Articles

ਸਾਖੀ ਪੰਜਾਬ ਦੀ (ਮਨੁੱਖ, ਸਾਖੀ ਅਤੇ ਪੰਜਾਬ ਦੇ ਪ੍ਰਸੰਗ ਵਿਚ)

ਲੇਖਕ: ਵਿਕਰਮਜੀਤ ਸਿੰਘ ਤਿਹਾੜਾ
ਅਸਿਸਟੈਂਟ ਪ੍ਰੋ., ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼

ਮਨੁੱਖ ਦੀ ਸਿਖਲਾਈ ਉਸ ਦੇ ਜਨਮ ਨਾਲ ਹੀ ਆਰੰਭ ਹੋ ਜਾਂਦੀ ਹੈ। ਜਿਸ ਵਿਚ ਉਹ ਆਪਣੇ ਮਾਤਾ-ਪਿਤਾ, ਪਰਿਵਾਰ ਅਤੇ ਆਲੇ ਦੁਆਲੇ ਤੋਂ ਸਿੱਖਣਾ ਆਰੰਭ ਕਰ ਦਿੰਦਾ ਹੈ। ਇਸ ਤਰ੍ਹਾਂ ਬੋਲ-ਚਾਲ ਦਾ ਹੁਨਰ, ਤਹਿਜ਼ੀਬ ਅਤੇ ਜ਼ਿੰਦਗੀ ਨੂੰ ਜੀਣ ਤੇ ਸਮਝਣ ਦੇ ਢੰਗ ਅਤੇ ਵਿਧੀਆਂ ਉਹ ਸਹਿਜ ਭਾਵੀ ਸਿੱਖਦਾ ਰਹਿੰਦਾ ਹੈ। ਇਹ ਸਿਖਲਾਈ ਹੀ ਉਸ ਦੀ ਬੁਨਿਆਦ ਬਣਦੀ ਹੈ। ਜਿਸ ਨਾਲ ਉਸ ਦੀ ਤਬੀਅਤ, ਆਚਰਨ, ਸੁਭਾਅ, ਵਿਵਹਾਰ ਅਤੇ ਆਦਤਾਂ ਸਥਾਪਿਤ ਹੁੰਦੀਆਂ ਹਨ। ਅਜਿਹੇ ਵਿਚ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਬਚਪਨ ਸਮੇਂ ਅਤੇ ਪਰਵਰਿਸ਼ ਵੱਲ ਵਿਸ਼ੇਸ਼ ਧਿਆਨ ਦਈਏ। ਇਸ ਲਈ ਮਾਤਾ-ਪਿਤਾ ਨੂੰ ਵਿਸ਼ੇਸ਼ ਸਿਖਲਾਈ ਦੀ ਲੋੜ ਹੁੰਦੀ ਹੈ। ਮਾਤਾ-ਪਿਤਾ ਦਾ ਇਹ ਮੁੱਢਲਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਬੱਚੇ ਦੀ ਪਰਵਰਿਸ਼ ਵੱਲ ਧਿਆਨ ਦਿੰਦੇ ਹੋਏ, ਉਸ ਦੇ ਬਹੁ-ਪੱਖੀ ਵਿਕਾਸ ਵੱਲ ਧਿਆਨ ਦਿੰਦੇ ਰਹਿਣ। ਇਸ ਸੰਬੰਧੀ ਬਹੁਤ ਸਾਰੀਆਂ ਵਿਧੀਆਂ ਹਨ ਜਿਵੇਂ ਬੱਚਿਆਂ ਨਾਲ ਗੱਲ-ਬਾਤ ਦੁਆਰਾ, ਉਹਨਾਂ ਨਾਲ ਸਮਾਂ ਬਿਤਾ ਕੇ, ਕੁਝ ਖੇਡ ਖੇਡਣ ਨਾਲ, ਉਹਨਾਂ ਨੂੰ ਨਾਲ ਲੈ ਕੇ ਕੁਝ ਕੰਮ-ਕਾਜ ਕਰਨ ਨਾਲ, ਘਰ ਤੋਂ ਬਾਹਰ ਕਿਸੇ ਸਮਾਜਿਕ ਸਥਾਨ ‘ਤੇ ਨਾਲ ਲੈ ਕੇ ਜਾਣਾ, ਸਮਾਜ ਦੇ ਵਿਧਾਨ ਨੂੰ ਦਿਖਾਉਣਾ ਅਤੇ ਕਥਾ-ਕਹਾਣੀਆਂ, ਇਤਿਹਾਸ ਅਤੇ ਸਾਖੀਆਂ ਸੁਣਾਉਣੀਆਂ ਆਦਿ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਵਿਧੀਆਂ ਅਤੇ ਢੰਗ ਹੋ ਸਕਦੇ ਹਨ। ਇਹਨਾਂ ਵਿੱਚ ਸਾਖੀ ਪਰੰਪਰਾ ਦਾ ਮਨੁੱਖੀ ਸੱਭਿਅਤਾ ਅਤੇ ਵਿਕਾਸ ਵਿਚ ਅਹਿਮ ਸਥਾਨ ਹੈ।
ਸਾਖੀ ਪਰੰਪਰਾ ਦੁਨੀਆਂ ਦੇ ਹਰ ਖਿੱਤੇ, ਸੱਭਿਆਚਾਰ ਅਤੇ ਲੋਕ ਸਮੂਹ ਦਾ ਅਹਿਮ ਅੰਗ ਰਹੀ ਹੈ। ਜਿਸ ਨੇ ਦੁਨੀਆਂ ਦੇ ਇਤਿਹਾਸ, ਧਰਮ, ਸੱਭਿਆਚਾਰ ਅਤੇ ਕੀਮਤਾਂ ਆਦਿ ਨੂੰ ਆਪਣੇ ਵਿਚ ਸਮੋਈ ਰੱਖਿਆ ਅਤੇ ਇਕ ਪੀੜੀ ਤੋਂ ਦੂਜੀ ਪੀੜੀ ਤੱਕ ਪਹੁੰਚਾਇਆ। ਮਨੁੱਖ ਦੀ ਅਗਲੀ ਪੀੜੀ ਸਾਖੀਆਂ ਤੋਂ ਬਹੁਤ ਕੁਝ ਗ੍ਰਹਿਣ ਕਰਦੀ ਹੈ। ਕੁਦਰਤੀ ਵਰਤਾਰਿਆਂ ਬਾਰੇ ਜਾਣਨ ਦੀ ਭਾਵਨਾ ਵਿਚੋਂ ਵੀ ਕਹਾਣੀਆਂ ਸਿਰਜੀਆਂ ਗਈਆਂ। ਇਹਨਾਂ ਕਹਾਣੀਆਂ ਰਾਹੀਂ ਬਹੁਤ ਕੁਝ ਸਹਿਜੇ ਹੀ ਕਹਿ ਲਿਆ ਜਾਂਦਾ। ਅਫਰੀਕਾ ਦੇ ਪ੍ਰਾਚੀਨ ਕਬੀਲਿਆਂ ਵਿਚ ਇਹ ਪਰੰਪਰਾ ਰਹੀ ਹੈ ਕਿ ਬੱਚਿਆਂ ਦੀ ਸਿਖਲਾਈ ਸਾਖੀ ਪਰੰਪਰਾ ਦੁਆਰਾ ਕੀਤੀ ਜਾਂਦੀ। ਇਹਨਾਂ ਸਾਖੀਆਂ ਤੋਂ ਹੀ ਬੱਚੇ ਆਪਣੇ ਧਰਮ, ਸੱਭਿਆਚਾਰ, ਭਾਸ਼ਾ ਅਤੇ ਸਮਾਜਿਕ ਵਿਧਾਨ ਬਾਰੇ ਜਾਣਦੇ। ਜਦ ਉਹ ਆਪਣੇ ਪੁਰਖਿਆਂ ਦੀਆਂ ਸਾਖੀਆਂ ਸੁਣਦੇ ਤਾਂ ਇਹ ਸਾਖੀਆਂ ਉਹਨਾਂ ਨੂੰ ਬਹਾਦਰ ਬਣਾ ਦਿੰਦੀਆਂ। ਉਹਨਾਂ ਨੂੰ ਜ਼ਿੰਦਗੀ ਵਿੱਚ ਜੂਝਨ ਅਤੇ ਸੰਘਰਸ਼ ਕਰਨ ਦਾ ਹੁਨਰ ਦਿੰਦੀਆਂ।
