ਨਵੀਂ ਦਿੱਲੀ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੋਵਾਂ ਦੇਸ਼ਾਂ ਦਰਮਿਆਨ ਉਦੇਸ਼ ਭਰਪੂਰ ਸਬੰਧ ਦੀ ਇੱਛਾ ਪ੍ਰਗਟਾਈ, ਪਰ ਉਹ ਕਸ਼ਮੀਰ ਰਾਗ ਅਲਾਪਣ ਤੋਂ ਵੀ ਬਾਜ਼ ਨਹੀਂ ਆਏ।
11 ਅਪ੍ਰੈਲ ਨੂੰ ਸ਼ਾਹਬਾਜ਼ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਪੀਐੱਮ ਮੋਦੀ ਨੇ ਪੱਤਰ ਰਾਹੀਂ ਵਧਾਈ ਦਿੱਤੀ ਸੀ। ਉਨ੍ਹਾਂ ਇਕ ਟਵੀਟ ‘ਚ ਕਿਹਾ ਸੀ ਕਿ ਭਾਰਤ ਖੇਤਰ ‘ਚ ਸ਼ਾਂਤੀ ਤੇ ਸਥਿਰਤਾ ਦੇ ਨਾਲ-ਨਾਲ ਅੱਤਵਾਦ ਤੋਂ ਮੁਕਤੀ ਚਾਹੁੰਦਾ ਹੈ, ਤਾਂਕਿ ਦੋਵਾਂ ਦੇਸ਼ਾਂ ਦਾ ਵਿਕਾਸ ਹੋ ਸਕੇ। ਸਰਕਾਰੀ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਸ਼ਾਹਬਾਜ਼ ਨੇ ਸ਼ਨਿਚਰਵਾਰ ਨੂੰ ਪੀਐੱਮ ਮੋਦੀ ਨੂੰ ਲਿਖੇ ਜਵਾਬੀ ਪੱਤਰ ‘ਚ ਕਿਹਾ, ‘ਸ਼ੁੱਭਕਾਮਨਾਵਾਂ ਲਈ ਸ਼ੁਕਰੀਆ ਪ੍ਰਧਾਨ ਮੰਤਰੀ ਮੋਦੀ। ਪਾਕਿਸਤਾਨ, ਭਾਰਤ ਨਾਲ ਸ਼ਾਂਤਮਈ ਤੇ ਸਹਿਯੋਗੀ ਸਬੰਧ ਚਾਹੁੰਦਾ ਹੈ। ਜੰਮੂ-ਕਸ਼ਮੀਰ ਸਮੇਤ ਹੋਰ ਵਿਵਾਦਾਂ ਦਾ ਸ਼ਾਂਤਮਈ ਹੱਲ ਜ਼ਰੂਰੀ ਹੈ। ਪਾਕਿਸਤਾਨ ਨੇ ਅੱਤਵਾਦ ਨਾਲ ਲੜਦੇ ਹੋਏ ਕਾਫ਼ੀ ਕੁਝ ਗੁਆਇਆ ਹੈ। ਆਓ, ਅਸੀਂ ਆਪਣੇ ਲੋਕਾਂ ਦੇ ਸਮਾਜਿਕ-ਆਰਥਿਕ ਵਿਕਾਸ ‘ਤੇ ਧਿਆਨ ਕੇਂਦਰਿਤ ਕਰੀਏ।’
ਭਾਰਤ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਨਾਲ ਸਾਧਾਰਨ ਗੁਆਂਢੀ ਦਾ ਸਬੰਧ ਰੱਖਦਾ ਚਾਹੁੰਦਾ ਹੈ, ਪਰ ਇਸਦੇ ਲਈ ਇਸਲਾਮਾਬਾਦ ਨੂੰ ਅੱਤਵਾਦ ਤੇ ਦੁਸ਼ਮਣੀ ਤੋਂ ਮੁਕਤ ਮਾਹੌਲ ਬਣਾਉਣਾ ਪਵੇਗਾ। ਫਰਵਰੀ 2019 ‘ਚ ਪੁਲਵਾਮਾ ਅੱਤਵਾਦੀ ਹਮਲੇ ਤੇ ਉਸ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ ਨੂੰ ਏਅਰ ਸਟ੍ਰਾਈਕ ‘ਚ ਨਸ਼ਟ ਕੀਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ‘ਚ ਤਲਖ਼ੀ ਵਧ ਗਈ ਹੈ।