ਸਭਾਵਾਂ ਦੇ ਮੈਂਬਰ ਕਿਸਾਨਾਂ ਤਕ ਪਹੁੰਚਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਤੋਂ ਇਲਾਵਾ ਨਿਰਯਾਤ ਲਾਭ ਦਾ ਕਰੀਬ 50 ਫ਼ੀਸਦੀ ਹਿੱਸਾ ਉਹ ਆਪਣੇ ਨਾਲ ਸਾਂਝਾ ਕਰਨਗੇ।ਰਾਸ਼ਟਰੀ ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ, ਮੰਤਰੀ ਨੇ ਕਿਹਾ,“ਇਸ ਸਮੇਂ ਐਨ.ਸੀ.ਈ.ਐਲ.ਇੱਕ ਅਸਥਾਈ ਦਫਤਰ ਤੋਂ ਕੰਮ ਕਰ ਰਿਹਾ ਹੈ। ਅਸੀਂ ਕਰਮਚਾਰੀਆਂ ਦੀ ਭਰਤੀ ਕਰ ਰਹੇ ਹਾਂ। ਹੁਣ ਤਕ ਸਾਨੂੰ (ਐਨ.ਸੀ.ਈ.ਐਲ.) ਨੂੰ 7,000 ਕਰੋੜ ਰੁਪਏ ਦੇ ਆਰਡਰ ਮਿਲੇ ਹਨ…’’ ਉਨ੍ਹਾਂ ਕਿਹਾ ਕਿ ਐਨ.ਸੀ.ਈ.ਐਲ. ਨਾ ਸਿਰਫ਼ ਨਿਰਯਾਤ ਤੋਂ ਮੁਨਾਫ਼ਾ ਕਮਾਉਣ ’ਤੇ ਧਿਆਨ ਕੇਂਦਰਿਤ ਕਰੇਗੀ ਸਗੋਂ ਕਿਸਾਨਾਂ ਨੂੰ ਬਰਾਮਦ ਬਾਜ਼ਾਰ ਲਈ ਉਤਪਾਦ ਤਿਆਰ ਕਰਨ ਵਿੱਚ ਵੀ ਮਦਦ ਕਰੇਗੀ। ਇਹ ਸਹਿਕਾਰੀ ਸਭਾਵਾਂ ਦੇ ਮੈਂਬਰ ਕਿਸਾਨਾਂ ਨਾਲ ਮੁਨਾਫ਼ਾ ਵੀ ਸਾਂਝਾ ਕਰੇਗੀ। ਸ਼ਾਹ ਨੇ ਕਿਹਾ ਕਿ ਐਨਸੀਈਐਲ ਐਮ.ਐਸ.ਪੀ. ’ਤੇ ਮੈਂਬਰ ਕਿਸਾਨਾਂ ਤੋਂ ਨਿਰਯਾਤ ਕੀਤੀਆਂ ਵਸਤੂਆਂ ਦੀ ਖਰੀਦ ਕਰੇਗੀ। ਐਨ.ਸੀ.ਈ.ਐਲ.ਨੂੰ ਕੁੱਲ ਨਿਰਯਾਤ ਲਾਭ ਦਾ ਲਗਭਗ 50 ਫ਼ੀਸਦੀ ਮੈਂਬਰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਟ੍ਰਾਂਸਫਰ ਕੀਤਾ ਜਾਵੇਗਾ। ਮੁਨਾਫਾ ਐਮ.ਐਸ.ਪੀ. ਤੋਂ ਵੱਧ ਹੋਵੇਗਾ। ਸ਼ਾਹ ਨੇ ਇੱਥੇ ਪੂਸਾ ਕੈਂਪਸ ਵਿੱਚ ਆਯੋਜਿਤ ਸੈਮੀਨਾਰ ਵਿੱਚ ਪੰਜ ਐਨ.ਸੀ.ਈ.ਐਲ. ਮੈਂਬਰਾਂ ਨੂੰ ਮੈਂਬਰਸ਼ਿਪ ਸਰਟੀਫਿਕੇਟ ਵੀ ਵੰਡੇ। ਪ੍ਰੋਗਰਾਮ ਵਿੱਚ ਮੌਜੂਦ ਕੇਂਦਰੀ
ਵਣਜ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਐਨ.ਸੀ.ਈ.ਐਲ. ਦੇ ਨਿਰਮਾਣ ਨਾਲ ਬਰਾਮਦ ਨੂੰ ਹੁਲਾਰਾ ਮਿਲੇਗਾ। ਇਹ ਦੇਸ਼ ਦੇ ਵਿਕਾਸ ਅਤੇ ਪੇਂਡੂ ਤਬਦੀਲੀ ਵਿੱਚ ਯੋਗਦਾਨ ਪਾਵੇਗਾ। ਸਹਿਕਾਰੀ ਖੇਤਰ ਨਿਰਯਾਤ ਸਮਰੱਥਾ ਦਾ ਲਾਭ ਉਠਾ ਸਕਦਾ ਹੈ ਕਿਉਂਕਿ ਵਿਸ਼ਵ ਪੱਧਰ ’ਤੇ ਭਾਰਤ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।ਮੰਤਰੀ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਨੂੰ ਨਿਰਯਾਤ ਬਾਜ਼ਾਰ ਲਈ ਅੰਤਰਰਾਸ਼ਟਰੀ ਮਾਪਦੰਡਾਂ ਦੀ ਪਾਲਣਾ ਕਰਨ ਵਾਲੇ ਗੁਣਵੱਤਾ ਵਾਲੇ ਉਤਪਾਦਾਂ ਦੇ ਨਿਰਮਾਣ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਪ੍ਰੋਗਰਾਮ ਵਿੱਚ ਸਹਿਕਾਰਤਾ ਰਾਜ ਮੰਤਰੀ ਬੀਐਲ ਵਰਮਾ, ਸਹਿਕਾਰਤਾ ਸਕੱਤਰ ਗਿਆਨੇਸ਼ ਕੁਮਾਰ ਅਤੇ ਐਨ.ਸੀ.ਈ.ਐਲ. ਦੇ ਮੁਖੀ ਪੰਕਜ ਕੁਮਾਰ ਬਾਂਸਲ ਵੀ ਮੌਜੂਦ ਸਨ। ਐਨ.ਸੀ.ਈ.ਐਲ. ਨੂੰ ਇਸ ਸਾਲ 25 ਜਨਵਰੀ ਨੂੰ ਮਲਟੀ-ਸਟੇਟ ਕੋਆਪਰੇਟਿਵ ਸੋਸਾਇਟੀਜ਼ ਐਕਟ ਤਹਿਤ ਰਜਿਸਟਰ ਕੀਤਾ ਗਿਆ ਸੀ। ਅਧਿਕਾਰਤ ਸ਼ੇਅਰ ਪੂੰਜੀ 2,000 ਕਰੋੜ ਰੁਪਏ ਹੈ ਅਤੇ ਨਿਰਯਾਤ ਵਿੱਚ ਦਿਲਚਸਪੀ ਰੱਖਣ ਵਾਲੇ ਪ੍ਰਾਇਮਰੀ ਤੋਂ ਸਿਖਰਲੇ ਪੱਧਰ ਤੱਕ ਸਹਿਕਾਰੀ ਸਭਾਵਾਂ ਇਸਦੇ ਮੈਂਬਰ ਬਣਨ ਦੇ ਯੋਗ ਹਨ। ਦੇਸ਼ ਵਿੱਚ ਕਰੀਬ ਅੱਠ ਲੱਖ ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਦੇ 29 ਕਰੋੜ ਤੋਂ ਵੱਧ ਮੈਂਬਰ ਹਨ।