ਕਥਾ-ਕਹਾਣੀਆਂ ਅਤੇ ਸਾਖੀ ਦਾ ਸਰੋਤ ਇਤਿਹਾਸ, ਮਿਿਥਹਾਸ ਜਾਂ ਗਲਪ ਜੋ ਕੁਝ ਵੀ ਹੋ ਸਕਦਾ ਹੈ। ਲੋਕ ਕਥਾਵਾਂ ਅਤੇ ਗਪਲ ਕਲਪਨਾ ਨੂੰ ਸਿਖਰ ‘ਤੇ ਲੈ ਜਾਂਦੀਆਂ ਅਤੇ ਇਤਿਹਾਸ ਜ਼ਮੀਨੀ ਹਕੀਕਤ ਅਤੇ ਵਰਤਾਰਿਆਂ ਦੀ ਸੱਚਾਈ ਸਹਿਜੇ ਹੀ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਸਾਖੀ ਪਰੰਪਰਾ ਦਾ ਅਹਿਮ ਭੂਮਿਕਾ ਹੁੰਦੀ ਹੈ। ਪੰਜਾਬ ਦੇ ਸੱਭਿਆਚਾਰ ਵਿੱਚ ਸਾਖੀ ਪਰੰਪਰਾ ਦਾ ਮੱਹਤਵਪੂਰਨ ਰੋਲ ਰਿਹਾ ਹੈ। ਮਾਂ ਤੋਂ ਕਹਾਣੀਆਂ ਸੁਣਨ ਦਾ ਚਾਅ, ਦਾਦੀ-ਦਾਦੇ ਤੋਂ ਇਤਿਹਾਸ ਦੀਆਂ ਸਾਖੀਆਂ ਸੁਣਨ ਦਾ ਉਤਸ਼ਾਹ ਹੀ ਪੰਜਾਬ ਦੀ ਨਵੀਂ ਪੀੜੀ ਨੂੰ ਜ਼ਰਖੇਜ਼, ਬਹਾਦਰ ਅਤੇ ਸੱਭਿਅਕ ਬਣਾਉਂਦਾ ਰਿਹਾ ਹੈ। ਹਰ ਪੰਜਾਬੀ ਇਸ ਨਾਲ ਬਚਪਨ ਵਿਚ ਕਦਰਾਂ-ਕੀਮਤਾਂ ਨੂੰ ਧਾਰਨ ਕਰ ਜਾਂਦਾ ਹੈ। ਅਬਦਾਲੀ ਦੀ ਕਥਾ ਸੁਣ ਬਚਪਨ ਵਿੱਚ ਹੀ ਹਰ ਪੰਜਾਬੀ ਦਾ ਅੰਦਰ ਤਿਆਰ ਹੋ ਜਾਂਦਾ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਹੀ ਮੁਹਿੰਮਾਂ ਹੁੰਦੀਆਂ ਨੇ। ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ, ਖ਼ਾਲਸਿਆਂ ਦੇ ਜੂਝਾਰੂ ਕਾਰਨਾਮੇ, ਸਾਹਿਬਜਾਂਦਿਆਂ ਦੇ ਸਾਕੇ ਅਤੇ ਖ਼ਾਲਸਾ ਰਾਜ ਦੇ ਹਾਲ ਨੂੰ ਸੁਣ ਕੇ ਹਰ ਪੰਜਾਬੀ ਪ੍ਰਭੂਸੱਤਾ, ਜੀਵਨ-ਦਰਸ਼ਨ ਦੇ ਅਮਲਾਂ ਅਤੇ ਵਰਤਾਰਿਆਂ ਨੂੰ ਸਹਿਜੇ ਹੀ ਸਮਝ ਜਾਂਦਾ ਹੈ। ਇਸ ਦੇ ਨਾਲ ਹੀ ਗੁਰਾਂ ਦਾ ਪੰਜਾਬ ਮੌਲਦਾ ਰਹਿੰਦਾ ਹੈ। ਅਨੇਕਾਂ ਝਖੜਾਂ ਦੇ ਝੁਲਣ ਅਤੇ ਹਨੇ੍ਹਰੀਆਂ ਦੇ ਵਗਣ ਦੇ ਬਾਵਜੂਦ ਵੀ ਪੰਜਾਬ ਦੀ ਜੋਤਿ ਜਮਗਾਉਂਦੀ ਰਹੀ ਹੈ। ਪੰਜਾਬੀਆਂ ਦੇ ਦਿਲ ਦਰਿਆ ਬਣੇ ਰਹੇ। ਸਰਬੱਤ ਦੇ ਭਲੇ ਦਾ ਅਵਾਜ਼ਾਂ ਹਰ ਰੂਹ ਵਿਚੋਂ ਆਉਂਦਾ ਰਿਹਾ। ਇਹ ਕਰਾਮਾਤ ਸਾਖੀਆਂ ਦੀ ਹੀ ਸੀ। ਜਿੰਨ੍ਹਾਂ ਨੂੰ ਬਚਪਨ ‘ਚ ਸੁਣਿਆ ਸੀ ਅਤੇ ਬਾਅਦ ਵਿਚ ਜ਼ਿੰਦਗੀ ਵਿਚੋਂ ਬੋਲਦੀਆਂ ਰਹੀਆਂ। ਕਿਰਦਾਰ, ਵਿਵਹਾਰ ਅਤੇ ਪੰਜਾਬੀ ਸੱਭਿਆਚਾਰ ਵਿਚੋਂ ਸਾਖੀਆਂ ਹੀ ਬੋਲਦੀਆਂ ਹਨ।
ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਾਖੀ ਪਰੰਪਰਾ ਦੀ ਮਹਾਨਤਾ ਕੀ ਹੈ। ਇਸ ਲਈ ਮਾਪਿਆਂ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਇਸ ਪੱਖ ਵੱਲ ਵਿਸ਼ੇਸ਼ ਧਿਆਨ ਦੇਣ। ਅਜੋਕੇ ਯੁੱਗ ਦਾ ਦੁਖਾਂਤ ਇਹੀ ਹੈ ਕਿ ਕਿਹਾ ਤਾਂ ਇਹ ਜਾਂਦਾ ਹੈ ਕਿ ਵਿਸ਼ਵੀਕਰਨ ਨਾਲ ਦੁਨੀਆਂ ਸੁੰਗੜ ਕੇ ਛੋਟੀ ਹੋ ਗਈ ਹੈ ਪਰ ਮਨੁੱਖੀ ਦੂਰੀਆਂ ਹੋਰ ਵੱਧ ਗਈਆਂ ਹਨ। ਅਜੋਕੇ ਵਰਤਾਰਿਆਂ ਵਿਚ ਅਸੀਂ ਇਹਨਾਂ ਉਲਝ ਚੁੱਕੇ ਹਾਂ ਕਿ ਸਾਡੇ ਕੋਲ ਆਪਣੇ ਅਤੇ ਆਪਣੇ ਬੱਚਿਆਂ ਲਈ ਸਮਾਂ ਨਹੀਂ ਹੈ। ਸਾਡੇ ਜ਼ਿਹਨ ਵਿਚ ਸਾਖੀਆਂ ਦੀ ਥਾਂ ਚਿੰਤਾ, ਡਰ ਅਤੇ ਸਹਿਮ ਨੇ ਲੈ ਲਈ ਹੈ। ਹਰ ਆਉਣ ਵਾਲੇ ਕੱਲ੍ਹ ਲਈ ਅਸੀਂ ਡਰ ਨਾਲ ਭਰੇ ਹੋਏ ਹਾਂ। ਅਜਿਹੇ ਵਿਚ ਅਸੀਂ ਏਨਾ ਉਲਝੇ ਪਏ ਹਾਂ ਕਿ ਅਸੀਂ ਆਪਣੇ ਬੱਚਿਆਂ ਲਈ ਸਮਾਂ ਨਹੀਂ ਕੱਢ ਪਾਉਂਦੇ। ਜੇ ਘੜੀ ਪਲ ਬੈਠਣ ਦਾ ਸਮਾਂ ਮਿਲਦਾ ਵੀ ਹੈ ਤਾਂ ਸਾਡੇ ਕੋਲ ਕਹਿਣ ਲਈ ਕੁਝ ਨਹੀਂ। ਫਿਰ ਟੀ.ਵੀ. ਜਾਂ ਮੋਬਾਇਲ ਸਾਡਾ ਸਹਾਰਾ ਬਣ ਜਾਂਦਾ ਹੈ। ਬੱਚਿਆਂ ਨੂੰ ਮੋਬਾਇਲ ਜਾਂ ਟੀ.ਵੀ. ‘ਤੇ ਕੁਝ ਦਿਖਾ ਕੇ ਜਾਂ ਬਣਾਵਟੀ ਖੇਡਾਂ ਖਿਡਾ ਕੇ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਬਹੁਤ ਵੱਡੀਆਂ ਸਮੱਸਿਆ ਹੈ। ਅਸੀਂ ਮਸ਼ੀਨਾਂ ਦਾ ਨਿਰਮਾਣ ਕਰ ਰਹੇ ਹਾਂ। ਜਿੰਨ੍ਹਾਂ ਨੇ ਵੱਡੀ ਮਸ਼ੀਨਰੀ ਵਿੱਚ ਫਿਟ ਹੋ ਕੇ ਬਸ ਜਿੰਦਗੀ ਕੱਟਣੀ ਹੈ ਜਾਂ ਕਹਿ ਲਉ ਜੂਨ ਭੋਗਣੀ ਹੈ। ਜ਼ਿੰਦਗੀ ਦੇ ਅਰਥ ਉਹਨਾਂ ਨੂੰ ਸੁੱਖ-ਸਹੂਲਤ ਨੂੰ ਹਾਸਿਲ ਕਰਨਾ ਤੱਕ ਹੀ ਉਹ ਸਮਝ ਆਉਂਦੇ ਹਨ। ਇਸੇ ਲਈ ਹੀ ਰਿਸ਼ਤੇ-ਨਾਤਿਆਂ, ਪਿਆਰ-ਮੁਹੱਬਤ ਅਤੇ ਭਰੋਸ਼ੇ-ਵਿਸ਼ਵਾਸ਼ ਦੇ ਅਰਥ ਗੁਆਚ ਜਾਂਦੇ ਹਨ। ਫਿਰ ਅਸੀਂ ਪੁਰਾਣੇ ਸੱਭਿਆਚਾਰ ਦੀ ਪੱਵਿਤਰਤਾ ਅਤੇ ਨਿਰੋਲਤਾ ਦੀਆਂ ਗੱਲਾਂ ਕਰਨ ਜੋਗੇ ਹੀ ਰਹਿ ਜਾਂਦੇ ਹਾਂ। ਪੰਜਾਬ ਦੀ ਹਕੀਕਤ ਅਤੇ ਤਬੀਬਤ ਸਿਰਫ ਬਾਤਾਂ ਵਿਚ ਹੀ ਰਹਿ ਜਾਂਦੀ ਹੈ। ਇਸ ਦਾ ਇਕੋ ਇਕ ਕਾਰਨ ਹੈ ਕਿ ਪੰਜਾਬ ਦੀਆਂ ਗੱਲਾਂ ਨਹੀਂ ਕਰ ਨਾ ਸਕੇ। ਸਾਡੇ ਕੋਲ ਪੰਜਾਬ ਦੀ ਸਾਖੀ ਛੇੜਨ ਜੋਗਾ ਸਮਾਂ ਨਹੀਂ ਸੀ। ਅਸੀਂ ਪੰਜਾਬ ਨੂੰ ਮਨੋ ਵਿਸਾਰ ਦਿੱਤਾ। ਇਸੇ ਲਈ ਅਸੀਂ ਛੇਕੇ ਗਏ। ਅਸੀਂ ਖਾਲੀ ਅਤੇ ਸਹਿਮ ਭਰੀ ਜ਼ਿੰਦਗੀ ਜਿਉਂ ਰਹੇ ਹਾਂ।
