India

ਸ਼੍ਰੋਮਣੀ ਸੰਤ ਗੁਰੂ ਰਵਿਦਾਸ ਦੀ ਜੈਅੰਤੀ ਸ਼ਰਧਾਪੂਰਵਕ ਮਨਾਈ ਗਈ !

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਗੁਰੂ ਰਵਿਦਾਸ ਜਯੰਤੀ ਦੇ ਮੌਕੇ 'ਤੇ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਵਿੱਚ ਪ੍ਰਾਰਥਨਾ ਕਰਦੇ ਹੋਏ। (ਫੋਟੋ: ਏ ਐਨ ਆਈ)

ਨਵੀਂ ਦਿੱਲੀ – ਸ਼੍ਰੋਮਣੀ ਸੰਤ ਗੁਰੂ ਰਵਿਦਾਸ ਦੀ ਜੈਅੰਤੀ ਅੱਜ ਦੇਸ਼ ਭਰ ਵਿੱਚ ਸ਼ਰਧਾਪੂਰਵਕ ਮਨਾਈ ਗਈ। ਇਸ ਦੌਰਾਨ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਆਦਿ ਆਗੂਆਂ ਨੇ ਗੁਰੂ ਰਵਿਦਾਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਲੋਕਾਂ ਨੂੰ ਗੁਰੂ ਰਵਿਦਾਸ ਜੈਅੰਤੀ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੀਆਂ ਬਰਾਬਰੀ ਤੇ ਸਮਾਜਿਕ ਨਿਆਂ ਸਬੰਧੀ ਸਿੱਖਿਆਵਾਂ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ‘ਐਕਸ’ ਉੱਤੇ ਲਿਖਿਆ, ‘‘ਗੁਰੂ ਰਵਿਦਾਸ ਜੈਅੰਤੀ ਮੌਕੇ ਮੈਂ ਦੇਸ਼ ਵਾਸੀਆਂ ਨੂੰ ਆਪਣੀਆਂ ਸ਼ੁਭ ਇੱਛਾਵਾਂ ਭੇਟ ਕਰਦੀ ਹਾਂ। ਸੰਤ ਰਵਿਦਾਸ ਧਰਮ ਤੇ ਜਾਤੀ ਦੇ ਆਧਾਰ ’ਤੇ ਵਿਤਕਰੇ ਨੂੰ ਖ਼ਤਮ ਕਰਨ ਅਤੇ ਸਮਾਜ ਵਿੱਚ ਏਕਤਾ ਲਿਆਉਣ ਦੇ ਯਤਨ ਕਰਦੇ ਰਹੇ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ਉੱਤੇ ਲਿਖਿਆ ਸੇਵਾ ਭਾਵਨਾ ਨਾਲ ਭਰਪੂਰ ਗੁਰੂ ਰਵਿਦਾਸ ਦੇ ਸੁਨੇਹੇ ਹਮੇਸ਼ਾ ਕਮਜ਼ੋਰ ਤੇ ਸਹੂਲਤਾਂ ਤੋਂ ਸੱਖਣੇ ਵਰਗਾਂ ਦੀ ਭਲਾਈ ਲਈ ਇਕ ਰਾਹ ਦਸੇਰਾ ਬਣੇ ਰਹਿਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘‘ਮਹਾਨ ਸਮਾਜ ਸੁਧਾਰਕ ਸੰਤ ਸ਼੍ਰੋਮਣੀ ਰਵਿਦਾਸ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ ’ਤੇ ਸ਼ਰਧਾ ਸੁਮਨ ਭੇਟ।’’ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਨਵੀਂ ਦਿੱਲੀ ਦੇ ਕਰੋਲ ਬਾਗ ਇਲਾਕੇ ’ਚ ਗੁਰੂ ਰਵਿਦਾਸ ਧਾਮ ਵਿਖੇ ਮੱਥਾ ਟੇਕਦਿਆਂ ਕਿਹਾ, ‘‘ਮੈਂ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ ਮੌਕੇ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ।’’ ਇਸੇ ਤਰ੍ਹਾਂ ਲੋਕ ਸਭਾ ਸਪੀਕਰ ਓਮ ਬਿਰਲਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਗੁਰੂ ਰਵਿਦਾਸ ਜੈਅੰਤੀ ਦੀਆਂ ਮੁਬਾਰਕਾਂ ਦਿੱਤੀਆਂ।

Related posts

ਨਵੇਂ ਪਾਸ ਨਾਲ ਟੋਲ ਪਲਾਜ਼ਿਆਂ ‘ਤੇ ਯਾਤਰਾ ਕਰ ਸਕੋਗੇ: ਨਿਤਿਨ ਗਡਕਰੀ

admin

ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਕੈਨੇਡਾ ਫੇਰੀ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਸੁਧਰਨਗੇ !

admin

ਸਿਵਲ ਏਵੀਏਸ਼ਨ ਵਲੋਂ ਏਅਰ ਇੰਡੀਆ ਨੂੰ ਜਹਾਜ਼ਾਂ ਦੀ ਸੁਰੱਖਿਆ ‘ਤੇ ਧਿਆਨ ਦੇਣ ਦੇ ਹੁਕਮ !

admin