ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਨਾਲ ਗੰਭੀਰ ਰੂਪ ‘ਚ ਜੂਝ ਰਹੇ ਦੋ ਸੂਬਿਆਂ ਕੇਰਲ ਤੇ ਮਹਾਰਾਸ਼ਟਰ ‘ਚ ਹਾਲਾਤ ਸੁਧਰਨ ਨਾਲ ਪੂਰੇ ਦੇਸ਼ ‘ਚ ਹਾਂ-ਪੱਖੀ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਪੂਰੇ 224 ਦਿਨ ਯਾਨੀ ਸਾਢੇ ਸੱਤ ਮਹੀਨਿਆਂ ਬਾਅਦ ਦੇਸ਼ ‘ਚ 24 ਘੰਟਿਆਂ ‘ਚ ਕੋਰੋਨਾ ਇਨਫੈਕਸ਼ਨ ਦੇ ਸਭ ਤੋਂ ਘੱਟ 14313 ਨਵੇਂ ਮਾਮਲੇ ਮਿਲੇ ਹਨ। ਇਨ੍ਹਾਂ ‘ਚ ਕੇਰਲ ‘ਚ ਲਗਪਗ ਸੱਤ ਹਜ਼ਾਰ ਤੇ ਮਹਾਰਾਸ਼ਟਰ ‘ਚ ਲਗਪਗ ਦੋ ਹਜ਼ਾਰ ਮਾਮਲੇ ਸ਼ਾਮਲ ਹਨ। ਪਿਛਲੇ ਦਿਨਾਂ ਦੇ ਮੁਕਾਬਲੇ ਦੋਵਾਂ ਸੂਬਿਆਂ ‘ਚ ਨਵੇਂ ਮਾਮਲਿਆਂ ‘ਚ ਭਾਰੀ ਗਿਰਾਵਟ ਆਈ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਇ ਦਿਨ ‘ਚ 181 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ ਸਰਗਰਮ ਮਾਮਲਿਆਂ ‘ਚ 12447 ਦੀ ਗਿਰਾਵਟ ਦਰਜ ਕੀਤੀ ਗਈ। ਮੌਜੂਦਾ ਸਮੇਂ ਸਰਗਰਮ ਮਾਮਲੇ 214900 ਰਹਿ ਗਏ ਹਨ ਜੋ ਕੁੱਲ ਮਾਮਲਿਆਂ ਦਾ 0.63 ਫ਼ੀਸਦੀ ਹੈ। ਮਰੀਜ਼ਾਂ ਦੇ ਉਭਰਨ ਦੀ ਦਰ ਲਗਾਤਾਰ ਵੱਧ ਰਹੀ ਹੈ ਤੇ ਮੌਤ ਦਰ ਸਥਿਰ ਬਣੀ ਹੋਈ ਹੈ। ਰੋਜ਼ਾਨਾ ਤੇ ਹਫ਼ਤਾਵਾਰੀ ਇਨਫੈਕਸ਼ਨ ਦਰ ਵੀ ਦੋ ਫ਼ੀਸਦੀ ਤੋਂ ਹੇਠਾਂ ਬਰਕਰਾਰ ਹੈ।
