India

‘ਸਾਈਬਰ ਗ੍ਰਿਫ਼ਤਾਰੀਆਂ’ ਦੇ ਘੁਟਾਲੇ ਤੋਂ ਬਚਣ ਲਈ ਜਾਗਰੂਕਤਾ ਜ਼ਰੂਰੀ: ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਸਾਈਬਰ ਗ੍ਰਿਫ਼ਤਾਰੀ’ ਦੇ ਘੁਟਾਲੇ ਤੋਂ ਬਚਣ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ‘ਡਿਜੀਟਲ ਗ੍ਰਿਫ਼ਤਾਰੀਆਂ’ ਨੇ ਲਗਪਗ ਸਮਾਜ ਦੇ ਸਾਰੇ ਵਰਗਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਕਿਤੇ ਉਨ੍ਹਾਂ ਨੂੰ ਅਜਿਹੇ ਘੁਟਾਲੇ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ‘ਰੁਕਣ, ਸੋਚਣ ਤੇ ਕਾਰਵਾਈ ਕਰਨ’ ਦਾ ਮੰਤਰ ਅਪਣਾਉਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਂਚ ਏਜੰਸੀਆਂ ਇਸ ਨਾਲ ਨਜਿੱਠਣ ਲਈ ਰਾਜਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ, ਪਰ ਇਸ ਅਪਰਾਧ ਤੋਂ ਬਚਣ ਲਈ ਵਿਅਕਤੀ ਵਿਸ਼ੇਸ਼ ਦਾ ਜਾਗਰੂਕ ਹੋਣਾ ਵੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਨਮੂਨੇ ਵਜੋਂ ਇਕ ਵੀਡੀਓ ਵੀ ਚਲਾਈ, ਜਿਸ ਵਿਚ ਇਹ ਦਿਖਾਇਆ ਗਿਆ ਕਿ ਅਜਿਹੇ ਅਪਰਾਧੀ, ਜੋ ਖ਼ੁਦ ਨੂੰ ਜਾਂਚ ਏਜੰਸੀਆਂ ਦੇ ਅਧਿਕਾਰੀ ਦੱਸਦੇ ਹਨ, ਕਿਵੇਂ ਆਪਣੇ ਸੰਭਾਵੀ ਸ਼ਿਕਾਰ ਬਾਰੇ ਤਫ਼ਸੀਲ ’ਚ ਜਾਣਕਾਰੀ ਇਕੱਤਰ ਕਰਨ ਮਗਰੋਂ ਡਰ ਦਿਖਾ ਕੇ ਉਨ੍ਹਾਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਹਨ। ਸ੍ਰੀ ਮੋਦੀ ਨੇ ਕਿਹਾ, ‘‘ਡਿਜੀਟਲ ਅਰੈਸਟਸ ਦੇ ਫਰੌਡ ਤੋਂ ਸਾਵਧਾਨ ਰਹੋ। ਕੋਈ ਵੀ ਜਾਂਚ ਏਜੰਸੀ ਤਫ਼ਤੀਸ਼ ਲਈ ਤੁਹਾਨੂੰ ਫੋਨ ਜਾਂ ਵੀਡੀਓ ਕਾਲ ’ਤੇ ਸੰਪਰਕ ਨਹੀਂ ਕਰਦੀ।’’ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਉਹ 1930 ਨੰਬਰ ਡਾਇਲ ਕਰਕੇ ਨੈਸ਼ਨਲ ਸਾਈਬਰ ਹੈਲਪਲਾਈਨ ਜਾਂ ਇਸ ਦੇ ਪੋਰਟਲ ਨਾਲ ਜੁੜ ਕੇ ਮਦਦ ਲੈ ਸਕਦੇ ਹਨ ਤੇ ਅਜਿਹੇ ਅਪਰਾਧ ਬਾਰੇ ਪੁਲੀਸ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਨ। ਮੋਦੀ ਨੇ ਆਪਣੇ ਸੰਬੋਧਨ ਵਿਚ ਐਨੀਮੇਸ਼ਨ ਦੀ ਦੁਨੀਆ ਵਿਚ ਭਾਰਤੀ ਪ੍ਰਤਿਭਾ ਦੇ ਵਧਦੇ ਅਸਰ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਵਿਚ ਰਚਨਾਮਤਕ ਊਰਜਾ ਦੀ ਲਹਿਰ ਚੱਲ ਰਹੀ ਹੈ। ‘ਮੇਡ ਇਨ ਇੰਡੀਆ, ਮੇਡ ਬਾਇ ਇੰਡੀਆ’ ਐਨੀਮੇਸ਼ਨ ਦੀ ਦੁਨੀਆ ਵਿਚ ਚਮਕ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਐਨੀਮੇਸ਼ਨ ਕਿਰਦਾਰ ਜਿਵੇਂ ਛੋਟਾ ਭੀਮ ਤੇ ਮੋਟੂ ਪਤਲੂ ਬਹੁਤ ਮਕਬੂਲ ਹਨ। ਭਾਰਤੀ ਵਿਸ਼ਾ ਵਸਤੂ ਤੇ ਰਚਨਾਤਮਕਤਾ ਨੂੰ ਕੁੱਲ ਆਲਮ ਵਿਚ ਪਸੰਦ ਕੀਤਾ ਜਾ ਰਿਹਾ ਹੈ।

Related posts

ਭਾਰਤ ਦੀ ਬੈਡਮਿੰਟਨ ਓਲੰਪੀਅਨ ਪੀਵੀ ਸਿੰਧੂ ਨੇ ਕਰਵਾਇਆ ਵਿਆਹ !

admin

ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅਗਲੇ ਸੰਘਰਸ਼ ਦਾ ਐਲਾਨ !

admin

ਕੇਂਦਰ ਵੱਲੋਂ 5ਵੀਂ ਅਤੇ 8ਵੀਂ ਦੇ ਵਿਦਿਆਰਥੀਆਂ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਖ਼ਤਮ !

admin