ਸਾਨੂੰ ਆਪਣੇ ਆਪ ਨੁੰ ਬਦਲਣ ਦੀ ਲੋੜ ਹੈ। ਲੋੜ ਹੈ ਕਿ ਪੰਜਾਬ ਦੀਆਂ ਬਾਤਾਂ ਪਾਈਆਂ ਜਾਣ। ਹਰ ਘਰ ਵਿੱਚ ਗੁਰੂ ਕੀਆਂ ਸਾਖੀਆਂ ਦੀ ਆਵਾਜ਼ ਆਏ। ਸਾਡੇ ਅਗਲੀ ਪੀੜ੍ਹੀ ਪੰਜਾਬੀਅਤ ਦੇ ਕਿਰਦਾਰ ਤੋਂ ਜਾਣੂ ਹੋਵੇ। ਅਸੀਂ ਗੱਲਾਂ ਕਰੀਏ… ਗੱਲਾਂ ਵਿੱਚ ਸਾਡੇ ਪੁਰਖੇ ਹਾਜ਼ਰ ਹੋਣ। ਉਹਨਾਂ ਦੀ ਅਗਵਾਈ ਵਿਚ ਹੀ ਅਸੀਂ ਪੰਜਾਬ ਦੀ ਮਹਾਨ ਸੱਭਿਅਤਾ ਤੋਂ ਜਾਣੂ ਹੋ ਸਕਦੇ ਹਾਂ। ਉਹਨਾਂ ਦੀ ਗੱਲਾਂ ਕਰਦੇ ਹੋਏ, ਸਾਨੂੰ ਪੰਜਾਬੀਅਤ ਦਾ ਨੂਰਾਨੀ ਨੂਰ ਹਾਸਿਲ ਹੋਵੇਗਾ। ਸਾਡੇ ਮੁਰਝਾਏ ਹੋਏ ਚਿਹਰੇ ਫਿਰ ਤੋਂ ਰੋਸ਼ਨ ਹੋ ਜਾਣਗੇ। ਸਾਡੀਆਂ ਅਗਲੀਆਂ ਪੀੜ੍ਹੀਆਂ ਫਿਰ ਇਤਿਹਾਸ ਸਿਰਜਕ ਹੋ ਨਿਬੜਗੀਆਂ।
ਪੰਜਾਬ ਦੀ ਮਹਿਕ ਪੂਰੇ ਵਿਸ਼ਵ ਨੂੰ ਸੁਗੰਧਤ ਕਰ ਦੇਵੇਗੀ। ਇਹ ਗੁਰਾਂ ਦੇ ਪੰਜਾਬ ਦੀ ਵਡਿਆਈ ਹੈ। ਇਹ ਹੀ ਪ੍ਰੋ. ਪੂਰਨ ਸਿੰਘ ਦਾ ਪੰਜਾਬ ਹੋਵੇਗਾ। ਜਿਸ ਵਿਚ ਆਤਮ ਹੱਤਿਆ, ਧੋਖੇ ਅਤੇ ਵਿਸ਼ਵਾਸ਼ਘਾਤ ਲਈ ਕੋਈ ਥਾਂ ਨਹੀਂ ਹੋਵੇਗੀ। ਉਸ ਪੰਜਾਬ ਦੇ ਪਾਂਧੀ ਬਣੀਏ…ਕੋਈ ਇੰਤਜ਼ਾਰ ਕਰਨ ਦੀ ਲੋੜ ਨਹੀਂੰ ਕਿ ਕੋਈ ਨਾਇਕ ਆਵੇਗਾ ਤੇ ਫਿਰ ਤੁਰਾਂਗੇ। ਆਪਣਾ ਸਫਰ ਆਰੰਭ ਕਰੀਏ… ਸਾਡੇ ਪੁਰਖੇ ਸਾਡੇ ਅਗਵਾਈ ਕਰਨਗੇ…ਉਹ ਸਾਡੇ ਹਰ ਕਦਮ ਦੇ ਨਾਲ ਹਨ…ਉਹਨਾਂ ਦੀ ਸਾਖੀ ਕਹਿੰਦੇ-ਸੁਣਦੇ ਹੋਏ ਚੱਲਦੇ ਚੱਲੀਏ….।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin