ਲੁਧਿਆਣਾ, (ਦਲਜੀਤ ਕੌਰ) – ਲੁਧਿਆਣਾ ਜ਼ਿਲ੍ਹੇ ਦੀਆਂ ਇਨਕਲਾਬੀ ਜਥੇਬੰਦੀਆਂ ਵੱਲੋਂ ਅੱਜ ਪਿੰਡ ਮੋਰਕਰੀਮਾਂ ਵਿਖੇ ਇਨਕਲਾਬੀ ਲਹਿਰ ਦੇ ਮਹਾਨ ਸੁਰਬੀਰ ਯੋਧੇ ਸ਼ਹੀਦ ਬਖਸੀਸ ਮੋਰਕਰੀਮਾਂ ਦੀ ਯਾਦ ਚ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਸਮੇਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 1947 ਚ ਭਾਰੀ ਮੁੱਲ ਚੁਕਾ ਕੇ, ਦਸ ਲੱਖ ਬੇਕਸੂਰ ਲੋਕਾਂ ਦਾ ਫਿਰਕੂ ਕਤਲੇਆਮ ਕਰਾਕੇ ਹਾਸਲ ਅਜ਼ਾਦੀ ਦਾ ਰੰਗ ਜਲਦ ਹੀ ਫਿੱਕਾ ਪੈਣ ਲੱਗ ਗਿਆ ਸੀ। ਕਿਓਕਿ ਚਿੱਟੇ ਅੰਗਰੇਜ਼ਾਂ ਦੇ ਜਾਣ ਤੋਂ ਬਾਦ ਕਾਲੇ ਅੰਗਰੇਜ਼ ਦੇਸ਼ ਦੀ ਸੱਤਾ ਤੇ ਕਾਬਜ਼ ਹੋ ਗਏ ਸਨ। ਜਿਸ ਦੇ ਸਿੱਟੇ ਵਜੋਂ ਗਰੀਬ ਕਿਰਤੀ ਵਰਗ ਦਾ ਸੁਪਨਾ ਚਕਨਾਚੂਰ ਹੋਣਾ ਸ਼ੁਰੂ ਹੋ ਚੁੱਕਾ ਸੀ। ਕਿਰਤੀ ਭੁੱਖਾ ਮਰ ਰਿਹਾ ਸੀ ਜਗੀਰਦਾਰ ਗੁੱਲੇ ਉਡਾ ਰਿਹਾ ਸੀ। ਵਾਹੁਣ ਬੀਜਣ ਵਾਲਾ ਮਾਲਕ ਨਹੀ ਸੀ ਗ਼ੁਲਾਮ ਸੀ, ਤਾਂ ਉਸ ਸਮੇ ਬੰਗਾਲ ਦੇ ਪਿੰਡ ਨਕਸਲਬਾੜੀ ਚੋ ਉੱਠੀਂ ਮੁਜਾਰਿਆਂ ਦੀ ਬਗਾਵਤ ਨੇ ਜ਼ਮੀਨ ਹਲਵਾਹਕ ਦੀ ਦਾ ਨਾਰਾ ਦੇ ਕੇ ਜ਼ਮੀਨਾਂ ਬੇਜਮੀਨਿਆਂ ਚ ਵੰਡਣੀਆਂ ਸ਼ੁਰੂ ਕੀਤੀਆ ਸਨ। ਉਸ ਸਮੇਂ ਲੋਕ ਮੁਕਤੀ ਦੀ ਇਸ ਚਿੰਗਾਰੀ ਨੇ ਦੇਸ਼ ਭਰ ਚ ਨੋਜਵਾਨਾਂ ਨੂੰ ਲੁੱਟ ਤੇ ਜਬਰ ਦੇ ਰਾਜ ਦੇ ਖਾਤਮੇ ਦੇ ਹਥਿਆਰਬੰਦ ਸੰਘਰਸ਼ ਵੱਲ ਤੋਰਿਆ ਸੀ। ਪਿੰਡ ਮੋਰਕਰੀਮਾਂ ਦੇ ਦਲਿਤ ਪਰਿਵਾਰ ਦੇ ਜੰਮਪਲ ਬਖਸੀਸ ਨੇ ਗੁਰੂਨਾਨਕ ਇੰਜ ਕਾਲਜ ਦੀ ਪੜਾਈ ਵਿਚਾਲੇ ਛੱਡ ਕੇ ਨਕਸਲਬਾੜੀ ਦਾ ਰਾਹ ਫੜਿਆ ਸੀ ਜਿਸ ਤੇ ਚੱਲਦਿਆਂ 19 ਮਾਰਚ 1970 ਨੂੰ ਨਵਾਂਸਹਿਰ ਦੇ ਰੇਲਵੇ ਸਟੇਸ਼ਨ ਤੇ ਪੁਲਸ ਮੁਕਾਬਲੇ ਦੋਰਾਨ ਭਰ ਜਵਾਨੀ ‘ਚ ਬਖਸੀਸ ਮੋਰਕਰੀਮਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਸੀ।
ਇਸ ਸਮੇਂ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਅਜ਼ਾਦੀ ਦੀ ਪੋਣੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਜੇਕਰ ਅੱਜ ਵੀ ਅੱਸੀ ਕਰੋੜ ਲੋਕ ਸਰਕਾਰੀ ਰਾਸ਼ਨ ਨਾਲ ਜੀਵਨ ਨੂੰ ਧੱਕਾ ਦੇ ਰਹੇ ਹਨ। ਮਹਿੰਗਾਈ, ਬੇਰੁਜਗਾਰੀ ਹੱਦਾਂ ਬੰਨੇ ਟੱਪ ਰਹੀ ਹੈ, ਦੇਸ਼ ਦੇ ਹਾਕਮ ਟਰੰਪ ਜਿਹੇ ਸੰਸਾਰ ਸਾਮਰਾਜੀਆ ਦੇ ਸਰਗਨੇ ਦੇ ਇਸ਼ਾਰਿਆਂ ਤੇ ਦੇਸ਼ ਨੂੰ ਦੋਹੇ ਹੱਥੀਂ ਲੁਟਾ ਰਹੇ ਹਨ, ਦੇਸ਼ ਦੇ ਆਦਿ-ਵਾਸੀ ਸੂਬਿਆਂ ਚ ਜਲ, ਜੰਗਲ ਜ਼ਮੀਨ ਬਚਾਉਣ ਦੀ ਲੜਾਈ ਨੂੰ ਹਕੂਮਤਾਂ ਵਲੋ ਖੂਨ ਚ ਡੋਬਿਆ ਜਾ ਰਿਹਾ ਹੈ ਤਾਂ ਸਮਝਿਆ ਜਾ ਸਕਦਾ ਹੈ ਕਿ ਇਹ ਹਾਲਾਤ ਇਨਕਲਾਬ ਤੋਂ ਬਿਨਾਂ ਬਦਲੇ ਨਹੀ ਜਾ ਸਕਣਗੇ।
ਇਸ ਸਮੇਂ ਬੁਲਾਰਿਆਂ ਚ ਸ਼ਾਮਲ ਸਨ ਇਨਕਲਾਬੀ ਕੇਦਰ ਪੰਜਾਬ ਦੇ ਆਗੂ ਸੁਰਿੰਦਰ ਸਿੰਘ, ਦਸਮੇਸ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਜਸਦੇਵ ਲਲਤੋਂ, ਜਮਹੂਰੀ ਅਧਿਕਾਰ ਸਭਾ ਦੇ ਆਗੂ ਜਸਵੰਤ ਜੀਰਖ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਜਸਵਿੰਦਰ ਸਿੰਘ ਭਮਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਰਜਿੰਦਰ ਸਿੰਘ ਲੁਧਿਆਣਾ, ਸੁਰਜੀਤ ਸਿੰਘ ਦੋਧਰ ਅਤੇ ਮਨਜਿੰਦਰ ਸਿੰਘ ਮੋਰਕਰੀਮਾਂ। ਸਰਧਾਂਜਲੀ ਸਮਾਗਮ ਉਪਰੰਤ ਨਾਰਿਆਂ ਦੀ ਗੂੰਜ ‘ਚ ਸ਼ਹੀਦੀ ਯਾਦਗਾਰ ਤੇ ਸ਼ਹੀਦ ਬਖਸੀਸ ਦੇ ਵੱਡੇ ਭਰਾ ਮਾਸਟਰ ਸੁਰਜੀਤ ਸਿੰਘ ਵੱਲੋਂ ਲਾਲ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ ਗਈ।
ਇਸ ਸਮੇਂ ਕਿਸਾਨ ਆਗੂ ਸੁਖਵਿੰਦਰ ਸਿੰਘ ਹੰਬੜਾ, ਗੁਰਵਿੰਦਰ ਸਿੰਘ ਗੋਗੀ , ਹਾਕਮ ਸਿੰਘ ਭੱਟੀਆ, ਇੰਦਰਜੀਤ ਸਿੰਘ ਧਾਲੀਵਾਲ, ਹਰਜਿੰਦਰ ਕੌਰ ਲੁਧਿਆਣਾ, ਕਸਤੂਰੀ ਲਾਲ ਆਦਿ ਹਾਜਰ ਸਨ।ਮੰਚ ਸੰਚਾਲਨ ਮਾਸਟਰ ਕੁਲਵਿੰਦਰ ਸਿੰਘ ਨੇ ਨਿਭਾਇਆ।