ਜਗਰਾਉਂ – ਪਿਛਲੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਜਗਰਾਉਂ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦੇ ਹੱਲ ਲਈ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਵਿਧਾਨ ਸਭਾ ਸ਼ੈਸ਼ਨ ਦੇ ਰੁਝੇਵਿਆਂ ਤੋਂ ਵਿਹਲੇ ਹੋ ਕੇ ਖੁਦ ਮੋਰਚਾ ਸੰਭਾਲਦਿਆਂ ਜਗਰਾਉਂ ਸ਼ਹਿਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਕੁਲਪ੍ਰੀਤ ਸਿੰਘ ਵਿਸ਼ੇਸ਼ ਤੌਰਤੇ ਹਾਜ਼ਰ ਰਹੇ।
ਵਿਧਾਇਕਾ ਮਾਣੂੰਕੇ ਨੇ ਮੀਟਿੰਗ ਵਿੱਚ ਨਗਰ ਕੌਂਸਲ ਜਗਰਾਉਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਤੁਰੰਤ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇ। ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਨਗਰ ਕੌਂਸਲ ਜਗਰਾਉਂ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰ ਅਤੇ ਸਫ਼ਾਈ ਕਰਨ ਵਿੱਚ ਪੂਰੀ ਤਰ੍ਹਾਂ ਨਕਾਮ ਰਹੀ ਹੈ ਅਤੇ ਜਿਹੜੇ ਵੀ ਅਧਿਕਾਰੀ ਇਸ ਮਾਮਲੇ ਵਿੱਚ ਜ਼ਿਮੇਵਾਰ ਹੋਣਗੇ, ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਆਖਿਆ ਕਿ ਸ਼ਹਿਰ ਦੇ ਕੌਂਸਲਰਾਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਵਿਚਕਾਰ ਭਾਵੇਂ ਕੋਈ ਵੀ ਸਿਆਸੀ ਖਿੱਚੋਤਾਣ ਹੋਵੇ, ਪ੍ਰੰਤੂ ਉਹ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦੇਣਗੇ ਅਤੇ ਨਾ ਹੀ ਕੂੜੇ ਦੇ ਮਸਲੇ ‘ਤੇ ਕਿਸੇ ਨੂੰ ਸਿਆਸਤ ਕਰਨ ਦੇਣਗੇ। ਉਹਨਾਂ ਆਖਿਆ ਕਿ ਉਹਨਾਂ ਵੱਲੋਂ ਖੁਦ ਯਤਨ ਕਰਕੇ ਜਗਰਾਉਂ ਸ਼ਹਿਰ ਦੀ ਸਫਾਈ ਅਤੇ ਕੂੜੇ ਦੀ ਸਾਂਭ-ਸੰਭਾਲ ਲਈ ਨਗਰ ਕੌਂਸਲ ਜਗਰਾਉਂ ਨੂੰ ਟਰੈਕਟਰ, ਲੋਡਰ, ਏਸ ਗੱਡੀਆਂ, ਟਰਾਈ-ਸਾਈਕਲ ਆਦਿ ਪੰਜਾਬ ਸਰਕਾਰ ਪਾਸੋਂ ਮੰਨਜੂਰ ਕਰਵਾਕੇ ਲਿਆਕੇ ਦਿੱਤੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਸੀਵਰੇਜ ਦੀ ਸਫਾਈ ਲਈ ਕਰੋੜਾਂ ਰੁਪਏ ਦੀ ਕੀਮਤ ਦੀਆਂ ਜੈਟਿੰਗ ਅਤੇ ਸਵਾਈਪਿੰਗ ਮਸ਼ੀਨਾਂ ਮੰਨਜੂਰ ਕਰਵਾਕੇ ਨਗਰ ਕੌਂਸਲ ਨੂੰ ਦਿੱਤੀਆਂ ਗਈਆਂ ਹਨ, ਤਾਂ ਜੋ ਸੀਵਰੇਜ ਅਤੇ ਸੜਕਾਂ ਆਦਿ ਦੀ ਸਫਾਈ ਕੀਤੀ ਜਾ ਸਕੇ। ਪਰੰਤੂ ਕੁੱਝ ਲੋਕ ਆਪਣੀ ਗੰਧਲੀ ਤੇ ਸੌੜੀ ਸਿਆਸਤ ਕਾਰਨ ਜਗਰਾਉਂ ਨੂੰ ਕੂੜੇ ਦੇ ਢੇਰਾਂ ਵਿੱਚ ਤਬਦੀਲ ਕਰ ਰਹੇ ਹਨ ਅਤੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ਉਪਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਖਦੀਪ ਸਿੰਘ ਬੀ.ਡੀ.ਪੀ.ਓ.ਜਗਰਾਉਂ, ਅਸ਼ੋਕ ਕੁਮਾਰ ਐਸ.ਆਈ., ਕੁਸ਼ਲ ਸ਼ਰਮਾਂ ਐਸ.ਡੀ.ਓ.ਪ੍ਰਦੂਸ਼ਨ ਕੰਟਰੋਲ, ਜਸਵੰਤ ਸਿੰਘ ਏ.ਡੀ.ਓ., ਅਰੁਨ ਕੁਮਾਰ ਪ੍ਰਧਾਨ ਸਫਾਈ ਸੇਵਕ, ਹਰੀਸ਼ ਕੁਮਾਰ ਸੈਨਟਰੀ ਇੰਸਪੈਕਟਰ, ਪਰਮਿੰਦਰ ਸਿੰਘ ਜੇਈ ਮੰਡੀ ਬੋਰਡ, ਕਰਮਜੀਤ ਸਿੰਘ ਜੇਈ ਪੀ.ਡਬਲਿਯੂ.ਡੀ., ਨਿਸ਼ਾਂਤ ਗਰਗ ਜੇਈ ਸਵੀਰੇਜ ਆਦਿ ਵੀ ਹਾਜ਼ਰ ਸਨ।