Punjab

ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲਾ ਨੂੰ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਿਜਦਾ

ਠੀਕਰੀਵਾਲਾ – ਪਰਜਾ ਮੰਡਲ ਲਹਿਰ ਦੇ ਬਾਨੀ, ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਜੀ ਦੇ 80 ਵੇਂ ਬਰਸੀ ਸਮਾਗਮ ਸਮੇਂ ਇਨਕਲਾਬੀ ਕੇਂਦਰ, ਪੰਜਾਬ ਦੇ ਆਗੂਆਂ ਵੱਲੋਂ ਕਾਫਲੇ ਸਮੇਤ ਸ਼ਾਮਿਲ ਹੋਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲਾ ਜੀ ਨੂੰ  ਸ਼ਰਧਾਂਜਲੀ ਭੇਂਟ ਕੀਤੀ। ਆਪਣੇ ਸੰਬੋਧਨ ਰਾਹੀਂ ਉਨ੍ਹਾਂ ਹਾਲਤਾਂ ਦਾ ਵਰਨਣ ਕੀਤਾ, ਜਿਨ੍ਹਾਂ ਨੇ ਸੇਵਾ ਸਿੰਘ ਠੀਕਰੀਵਾਲਾ ਜੀ ਨੂੰ ਰਾਜੇ ਰਜਵਾੜਿਆਂ ਵੱਲੋਂ ਲੋਕਾਂ ਦੀ ਕੀਤੀ ਜਾਂਦੀ ਲੁੱਟ ਅਤੇ ਢਾਹੇ ਜਾਂਦੇ ਜ਼ੁਲਮ ਨੇ ਬਾਗੀ ਹੋਕੇ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕੀਤਾ। ਖੁਦ ਸੇਵਾ ਸਿੰਘ ਠੀਕਰੀਵਾਲਾ ਭਾਵੇਂ ਇੱਕ ਅਮੀਰ ਪ੍ਰੀਵਾਰ ਵਿੱਚ ਪੈਦਾ ਹੋਏ, ਮਹਿੰਦਰਾ ਕਾਲਜ ਪਟਿਆਲਾ ਦੇ ਨੇੜੇ ਸਕੂਲ ਵਿੱਚ ਸਿੱਖਿਆ ਹਾਸਲ ਕੀਤੀ। ਪਲੇਗ ਅਫਸਰ ਵਜੋਂ ਕੁੱਝ ਸਮੇਂ ਲਈ ਡਿਊਟੀ ਕੀਤੀ। ਪਲੇਗ ਫੈਲਣ ਸਮੇਂ ਨੌਕਰੀ ਛੱਡ ਮਰੀਜ਼ਾਂ ਦੀ ਸਾਂਭ ਸੰਭਾਲ ਵਿੱਚ ਜੁੱਟ ਗਏ। 1912 ਵਿੱਚ ਆਪਣੇ ਪਿੰਡ ਵਿੱਚ ਦੀਵਾਨ ਸਜਾਏ। 1919 ਦੇ ਜਲਿਆਂ ਵਾਲਾ ਬਾਗ਼ ਦੇ ਖ਼ੂਨੀ ਸਾਕੇ ਅਤੇ 1921 ਦੇ ਨਨਕਾਣਾ ਸਾਹਿਬ ਦੇ ਸਾਕੇ ਨੇ ਅੰਦਰੋਂ ਵਲੂੰਧਰ ਸੁੱਟਿਆ। ਬਾਗੀ ਹੋਇਆ ਮਨ ਉਬਾਲੇ ਖਾਣ ਲੱਗਾ। ਕਾਲੀ ਪੱਗ ਉਸ ਸਮੇਂ ਰੋਸ ਦਾ ਪ੍ਰਤੀਕ ਸੀ। ਬਰਤਾਨਵੀ ਸਾਮਰਾਜੀਆਂ ਦੀ ਲੁੱਟ ਅਤੇ ਮਹਾਰਾਜਾ ਪਟਿਆਲਾ ਦੇ ਜ਼ੁਲਮਾਂ ਖਿਲਾਫ਼ ਗੁਰਦੁਆਰਿਆਂ ਵਿੱਚ ਦੀਵਾਨ ਸਜਾਕੇ ਲੋਕਾਂ ਨੂੰ ਵਿਰੋਧ ਕਰਨ ਲਈ ਤਿਆਰ ਕੀਤਾ। ਜ਼ਿੰਦਗੀ ਦਾ ਬਹੁਤਾ ਸਮਾਂ ਜੇਲ੍ਹਾਂ ਵਿੱਚ ਬੀਤਿਆ। ਜੇਲ੍ਹਾਂ ਦੀਆਂ ਅਣ ਮਨੁੱਖੀ ਹਾਲਤਾਂ ਖਿਲਾਫ਼ ਜੇਲ੍ਹ ਨੂੰ ਵੀ ਸੰਘਰਸ਼ ਦਾ ਅਖਾੜਾ ਬਣਾਉਂਦਿਆਂ ਭੁੱਖ ਹੜਤਾਲਾਂ ਕੀਤੀਆਂ। ਜੇਲ੍ਹ ਅੰਦਰ ਰਹਿੰਦਿਆਂ ਹੀ ਪਹਿਲੀ ਕਾਨਫਰੰਸ ਵਿੱਚ ਸੇਵਾ ਸਿੰਘ ਠੀਕਰੀਵਾਲਾ ਜੀ ਨੂੰ ਪਰਜਾ ਮੰਡਲ ਲਹਿਰ ਦਾ ਪ੍ਰਧਾਨ ਚੁਣ ਲਿਆ ਗਿਆ। ਚਾਰ ਵਾਰ ਪਰਜਾ ਮੰਡਲ ਲਹਿਰ ਦੇ ਪ੍ਰਧਾਨ ਬਣੇ। ਵਿਸ਼ਾਲ ਲਾਮਬੰਦੀ ਕੀਤੀ। ਜੇਲ੍ਹਾਂ ਤੋਂ ਇਲਾਵਾ ਬਹੁਤ ਵਾਰ ਜੂਹ ਬੰਦ ਕੀਤਾ ਗਿਆ। ਪਰ ਹਰ ਸਮੇਂ ਅਡੋਲ ਰਹੇ। ਇਸ ਕਰਕੇ ਖੁਦ ਕੁਰਬਾਨੀ ਦੇਕੇ ਠੀਕਰੀਵਾਲਾ ਦੀ ਧਰਤੀ ਨੂੰ ਪਵਿੱਤਰ ਬਣਾ ਗਏ। ਉਨ੍ਹਾਂ ਦੇ ਵਿਚਾਰ ਅੱਜ ਵੀ ਲੋਕ ਦਿਲਾਂ ਵਿੱਚ ਜਿੰਦਾ ਹਨ, ਲੋਕ ਲਹਿਰਾਂ ਲਈ ਪ੍ਰੇਰਨਾ ਸਰੋਤ ਹਨ।
ਆਪਣੀ ਗੱਲ ਜਾਰੀ ਰੱਖਦਿਆਂ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਰਾਜੇ ਰਜਵਾੜੇ ਅਤੇ ਸਾਮਰਾਜੀਆਂ ਦੇ ਦਲਾਲ ਭਾਰਤੀ ਹਾਕਮ ਸਾਮਰਾਜੀ ਦਿਸ਼ਾ ਨਿਰਦੇਸ਼ਤ ਲੋਕ ਵਿਰੋਧੀ ਨੀਤੀਆਂ ਵਿਸ਼ਵ ਵਪਾਰ ਸੰਸਥਾ ਰਾਹੀਂ ਲਾਗੂ ਕਰ ਰਹੇ ਹਨ। ਜਿਨ੍ਹਾਂ ਰਾਹੀਂ ਜਲ, ਜੰਗਲ, ਜ਼ਮੀਨ ਅਤੇ ਸਿਹਤ, ਸਿੱਖਿਆ, ਊਰਜਾ, ਜਹਾਜਰਾਨੀ, ਕੋਇਲਾ ਖਾਣਾਂ, ਬੈਂਕ, ਬੀਮਾ ਆਦਿ ਅਦਾਰੇ ਕੌਡੀਆਂ ਦੇ ਭਾਅ ਦੇਸੀ-ਬਦੇਸੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੇ ਹਨ। ਕਦੇ ਤਿੰਨ ਖੇਤੀ ਵਿਰੋਧੀ ਕਾਲ਼ੇ ਕਾਨੂੰਨ ਲਿਆ ਕੇ, ਹੁਣ ‘ਕੌਮੀ ਖੇਤੀਬਾੜੀ ਮੰਡੀਕਰਨ ਨੀਤੀ’ ਖਰੜਾ ਲਿਆਕੇ ਪੇਂਡੂ ਸੱਭਿਆਚਾਰ ਨੂੰ ਤਬਾਹ ਕਰ ਰਹੇ ਹਨ। ਇਨ੍ਹਾਂ ਕਿਸਾਨ-ਮਜਦੂਰ ਵਿਰੋਧੀ ਨੀਤੀਆਂ ਕਾਰਨ ਇਨ੍ਹਾਂ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। ਹਰ ਘੰਟੇ ਵਿੱਚ ਇੱਕ ਕਿਸਾਨ-ਮਜ਼ਦੂਰ ਖੁਦਕੁਸ਼ੀ ਕਰਨ ਲਈ ਸਰਾਪਿਆ ਗਿਆ ਹੈ। ਇਸੇ ਤਰਜ਼ ‘ਤੇ ਨੌਜਵਾਨ ਤਬਕਾ ਬੇਰੁਜ਼ਗਾਰੀ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ। ਔਰਤਾਂ ਖ਼ਿਲਾਫ਼ ਜ਼ਬਰ ਜ਼ੁਲਮ ਸਭ ਹੱਦਾਂ ਬੰਨੇ ਪਾਰ ਕਰ ਗਿਆ ਹੈ। ਲੁੱਟ ਦੇ ਨਾਲ-ਨਾਲ ਮੋਦੀ ਹਕੂਮਤ ਨੇ ਫ਼ਿਰਕੂ ਫਾਸ਼ੀ ਤੇਜ਼ ਕਰਦਿਆਂ ਘੱਟ ਗਿਣਤੀ ਮੁਸਲਿਮ ਭਾਈਚਾਰੇ ਅਤੇ ਲੋਕਾਂ ਦੀ ਆਵਾਜ਼ ਬਨਣ ਵਾਲੇ ਬੁੱਧੀਜੀਵੀਆਂ ਨੂੰ ਯੂਏਪੀਏ ਦੀਆਂ ਬਦਨਾਮ ਧਾਰਾਵਾਂ ਰਾਹੀਂ ਸਾਲਾਂ ਬੱਧੀ ਸਮੇਂ ਤੋਂ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ।‌ ਅਜਿਹੀ ਹਾਲਤ ਵਿੱਚ ਦਿੱਲੀ ਦੇ ਬਾਰਡਰਾਂ ‘ਤੇ ਸਾਂਝਾ ਇਤਿਹਾਸਕ ਜੇਤੂ ਕਿਸਾਨ ਘੋਲ ਸਾਡੇ ਲਈ ਰਾਹ ਦਰਸਾਵਾ ਹੈ। ਉਸ ਤੋਂ ਵੀ ਵੱਧ ਜ਼ਬਰ ਵਿਰੁੱਧ ਟਾਕਰੇ ਦੀ ਲਹਿਰ ਮਹਿਲਕਲਾਂ ਲੋਕ ਘੋਲ ਸ਼ਾਨਾਂਮੱਤੀ ਵਿਰਾਸਤ ਸਾਡੀ ਪ੍ਰੇਰਨਾ ਸਰੋਤ ਹੈ। ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜੀ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਸ਼ਾਲ ਅਧਾਰ ਵਾਲੇ ਸਾਂਝੇ ਸੰਘਰਸ਼ਾਂ ਰਾਹੀਂ ਮੂੰਹ ਤੋੜਵਾਂ ਜਵਾਬ ਦੇਈਏ ਅਤੇ ਨਵਾਂ ਲੋਕਪੱਖੀ ਪ੍ਰਬੰਧ ਸਿਰਜਣ ਲਈ ਚੱਲ ਰਹੀ ਜਮਾਤੀ ਜੱਦੋਜਹਿਦ ਦਾ ਹਿੱਸਾ ਬਣੀਏ।
ਇਸ ਸਮੇਂ ਡਾ ਰਜਿੰਦਰ ਪਾਲ, ਖੁਸਮੰਦਰ ਪਾਲ, ਸੁਖਵਿੰਦਰ ਠੀਕਰੀਵਾਲਾ, ਜਸਪਾਲ ਚੀਮਾ, ਯਾਦਵਿੰਦਰ, ਕੁਲਵੀਰ, ਕੁਲਵਿੰਦਰ, ਲਖਵਿੰਦਰ, ਜੱਸਾ ਠੀਕਰੀਵਾਲਾ, ਮੁਨੀਸ਼, ਬਲਦੇਵ ਮੰਡੇਰ, ਸੁਖਦੇਵ ਸਹਿਜੜਾ, ਸੁਸ਼ੀਲ ਕੁਮਾਰ, ਸਤਨਾਮ ਸਿੰਘ ਬਰਨਾਲਾ, ਰਾਜ ਸਿੰਘ ਹਮੀਦੀ, ਸੁਰਜੀਤ ਸਿੰਘ ਹਮੀਦੀ, ਹਰਬੰਸ ਸਿੰਘ ਹਮੀਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ/ਵਰਕਰ ਸ਼ਾਮਿਲ ਸਨ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin