ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ 34 ਵਿਦਿਆਰਥੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ‘ਧਰਮ ਪ੍ਰਚਾਰ ਕਮੇਟੀ’ ਵੱਲੋਂ ਹਰ ਸਾਲ ਵਿਦਿਆਰਥੀਆਂ ਦੀ ਲਈ ਜਾਂਦੀ ਧਾਰਮਿਕ ਵਜ਼ੀਫਾ ਪ੍ਰੀਖਿਆ ’ਚੋਂ ਇਸ ਸਾਲ ਜੋ ਇਮਤਿਹਾਨ ਲਏ ਗਏ ਸਨ ਉਸ ’ਚ 1 ਲੱਖ 8 ਹਜ਼ਾਰ ਰੁਪਏ ਦੇ ਵਜੀਫੇ ਪ੍ਰਾਪਤ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੇ 5 ਵਿਦਿਆਰਥੀਆਂ ਨੇ ਮੈਰਿਟ ਦਾ ਦਰਜਾ ਅਤੇ 3 ਵਿਦਿਆਰਥੀਆਂ ਬੀ. ਏ. ਭਾਗ ਤੀਜਾ ਦੇ ਜਗਮੀਤ ਸਿੰਘ, ਬੀ. ਏ. ਭਾਗ ਦੂਜਾ ਦੀ ਮਨਜੀਤ ਕੌਰ ਨੇ ਪੂਰੇ ਭਾਰਤ ’ਚੋਂ ਪਹਿਲਾ ਅਤੇ ਬੀ. ਏ. ਭਾਗ ਤੀਜਾ ਦੇ ਹਰਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਕਤ ਸ਼ਾਨਦਾਰ ਪ੍ਰਾਪਤੀ ਲਈ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਲਜ ਲਈ ਵੱਡੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ’ਚ ਧਾਰਮਿਕ ਰੁਚੀ ਪੈਦਾ ਕਰਨ ਲਈ ਸਮੁੱਚੀਆਂ ਖ਼ਾਲਸਾ ਸੰਸਥਾਵਾਂ ਦੇ ਅੰਤਰ-ਕਾਲਜ ਦਸਤਾਰ, ਗੁਰਬਾਣੀ ਕੰਠ, ਕਵੀਸ਼ਰੀ, ਵਾਰਾਂ, ਕਵਿੱਜ ਆਦਿ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਤਾਂ ਕਿ ਵਿਦਿਆਰਥੀ ਧਰਮ ਦੇ ਖੇਤਰ ’ਚ ਅਗਾਂਹ ਆ ਕੇ ਆਪਣਾ ਯੋਗਦਾਨ ਪਾਉਣ।
ਇਸ ਦੌਰਾਨ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਗਵਰਨਿੰਗ ਕੌਂਸਲ ਦੇ ਪ੍ਰਬੰਧ ਅਧੀਨ ਕਾਰਜ਼ਸ਼ੀਲ ਸਮੂਹ ਖਾਲਸਾ ਵਿੱਦਿਅਕ ਅਦਾਰਿਆਂ ’ਚ ਸਮੇਂ-ਸਮੇਂ ’ਤੇ ਧਾਰਮਿਕ ਗਤੀਵਿਧੀਆਂ ਨਾਲ ਸਬੰਧਿਤ ਕਾਰਜ ਕੀਤੇ ਜਾਂਦੇ ਹਨ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਭਾਰਤ ਭਰ ’ਚੋਂ ਪਹਿਲੇ ਅਤੇ ਤੀਜੇ ਸਥਾਨ ’ਤੇ ਆੳੇਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਦੂਸਰੇ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਜੇਤੂ ਵਿਦਿਆਰਥੀਆਂ ਤੋਂ ਪ੍ਰੇਰਣਾ ਲੈ ਕੇ ਅਜਿਹੀਆਂ ਧਾਰਮਿਕ ਗਤੀਵਿਧੀਆਂ ’ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ 63 ਵਿਦਿਆਰਥੀਆਂ ਨੇ ਵਧੀਆ ਅੰਕ ਲੈ ਕੇ ਉਕਤ ਇਮਤਿਹਾਨ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਧਾਰਮਿਕ ਸਿੱਖਿਆ ’ਚ ਪ੍ਰਪੱਕ ਕਰਨ ਵਾਲੇ ਸਿੱਖ ਇਤਿਹਾਸ ਮਾਹਿਰ ਅਤੇ ਖ਼ਾਲਸਾ ਕਾਲਜ ਸੀਨੀਆਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਸਿੱਖ ਇਤਿਹਾਸ ਖੋਜ ਕੇਂਦਰ ਦੇ ਮੁੱਖੀ ਡਾ. ਹਰਦੇਵ ਸਿੰਘ, ਡਾ. ਰਮਿੰਦਰ ਕੌਰ, ਡਾ. ਸੁਖਪਾਲ ਸਿੰਘ, ਡਾ. ਸਮਸ਼ੇਰ ਸਿੰਘ, ਡਾ. ਪਵਨਪ੍ਰੀਤ ਕੌਰ ਵੀ ਵਧਾਈ ਦੇ ਪਾਤਰ ਹਨ।