Punjab

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵਿਵਾਦ ਦੇ ਹੱਲ ਲਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 28 ਨੂੰ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ। (ਫੋਟੋ: ਏ ਐਨ ਆਈ) (ਫੋਟੋ: ਏ ਐਨ ਆਈ)

ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਚੱਲ ਰਹੇ ਵਿਵਾਦ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 28 ਜਨਵਰੀ ਨੂੰ ਸੱਦ ਲਈ ਹੈ। ਇਹ ਮੀਟਿੰਗ 28 ਜਨਵਰੀ ਮੰਗਲਵਾਰ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਵਿਖੇ ਹੋਵੇਗੀ।

ਜਥੇਦਾਰ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਨੇ ਇਸ ਸਬੰਧੀ ਇੱਕ ਬਿਆਨ ਵਿੱਚ ਕਿਹਾ ਕਿ ਇਸ ਮੀਟਿੰਗ ਵਿੱਚ ਅਹਿਮ ਪੰਥਕ ਮਸਲਿਆਂ ਨੂੰ ਵਿਚਾਰਿਆ ਜਾਵੇਗਾ। ਇਸ ਤਰ੍ਹਾਂ ਭਾਵੇਂ ਮੀਟਿੰਗ ਦੇ ਏਜੰਡੇ ਬਾਰੇ ਖੁਲਾਸਾ ਨਹੀਂ ਕੀਤਾ ਗਿਆ, ਪਰ ਚਰਚਾ ਹੈ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਵਿਵਾਦ ਇੱਕ ਵੱਡਾ ਮੁੱਦਾ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨਾਰਾਜ਼ ਧਿਰ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਆਗੂ ਕਈ ਵਾਰ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲ ਚੁੱਕੇ ਹਨ ਅਤੇ ਪੱਤਰ ਵੀ ਦੇ ਚੁੱਕੇ ਹਨ। ਉਨ੍ਹਾਂ ਦੀ ਮੰਗ ਹੈ ਕਿ ਦੋ ਦਸੰਬਰ ਦੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਫੈਸਲਿਆਂ ਨੂੰ ਮੁਕੰਮਲ ਤੌਰ ’ਤੇ ਲਾਗੂ ਕੀਤਾ ਜਾਵੇ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਨਿਗਰਾਨੀ ਸਬੰਧੀ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਫ਼ੈਸਲੇ ਨੂੰ ਅਣਦੇਖਿਆ ਕਰ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਭਰਤੀ ਮੁਹਿੰਮ 20 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਮਾਮਲੇ ਨੂੰ ਲੈ ਕੇ ਨਰਾਜ਼ ਧੜੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਇੱਕ ਵਫਦ ਵੀ ਬੀਤੇ ਕੱਲ੍ਹ ਜਥੇਦਾਰ ਨੂੰ ਮਿਲਣ ਵਾਸਤੇ ਆਇਆ ਸੀ ਅਤੇ ਇੱਕ ਪੱਤਰ ਸੌਂਪ ਕੇ ਗਿਆ ਹੈ। ਇਸ ਪੱਤਰ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਉਤੇ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਅਣਦੇਖਿਆ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਤੋਂ ਇਲਾਵਾ ਕੁਝ ਹੋਰ ਵੀ ਗੰਭੀਰ ਦੋਸ਼ ਲਾਏ ਗਏ ਹਨ ਅਤੇ ਇਸ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਖਿਲਾਫ ਕਾਰਵਾਈ ਦੀ ਅਪੀਲ ਕੀਤੀ ਗਈ ਹੈ। ਬੀਤੇ ਦਿਨ ਸਿੱਖ ਜਥੇਬੰਦੀਆਂ ਪੰਥਕ ਅਸੈਂਬਲੀ ਅਤੇ ਪੰਥਕ ਤਾਲਮੇਲ ਸੰਗਠਨ ਨੇ ਵੀ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਅਕਾਲ ਤਖ਼ਤ ਦੇ ਹੁਕਮਨਾਮੇ ਤੇ ਅਮਲ ਸਬੰਧੀ ਰਿਪੋਰਟ ਨੂੰ ਸਿੱਖ ਸੰਗਤ ਵਿੱਚ ਜਨਤਕ ਕੀਤਾ ਜਾਵੇ।

ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫ਼ਦ ਨੇ ਵੀਰਵਾਰ ਨੂੰ ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ਼ ਕਮਿਸ਼ਨਰ ਨੂੰ ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਆਮ ਲੋਕਾਂ ਦੀਆਂ ‘ਬੋਗਸ ਵੋਟਾਂ’ ਦਰਜ ਕਰਨ ਦੇ ਦੋਸ਼ ਲਾਏ ਹਨ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਸਮੇਤ ਵਫ਼ਦ ਨੇ ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ਼ ਕਮਿਸ਼ਨਰ ਜਸਟਿਸ (ਸੇਵਾਮੁਕਤ) ਸੁਰਿੰਦਰ ਸਿੰਘ ਸਾਰੋਂ ਨਾਲ ਮੁਲਾਕਾਤ ਕੀਤੀ ਹੈ। ਚੀਮਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੱਡੇ ਪੱਧਰ ’ਤੇ ਜਾਅਲੀ ਵੋਟਾਂ ਦੀ ਰਜਿਸਟ੍ਰੇਸ਼ਨ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਜ਼ਾਰਾਂ ਜਾਅਲੀ ਵੋਟਾਂ ਦਰਜ ਕੀਤੀਆਂ ਗਈਆਂ ਹਨ। ਚੀਮਾ ਨੇ ਕਿਹਾ ਕਿ ਵੋਟਰ ਸੂਚੀਆਂ ਵਿੱਚ ‘ਸਿੰਘ’ ਅਤੇ ‘ਕੌਰ’ ਪਿਛੇਤਰ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਵੋਟਾਂ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ, “ਅਸੀਂ ਵੋਟਰ ਸੂਚੀਆਂ ਮੁਹੱਈਆ ਕਰਵਾਈਆਂ ਹਨ, ਜਿੱਥੇ ਨਾਵਾਂ ਤੋਂ ਬਾਅਦ ‘ਸਿੰਘ’ ਅਤੇ ‘ਕੌਰ’ ਗਾਇਬ ਸਨ।” ਚੀਮਾ ਨੇ ਕਿਹਾ ਕਿ ਅਸਲ ਵੋਟਾਂ ਦੀਆਂ ਸੂਚੀਆਂ ਵੀ ਗਾਇਬ ਹੋਣ ਦੀ ਵੀ ਸ਼ਿਕਾਇਤ ਮਿਲੀ ਹੈ। ਇਸ ਮੌਕੇ ਵਫ਼ਦ ਨੇ ਵੋਟਰ ਸੂਚੀਆਂ ਦੀ ਡੂੰਘਾਈ ਨਾਲ ਪੜਤਾਲ ਕਰਨ ਦੀ ਮੰਗ ਕੀਤੀ ਹੈ।

Related posts

ਸਿੱਖ ਚਿੰਨ੍ਹਾਂ ‘ਤੇ ਸਪੱਸ਼ਟ ਦਿਸ਼ਾ-ਨਿਰਦੇਸ਼ ਲਾਗੂ ਕਰਾਉਣ ਲਈ ਜਨਹਿੱਤ ਪਟੀਸ਼ਨ ਦਾਇਰ !

admin

ਹਾਈਕੋਰਟ ਵਲੋਂ ਲੈਂਡ ਪੂਲਿੰਗ ਪਾਲਿਸੀ ‘ਤੇ 4 ਹਫ਼ਤੇ ਦੀ ਰੋਕ, ਅਗਲੀ ਸੁਣਵਾਈ 10 ਸਤੰਬਰ ਨੂੰ !

admin

ਪੰਜਾਬ ਦੇ ਇੰਡਸਟਰੀ ਮੰਤਰੀ ਸੰਜੀਵ ਅਰੋੜਾ ਦੀ ਚੋਣ ਨੂੰ ਚੁਣੌਤੀ !

admin